ਜਾਹਨਵੀ ਕਪੂਰ ਦੀ ਫ਼ਿਲਮ ‘ਉਲਝ’ ਦਾ ਟਰੇਲਰ ਰਿਲੀਜ਼
ਮੁੰਬਈ:
ਅਦਾਕਾਰਾ ਜਾਹਨਵੀ ਕਪੂਰ ਅਤੇ ਗੁਲਸ਼ਨ ਦੇਵੱਈਆ ਦੀ ਆਉਣ ਵਾਲੀ ਫਿਲਮ ‘ਉਲਝ’ ਦਾ ਟਰੇਲਰ ਅੱਜ ਰਿਲੀਜ਼ ਕੀਤਾ ਗਿਆ। ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਸੁਧਾਂਸ਼ੂ ਸਾਰੀਆ ਵੱਲੋਂ ਬਣਾਈ ਇਹ ਫ਼ਿਲਮ ਕੌਮਾਂਤਰੀ ਕੂਟਨੀਤੀ ਦੀਆਂ ਬਰੀਕੀਆਂ ਨੂੰ ਉਜਾਗਰ ਕਰਦੀ ਹੈ। ਟਰੇਲਰ ਵਿੱਚ ਜਾਹਨਵੀ ਨੇ ਸਭ ਤੋਂ ਛੋਟੀ ਉਮਰ ਦੀ ਡਿਪਟੀ ਹਾਈ ਕਮਿਸ਼ਨਰ ਸੁਹਾਨਾ ਭਾਟੀਆ ਦਾ ਕਿਰਦਾਰ ਨਿਭਾਇਆ ਹੈ। ਟਰੇਲਰ ਦਰਸ਼ਕਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਕਰਦਾ ਹੈ ਕਿ ਉਸ ਦੀ ਨਿਯੁਕਤੀ ਭਾਈ-ਭਤੀਜਾਵਾਦ ਵਜੋਂ ਹੋਈ ਹੈ। ਫ਼ਿਲਮ ਬਾਰੇ ਗੱਲ ਕਰਦਿਆਂ ਜਾਹਨਵੀ ਨੇ ਸਾਂਝਾ ਕੀਤਾ ਕਿ ਇਹ ਫ਼ਿਲਮ ਉਸ ਲਈ ਖਾਸ ਹੈ ਕਿਉਂਕਿ ਉਸ ਨੇ ਪਹਿਲੀ ਵਾਰ ਇੱਕ ਰਾਜਦੂਤ ਦੀ ਬਹੁਤ ਚੁਣੌਤੀਪੂਰਨ ਭੂਮਿਕਾ ਨਿਭਾਈ ਹੈ। ਫ਼ਿਲਮ ਵਿੱਚ, ਜਾਹਨਵੀ ਦਾ ਕਿਰਦਾਰ ਲੰਡਨ ਸਫ਼ਾਰਤਖ਼ਾਨੇ ਵਿੱਚ ਆਪਣੀ ਅਹਿਮ ਅਸਾਈਨਮੈਂਟ ਦੌਰਾਨ ਇੱਕ ਧੋਖੇਬਾਜ਼ ਨਿੱਜੀ ਸਾਜ਼ਿਸ਼ ਵਿੱਚ ਉਲਝਿਆ ਹੋਇਆ ਹੈ। ਫਿਲਮ ਵਿੱਚ ਰੋਸ਼ਨ ਮੈਥਿਊ, ਆਦਿਲ ਹੁਸੈਨ, ਰਾਜੇਸ਼ ਤੈਲੰਗ, ਮੇਯਾਂਗ ਚਾਂਗ, ਰਾਜਿੰਦਰ ਗੁਪਤਾ ਅਤੇ ਜਤਿੰਦਰ ਜੋਸ਼ੀ ਵੀ ਹਨ। ਨਿਰਦੇਸ਼ਕ ਸੁਧਾਂਸ਼ੂ ਸਾਰੀਆ ਨੇ ਕਿਹਾ ਕਿ ਫ਼ਿਲਮ ‘ਉਲਝ’ ਆਖਰਕਾਰ ਵਿਕਲਪਾਂ ਦੀ ਸਮੱਸਿਆ ਬਾਰੇ ਹੈ ਅਤੇ ਇਸ ਨੇ ਕੌਮਾਂਤਰੀ ਕੂਟਨੀਤੀ ਦੀਆਂ ਬਾਰੀਕੀਆਂ ਨੂੰ ਉਜਾਗਰ ਕੀਤਾ ਹੈ ਜਿਸ ਨੇ ਇਸ ਨੂੰ ਹੋਰ ਵੀ ਰੁਮਾਂਚਕ ਬਣਾ ਦਿੱਤਾ ਹੈ। ਜੰਗਲੀ ਪਿਕਚਰਜ਼ ਵੱਲੋਂ ਬਣਾਈ ਇਹ ਫ਼ਿਲਮ ‘ਉਲਝ’ ਦੋ ਅਗਸਤ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ