ਸੰਜੈ ਦੱਤ ਤੇ ਰਵੀਨਾ ਟੰਡਨ ਦੀ ‘ਘੁੜਚੜ੍ਹੀ’ ਦਾ ਟਰੇਲਰ ਰਿਲੀਜ਼
ਮੁੰਬਈ:
ਅਦਾਕਾਰ ਸੰਜੈ ਦੱਤ ਅਤੇ ਅਦਾਕਾਰਾ ਰਵੀਨਾ ਟੰਡਨ ਦੀ ਨਵੀਂ ਫਿਲਮ ‘ਘੁੜਚੜ੍ਹੀ’ ਦਾ ਟਰੇਲਰ ਅੱਜ ਰਿਲੀਜ਼ ਕੀਤਾ ਗਿਆ। ਫਿਲਮ ਦਾ ਨਿਰਦੇਸ਼ਨ ਬਿਨੌਏ ਕੇ ਗਾਂਧੀ ਨੇ ਕੀਤਾ। ਇਹ ਫਿਲਮ ਦੋ ਪ੍ਰੇਮ ਕਹਾਣੀਆਂ ’ਤੇ ਆਧਾਰਿਤ ਹੈ। ਇਸ ਵਿੱਚ ਖੁਸ਼ਾਲੀ ਕੁਮਾਰ, ਪਾਰਥ ਸਮਥਾਨ ਅਤੇ ਅਰੁਣਾ ਇਰਾਨੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦਾ ਟਰੇਲਰ ਹਾਸੇ ਅਤੇ ਪਿਆਰ ਨਾਲ ਭਰਪੂਰ ਹੈ। ਅੰਤ ਵਿੱਚ ਦਿੱਤਾ ਗਿਆ ਸੰਦੇਸ਼ ਬੱਚਿਆਂ ਦੇ ਮਾਪਿਆਂ ਬਾਰੇ ਵਿਚਾਰ ਬਦਲ ਦਿੰਦਾ ਹੈ। ਫਿਲਮ ਦੀ ਨਿਰਮਾਤਾ ਨਿਧੀ ਦੱਤਾ ਨੇ ਕਿਹਾ, ‘‘ਅਸੀਂ ‘ਘੁੜਚੜ੍ਹੀ’ ਦਾ ਟਰੇਲਰ ਸਾਂਝਾ ਕਰ ਕੇ ਬਹੁਤ ਉਤਸ਼ਾਹਿਤ ਹਾਂ। ਇਹ ਫਿਲਮ ਸਾਡੇ ਦਿਲਾਂ ਦੇ ਬਹੁਤ ਨੇੜੇ ਹੈ।’’ ਉਸ ਨੇ ਕਿਹਾ, ‘‘ਕਲਾਕਾਰਾਂ ਵਿਚਾਲੇ ਤਾਲਮੇਲ ਬਹੁਤ ਸ਼ਾਨਦਾਰ ਰਿਹਾ ਅਤੇ ਸਾਨੂੰ ਉਮੀਦ ਹੈ ਕਿ ਦਰਸ਼ਕ ਫਿਲਮ ਦੀ ਕਹਾਣੀ ਨੂੰ ਓਨਾ ਹੀ ਪਸੰਦ ਕਰਨਗੇ ਜਿੰਨਾ ਉਹ 90ਵਿਆਂ ਵਿੱਚ ਸੰਜੈ ਦੱਤ ਅਤੇ ਰਵੀਨਾ ਦੀ ਜੋੜੀ ਨੂੰ ਕਰਦੇ ਸੀ। ਇਹ ਫਿਲਮ ਇੱਕ ਕਮਰੇ ਵਿੱਚ ਪੂਰੇ ਪਰਿਵਾਰ ਤੇ ਸਾਰੀਆਂ ਪੀੜ੍ਹੀਆਂ ਨਾਲ ਬੈਠ ਕੇ ਦੇਖੀ ਜਾ ਸਕਦੀ ਹੈ।’’ ਫਿਲਮ 9 ਅਗਸਤ ਨੂੰ ਜੀਓ ਸਿਨੇਮਾ ਪ੍ਰੀਮੀਅਮ ’ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ