ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਖਾਂਤਕ ਹਾਦਸਾ

12:36 PM Jun 04, 2023 IST

ਨਿਚਰਵਾਰ ਸ਼ਾਮ ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿਚ ਤਿੰਨ ਰੇਲ ਗੱਡੀਆਂ – ਹਾਵੜਾ ਸੁਪਰਫਾਸਟ ਐਕਸਪ੍ਰੈੱਸ (ਜੋ ਬੰਗਲੂਰੂ ਤੋਂ ਹਾਵੜਾ ਜਾ ਰਹੀ ਸੀ), ਸ਼ਾਲੀਮਾਰ ਚੇਨੱਈ ਕੋਰੋਮੰਡਲ ਐਕਸਪ੍ਰੈੱਸ (ਜੋ ਸ਼ਾਲੀਮਾਰ ਕੋਲਕਾਤਾ ਤੋਂ ਚੇਨੱਈ ਜਾ ਰਹੀ ਸੀ) ਅਤੇ ਇਕ ਮਾਲ ਗੱਡੀ ਦੇ ਇਕ-ਦੂਜੇ ਨਾਲ ਟਕਰਾਉਣ ਨਾਲ ਘੱਟੋ-ਘੱਟ 288 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਸੌ ਤੋਂ ਵੱਧ ਜ਼ਖ਼ਮੀ ਹੋਏ ਹਨ। ਪਿਛਲੇ ਦੋ ਦਹਾਕਿਆਂ ਦੌਰਾਨ ਹੋਏ ਹਾਦਸਿਆਂ ‘ਚੋਂ ਇਹ ਸਭ ਤੋਂ ਭਿਆਨਕ ਹੈ। ਇਸ ਸਮੇਂ ਰੇਲ ਮੰਤਰਾਲੇ ਅਤੇ ਕੇਂਦਰ ਤੇ ਉੜੀਸਾ ਸਰਕਾਰ ਦੀਆਂ ਵੱਖ ਵੱਖ ਏਜੰਸੀਆਂ ਰਾਹਤ ਕਾਰਜਾਂ ਵਿਚ ਰੁੱਝੀਆਂ ਹੋਈਆਂ ਹਨ। ਰਾਹਤ ਤੇਜ਼ੀ ਨਾਲ ਪਹੁੰਚਾਈ ਗਈ ਅਤੇ ਸਥਾਨਕ ਲੋਕ ਜ਼ਖ਼ਮੀ ਹੋਏ ਮੁਸਾਫ਼ਰਾਂ ਦੀ ਸਹਾਇਤਾ ਲਈ ਸਾਹਮਣੇ ਆਏ। ਭਾਰਤ ਦਾ ਰੇਲ ਪ੍ਰਬੰਧ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਪ੍ਰਬੰਧ ਹੈ ਜਿਸ ‘ਤੇ ਰੋਜ਼ਾਨਾ 13000 ਤੋਂ ਵੱਧ ਰੇਲ ਗੱਡੀਆਂ ਚੱਲਦੀਆਂ ਹਨ। ਰੋਜ਼ਾਨਾ 1.6 ਕਰੋੜ ਤੋਂ ਜ਼ਿਆਦਾ ਲੋਕ ਇਨ੍ਹਾਂ ਰੇਲ ਗੱਡੀਆਂ ਵਿਚ ਸਫ਼ਰ ਕਰਦੇ ਹਨ।

Advertisement

ਭਾਰਤੀ ਰੇਲ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਹਾਦਸਾ ਜੂਨ 1981 ਵਿਚ ਬਿਹਾਰ ਵਿਚ ਹੋਇਆ ਸੀ ਜਦੋਂ ਇਕ ਰੇਲ ਗੱਡੀ ਦੇ ਦਰਿਆ ਵਿਚ ਡਿੱਗਣ ਕਾਰਨ 800 ਤੋਂ ਜ਼ਿਆਦਾ ਵਿਅਕਤੀ ਮਾਰੇ ਗਏ ਸਨ। ਇਸ ਤੋਂ ਬਾਅਦ ਵੀ ਕਈ ਵੱਡੇ ਹਾਦਸੇ ਹੋਏ ਜਿਵੇਂ ਅਗਸਤ 1995 ਵਿਚ ਫਿਰੋਜ਼ਾਬਾਦ ਨਜ਼ਦੀਕ ਦੋ ਰੇਲ ਗੱਡੀਆਂ ਦੇ ਟਕਰਾਉਣ ਨਾਲ 350 ਲੋਕਾਂ, ਅਗਸਤ 1995 ਵਿਚ ਕੋਲਕਾਤਾ ਨਜ਼ਦੀਕ ਹੋਏ ਹਾਦਸੇ ਵਿਚ 285 ਲੋਕਾਂ, ਅਕਤੂਬਰ 2005 ਵਿਚ ਆਂਧਰਾ ਪ੍ਰਦੇਸ਼ ਵਿਚ ਹਾਦਸੇ ਵਿਚ 77 ਲੋਕਾਂ ਅਤੇ ਨਵੰਬਰ 2016 ਵਿਚ ਕਾਨਪੁਰ ਨਜ਼ਦੀਕ ਰੇਲ ਗੱਡੀ ਦੇ ਪਟੜੀ ਤੋਂ ਲਹਿ ਜਾਣ ਕਾਰਨ 150 ਲੋਕਾਂ ਦੀ ਮੌਤ ਹੋਈ। 2010 ਵਿਚ ਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ਵਿਚ ਰੇਲ ਪਟੜੀਆਂ ਉਖਾੜੇ ਜਾਣ ਕਾਰਨ ਹੋਏ ਹਾਦਸੇ ਵਿਚ 140 ਲੋਕਾਂ ਦੀ ਮੌਤ ਹੋਈ ਸੀ।

ਭਾਰਤ ਦਾ ਰੇਲ ਪ੍ਰਬੰਧ ਚੁਣੌਤੀਆਂ ਭਰਿਆ ਹੈ। ਜਿੱਥੇ ਇਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਵੱਡੀ ਗਿਣਤੀ ਵਿਚ ਮੁਸਾਫ਼ਰਾਂ ਲਈ ਸੁਰੱਖਿਅਤ ਸਫ਼ਰ ਦਾ ਪ੍ਰਬੰਧ ਕਰੇ, ਉੱਥੇ ਇਸ ਤੋਂ ਇਹ ਉਮੀਦ ਵੀ ਕੀਤੀ ਜਾਂਦੀ ਹੈ ਕਿ ਇਹ ਹਰ ਸਾਲ ਨਵੀਆਂ ਤੇਜ਼ ਰਫ਼ਤਾਰ ਰੇਲ ਗੱਡੀਆਂ ਚਲਾਏ, ਗੱਡੀਆਂ ਸਮੇਂ ਸਿਰ ਚੱਲਣ ਅਤੇ ਮੁਸਾਫ਼ਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ। ਇਹ ਰੇਲ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਹੈ। ਸਭ ਤੋਂ ਵੱਡੀ ਚੁਣੌਤੀ ਸੁਰੱਖਿਆ ਦੀ ਹੈ ਕਿ ਰੇਲ ਹਾਦਸੇ ਨਾ ਹੋਣ। ਮਾਰਚ 2022 ਵਿਚ ਰੇਲ ਮੰਤਰਾਲੇ ਨੇ ਜਾਣਕਾਰੀ ਦਿੱਤੀ ਸੀ ਕਿ ਰੇਲ ਗੱਡੀਆਂ ਨੂੰ ਹਾਦਸਿਆਂ ਤੋਂ ਬਚਾਉਣ ਲਈ ‘ਕਵਚ’ ਨਾਂ ਦਾ ਸਿਸਟਮ ਲਗਾਇਆ ਜਾਵੇਗਾ; ਇਹ ਦੱਸਿਆ ਗਿਆ ਸੀ ਕਿ ਪਹਿਲਾਂ ਇਸ ਸਿਸਟਮ ਨੂੰ ਨਵੀਂ ਦਿੱਲੀ ਤੇ ਹਾਵੜਾ ਅਤੇ ਨਵੀਂ ਦਿੱਲੀ ਤੇ ਮੁੰਬਈ ਵਿਚਕਾਰ ਲਗਾਇਆ ਜਾਵੇਗਾ ਅਤੇ ਬਾਅਦ ਵਿਚ ਬਾਕੀ ਰੂਟਾਂ ‘ਤੇ; ਇਸ ਨੂੰ ਮਾਰਚ 2024 ਤਕ ਪੂਰਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਜੇ ਹਾਦਸਾਗ੍ਰਸਤ ਰੇਲ ਗੱਡੀਆਂ ਵਿਚ ਕਵਚ ਸਿਸਟਮ ਲੱਗਿਆ ਹੁੰਦਾ ਤਾਂ ਇਸ ਟਕਰਾਅ ਨੂੰ ਰੋਕਿਆ ਜਾ ਸਕਦਾ ਸੀ ਜਾਂ ਨਹੀਂ। ਹਾਦਸੇ ਮਨੁੱਖ ਨੂੰ ਇਹ ਯਾਦ ਕਰਵਾਉਂਦੇ ਹਨ ਕਿ ਵਿਗਿਆਨ, ਤਕਨਾਲੋਜੀ ਅਤੇ ਗਿਆਨ ਦੇ ਵਿਕਾਸ ਦੀਆਂ ਸੀਮਾਵਾਂ ਹਨ। ਅੱਜ ਦੇ ਯੁੱਗ ਵਿਚ ਜਿੱਥੇ ਮਨੁੱਖ ਮਸਨੂਈ ਬੌਧਿਕਤਾ (Artificial Intelligence) ਰਾਹੀਂ ਤਕਨੀਕ ਤੇ ਗਿਆਨ ਦੇ ਨਵੇਂ ਦਿਸਹੱਦਿਆਂ ਨੂੰ ਛੂਹਣ ਦੇ ਦਾਅਵੇ ਕਰ ਰਿਹਾ ਹੈ, ਉੱਥੇ ਇਹ ਸਵਾਲ ਵੀ ਉੱਠਦਾ ਹੈ ਕਿ ਅਜਿਹਾ ਵਿਕਾਸ ਮਨੁੱਖ ਨੂੰ ਕਿੱਥੋਂ ਤਕ ਸੁਰੱਖਿਆ ਮੁਹੱਈਆ ਕਰਾ ਸਕਦਾ ਹੈ।

Advertisement

ਤਕਨਾਲੋਜੀ ਅਤੇ ਵਿਗਿਆਨ ਦੇ ਵਿਕਾਸ ਨਾਲ ਮਨੁੱਖ ਨੇ ਜ਼ਿੰਦਗੀ ਦੇ ਵੱਖ ਵੱਖ ਸ਼ੋਅਬਿਆਂ ਵਿਚ ਆਪਣੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਹੈ। ਰੇਲ ਪ੍ਰਬੰਧ ਵਿਚ ਸੁਰੱਖਿਆ ਪ੍ਰਣਾਲੀ ਨੂੰ ਭਰੋਸੇਯੋਗ ਬਣਾਉਣ ਲਈ ਨਾ ਸਿਰਫ਼ ਨਵੀਂ ਤਕਨਾਲੋਜੀ ਦੀ ਜ਼ਰੂਰਤ ਹੈ ਸਗੋਂ ਮੌਜੂਦਾ ਬੁਨਿਆਦੀ ਢਾਂਚੇ (Infrastructure) ਨੂੰ ਵੀ ਮਜ਼ਬੂਤ ਕਰਨ ਦੀ ਲੋੜ ਹੈ। ਭਾਰਤ ਵਿਚ ਪਹਿਲੀ ਰੇਲਵੇ ਲਾਈਨ 1837 ਵਿਚ ਚੇਨੱਈ/ਮਦਰਾਸ ਵਿਚ ਬਣੀ ਅਤੇ ਪਹਿਲੀ ਮੁਸਾਫ਼ਰ ਰੇਲ ਗੱਡੀ ਮੁੰਬਈ ਤੇ ਥਾਣੇ ਦੇ ਵਿਚਕਾਰ 1853 ਵਿਚ ਚੱਲੀ। ਇਸ ਸਮੇਂ ਭਾਰਤ ਦਾ ਰੇਲ ਪ੍ਰਬੰਧ ਦੇਸ਼ ਵਿਚ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੀ ਸਭ ਤੋਂ ਵੱਡੀ ਸੰਸਥਾ ਹੈ ਜਿਸ ਵਿਚ 14 ਲੱਖ ਤੋਂ ਜ਼ਿਆਦਾ ਕਰਮਚਾਰੀ ਤੇ ਅਧਿਕਾਰੀ ਕੰਮ ਕਰਦੇ ਹਨ। ਸੁਰੱਖਿਆ ਯਕੀਨੀ ਬਣਾਉਣ ਲਈ ਕਰਮਚਾਰੀਆਂ, ਤਕਨਾਲੋਜੀ, ਬੁਨਿਆਦੀ ਢਾਂਚੇ, ਮਸ਼ੀਨਾਂ, ਕੰਪਿਊਟਰਾਂ, ਸੰਚਾਰ ਪ੍ਰਣਾਲੀਆਂ ਆਦਿ ਵਿਚ ਇਕ ਅਜਿਹਾ ਸੰਚਾਰ-ਪ੍ਰਬੰਧ ਬਣਾਉਣਾ ਜ਼ਰੂਰੀ ਹੁੰਦਾ ਹੈ ਜਿਸ ਦੇ ਅਸਫ਼ਲ ਹੋਣ ਦੇ ਮੌਕੇ ਨਾ ਹੋਣ; ਜੇ ਕਿਤੇ ਕੁਤਾਹੀ ਹੋਵੇ ਤਾਂ ਸਿਸਟਮ ਵੇਲੇ ਸਿਰ ਸੰਕੇਤ ਦੇਵੇ ਅਤੇ ਉਸ ਕੁਤਾਹੀ ਨੂੰ ਠੀਕ ਕੀਤਾ ਜਾਵੇ।

ਭਾਰਤ ਵਿਚ ਪਿਛਲੇ ਕੁਝ ਦਹਾਕਿਆਂ ਦੌਰਾਨ ਰੇਲ ਦੇ ਵਿਕਾਸ ਦੀ ਕਹਾਣੀ ਲੋਕਾਂ ਤਕ ਇਸ ਤਰ੍ਹਾਂ ਪਹੁੰਚਦੀ ਰਹੀ ਹੈ ਕਿ ਰੇਲ ਮੰਤਰੀ ਹਰ ਸਾਲ ਬਜਟ ਵਿਚ ਨਵੀਆਂ ਰੇਲ ਗੱਡੀਆਂ ਚਲਾਉਣ ਦੇ ਐਲਾਨ ਕਰਦੇ ਰਹੇ ਹਨ; ਵੱਧ ਤੋਂ ਵੱਧ ਤੇਜ਼ ਰਫ਼ਤਾਰ ਰੇਲ ਗੱਡੀਆਂ ਚਲਾਉਣ ਦੀ ਵੀ ਚਰਚਾ ਹੁੰਦੀ ਹੈ। ਇਸ ਲਈ ਰੇਲ ਪ੍ਰਬੰਧ ਦੇ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਜਾਂਦਾ ਰਿਹਾ ਹੈ ਪਰ ਲੋਕਾਂ ਵਿਚ ਇਹ ਪ੍ਰਭਾਵ ਹੈ ਕਿ ਬੁਨਿਆਦੀ ਢਾਂਚੇ ‘ਤੇ ਜ਼ਰੂਰਤ ਤੋਂ ਵੱਧ ਬੋਝ ਪਾਇਆ ਜਾ ਰਿਹਾ ਹੈ। ਕਈ ਮਾਹਿਰ ਇਹ ਸਵਾਲ ਵੀ ਕਰਦੇ ਹਨ ਕਿ ਹਰ ਤੇਜ਼ ਰਫ਼ਤਾਰ ਗੱਡੀ ‘ਤੇ ਤਾਂ ਕਈ ਸੌ ਕਰੋੜ ਰੁਪਏ ਖ਼ਰਚ ਕੀਤੇ ਜਾਂਦੇ ਹਨ ਜਦੋਂਕਿ ਉਸ ਦੇ ਸੁਰੱਖਿਆ ਪ੍ਰਬੰਧ ਲਈ ਕੀਤਾ ਜਾਂਦਾ ਖ਼ਰਚ ਨਿਗੂਣਾ ਹੁੰਦਾ ਹੈ।

ਰੇਲ ਲੰਮੇ ਸਫ਼ਰ ਲਈ ਸਭ ਤੋਂ ਵਧੀਆ ਸਾਧਨ ਹੈ। ਤੇਜ਼ੀ ਨਾਲ ਸਫ਼ਰ ਕਰਨ ਲਈ ਲੋਕ ਹਵਾਈ ਸਫ਼ਰ ਕਰਦੇ ਹਨ ਪਰ ਉਨ੍ਹਾਂ ਦੀ ਗਿਣਤੀ ਰੇਲ ਵਿਚ ਸਫ਼ਰ ਕਰਨ ਵਾਲੇ ਲੋਕਾਂ ਸਾਹਮਣੇ ਬਹੁਤ ਘੱਟ ਹੈ। ਜਿੱਥੇ ਕੌਮਾਂਤਰੀ ਸਫ਼ਰ ਦੇ ਖੇਤਰ ਵਿਚ ਹਵਾਈ ਜਹਾਜ਼ਾਂ ਰਾਹੀਂ ਸਫ਼ਰ ਦਾ ਹੱਥ ਉੱਚਾ ਹੈ, ਉੱਥੇ ਕਿਸੇ ਵੀ ਦੇਸ਼ ਵਿਚ ਸਫ਼ਰ ਕਰਨ ਲਈ ਰੇਲ ਹੀ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਸਾਧਨ ਹੈ। ਉਦਾਹਰਨ ਦੇ ਤੌਰ ‘ਤੇ ਸਾਡੇ ਦੇਸ਼ ਵਿਚ ਰੋਜ਼ਾਨਾ ਹਵਾਈ ਸਫ਼ਰ ਕਰਨ ਵਾਲਿਆਂ ਦੀ ਗਿਣਤੀ 4.5 ਲੱਖ ਹੈ ਜਦੋਂਕਿ ਰੇਲ ਵਿਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ 1.6 ਕਰੋੜ ਹੈ। ਇਹੀ ਨਹੀਂ, ਅਨਾਜ, ਕੋਲਾ, ਧਾਤਾਂ ਅਤੇ ਹੋਰ ਵਸਤਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ ‘ਤੇ ਲੈ ਕੇ ਜਾਣ ਲਈ ਵੀ ਰੇਲ ਪ੍ਰਬੰਧ ਦਾ ਸਥਾਨ ਅਤਿਅੰਤ ਮਹੱਤਵਪੂਰਨ ਹੈ। ਵਾਤਾਵਰਨਕ ਅਤੇ ਹੋਰ ਕਾਰਨਾਂ ਕਰਕੇ ਵੀ ਰੇਲ ਪ੍ਰਬੰਧ ਨੇ ਸਫ਼ਰ ਦਾ ਵੱਡਾ ਸਾਧਨ ਬਣਿਆ ਰਹਿਣਾ ਹੈ।

ਇਸ ਦੇ ਅਰਥ ਇਹ ਹਨ ਕਿ ਹਰ ਦੇਸ਼ ਨੂੰ ਰੇਲ ਖੇਤਰ ਵਿਚ ਲਗਾਤਾਰ ਆਧੁਨਿਕੀਕਰਨ ਕਰਨਾ ਪੈਣਾ ਹੈ; ਇਸ ਆਧੁਨਿਕੀਕਰਨ ਵਿਚ ਸੁਰੱਖਿਆ ਨੂੰ ਸਰਬਉੱਚ ਸਥਾਨ ਮਿਲਣਾ ਚਾਹੀਦਾ ਹੈ। ਮਨੁੱਖ ਹਰ ਤਰ੍ਹਾਂ ਦੀਆਂ ਸਹੂਲਤਾਂ ਦਾ ਚਾਹਵਾਨ ਹੈ ਪਰ ਉਸ ਦੀ ਜਾਨ ਸਭ ਤੋਂ ਜ਼ਿਆਦਾ ਕੀਮਤੀ ਹੈ। ਭਾਰਤ ਸਰਕਾਰ ਨੂੰ ਵੀ ਰੇਲ ਪ੍ਰਬੰਧ ਦੇ ਤੇਜ਼ੀ ਨਾਲ ਹੋ ਰਹੇ ਆਧੁਨਿਕੀਕਰਨ ਵਿਚ ਸੁਰੱਖਿਆ ਨੂੰ ਹੀ ਸਿਰਮੌਰ ਸਥਾਨ ਦੇਣਾ ਚਾਹੀਦਾ ਹੈ।

ਆਧੁਨਿਕ ਰੇਲ ਦੇ ਸ਼ੁਰੂ ਹੋਣ ਦੀ ਕਹਾਣੀ 18ਵੀਂ ਸਦੀ ਦੇ ਆਖ਼ਰੀ ਅਤੇ 19ਵੀਂ ਸਦੀ ਦੇ ਪਹਿਲੇ ਦਹਾਕਿਆਂ ਤੋਂ ਸ਼ੁਰੂ ਹੁੰਦੀ ਹੈ। ਮਨੁੱਖ ਨੇ ਰੇਲ ਪਟੜੀਆਂ ‘ਤੇ ਵੈਗਨਾਂ ਲਿਜਾਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ; ਇਸ ਵਿਚ ਅਸਲੀ ਇਨਕਲਾਬ ਭਾਫ਼ ਇੰਜਣ ਦੀ ਖੋਜ ਨਾਲ ਆਇਆ ਜਿਸ ਦੇ ਖੋਜੀਆਂ ਵਿਚੋਂ ਮੂਹਰਲਾ ਨਾਮ ਜੇਮਜ਼ ਵਾਟ ਦਾ ਹੈ। 1804 ਵਿਚ ਰਿਚਰਡ ਟਰੈਵੀਥਿਕ ਨੇ ਪਹਿਲਾ ਸਟੀਮ ਰੇਲਵੇ ਇੰਜਣ ਬਣਾਇਆ ਜਿਹੜਾ ਇੰਗਲੈਂਡ ਦੇ ਵੇਲਜ਼ ਖੇਤਰ ਵਿਚ ਚਲਾਇਆ ਗਿਆ। ਰੇਲ ਦਾ ਮੁੱਢਲਾ ਵਿਕਾਸ ਇੰਗਲੈਂਡ ਦੇ ਕੋਲੇ ਦੀਆਂ ਖਾਣਾਂ ਵਾਲੇ ਇਲਾਕੇ ਵਿਚ ਹੋਇਆ। ਇੰਗਲੈਂਡ ਵਿਚ 31 ਮੀਲ ਲੰਮੀ ਲਿਵਰਪੂਲ ਐਂਡ ਮਾਨਚੈਸਟਰ ਰੇਲਵੇਜ਼ ਭਾਫ਼ ਇੰਜਣ ਰਾਹੀਂ ਚੱਲਣ ਵਾਲੀ ਪਹਿਲੀ ਮਹੱਤਵਪੂਰਨ ਰੇਲ ਗੱਡੀ ਸੀ ਜਿਸ ਦਾ ਇੰਜਣ ਰੇਲਵੇ ਦੇ ਪਿਤਾਮਾ ਕਹੇ ਜਾਂਦੇ ਜਾਰਜ ਸਟੀਫਨਸਨ ਨੇ ਬਣਾਇਆ ਸੀ।

ਬਸਤੀਵਾਦ ਕਾਰਨ ਸੀ ਕਿ ਇੰਗਲੈਂਡ ਵਿਚ ਰੇਲ ਸਥਾਪਿਤ ਹੋਣ ਦੇ ਕੁਝ ਦਹਾਕੇ ਬਾਅਦ ਹੀ ਰੇਲ ਭਾਰਤ ਵਿਚ ਪਹੁੰਚੀ। ਰੇਲ ਦੇ ਆਉਣ ‘ਤੇ ਪੰਜਾਬੀ ਸ਼ਾਇਰ ਈਸ਼ਰ ਦਾਸ ਨੇ ‘ਰੇਲ ਦਾ ਕਿੱਸਾ’ ਲਿਖਿਆ ਤੇ ਇਸ ਦੀਆਂ ਸਿਫ਼ਤਾਂ ਇਸ ਤਰ੍ਹਾਂ ਕੀਤੀਆਂ, ”ਪਿੰਡੋ ਪਿੰਡ ਲੰਘ ਰੇਲ ਆਈ ਹੈ ਪੰਜਾਬ ਦੇਸ/ ਘਰੋਂ ਘਰੀ ਦਿੱਲੀ ਵਿਚ ਤੁਰੀਆਂ ਕਹਾਣੀਆਂ/ ਸੁਣ ਕੇ ਪਠਾਨ ਨੱਠੇ ਜਾਣ ਰੇਲ ਦੇਖਣੇ ਨੂੰ/ ਮਹਿਲਾਂ ਉਤੇ ਚੜ੍ਹ ਕਰ ਦੇਖਣ ਪਠਾਣੀਆਂ/ ਰਾਜ਼ੀ ਹੋਏ ਦੇਖ ਰਾਜਪੂਤ ਸੀ ਮੁਗਲਾਂ ਨਾਲ/ ਦੇਖਣ ਝਰੋਖੇ ਥਾਂਣੀ ਸੱਭੋ ਮੁਗਲਾਣੀਆਂ/ ਰਾਜਿਆਂ ਨੇ ਦੇਖ ਕੇ ਸਲਾਮ ਕੀਤੀ ਗੋਰਿਆਂ ਨੂੰ/ ਦੇਖ ਕੇ ਅਚੰਭੇ ਗਈਆਂ ਮਹਿਲਾਂ ਦੀਆਂ ਰਾਣੀਆਂ।” ਈਸ਼ਰ ਦਾਸ ਇਹ ਕਹਾਣੀ ਦੱਸ ਰਿਹਾ ਹੈ ਕਿ ਪੱਛਮ ‘ਤੇ ਆਏ ਲੋਕਾਂ ਕੋਲ ਅਜਿਹੀ ਤਕਨਾਲੋਜੀ ਸੀ ਜਿਸ ਨੇ ਦੇਸੀ ਰਾਜੇ-ਰਜਵਾੜਿਆਂ ਨੂੰ ਹਰਾਇਆ ਹੀ ਨਹੀਂ ਸਗੋਂ ਭਾਰਤੀ ਸਮਾਜ ਦੀ ਜ਼ਿੰਦਗੀ ਨੂੰ ਹਰ ਪੱਖ ਤੋਂ ਪ੍ਰਭਾਵਿਤ ਕੀਤਾ; ਰੇਲ ਪ੍ਰਬੰਧ ਬਸਤੀਵਾਦੀਆਂ ਦੀਆਂ ਮੁੱਖ ਸ਼ਕਤੀਆਂ ਵਿਚੋਂ ਇਕ ਸੀ। ਰੇਲ ਦੇ ਆਉਣ ‘ਤੇ ਪੰਜਾਬੀਆਂ ਦੇ ਮਨਾਂ ‘ਤੇ ਹੋਏ ਅਸਰ ਨੂੰ ਇਸ ਤਰ੍ਹਾਂ ਕਲਮਬੰਦ ਕਰਦਾ ਹੈ, ”ਪੈਣ ਚਮਕਾਰੇ ਜਿਵੇਂ ਚਮਕਣ ਤਾਰੇ/ ਉੱਠੇ ਧੂੰਏ ਗੁਬਾਰੇ ਜਿਵੇਂ ਫੱਗਣ ਦੀ ਹੋਰੀ (ਹੋਲੀ) ਹੈ/… ਤੁਰੇ ਕਲਕੱਤਿਓ ਪਸ਼ੌਰ ਜਾਏ ਇਕ ਦਿਨ/ ਦੇਖ ਲੈ ਈਸ਼ਰਦਾਸਾ ਕੈਸੀ ਜਾਦੂਖੋਰੀ ਹੈ।”

ਰੇਲ ਦੇ ਸਫ਼ਰ ਨੇ ਮਨੁੱਖ ਦੇ ਜੀਵਨ ਨੂੰ ਬਦਲ ਦਿੱਤਾ। ਰੇਲ ਸਫ਼ਰ ਨੇ ਮਨੁੱਖਤਾ ਦੇ ਇਤਿਹਾਸ ਵਿਚ ਇਸ ਤਰ੍ਹਾਂ ਦਾ ਹੀ ਯੋਗਦਾਨ ਪਾਇਆ ਜਿਸ ਤਰ੍ਹਾਂ ਦਾ ਸਮੁੰਦਰੀ ਜਹਾਜ਼ਾਂ, ਬੱਸਾਂ-ਕਾਰਾਂ ਅਤੇ ਹਵਾਈ ਜਹਾਜ਼ਾਂ ਰਾਹੀਂ ਸਫ਼ਰ ਨੇ। ਰੇਲਾਂ ਦੀ ਖ਼ਾਸੀਅਤ ਇਹ ਹੈ ਕਿ ਹਰ ਰੇਲ ਵਿਚ ਸੈਂਕੜੇ ਲੋਕ ਇਕੱਠੇ ਸਫ਼ਰ ਕਰਦੇ ਹਨ। ਅਜੋਕੇ ਸਮਿਆਂ ਵਿਚ ਵਾਤਾਵਰਨਕ ਦ੍ਰਿਸ਼ਟੀਕੋਣ ਤੋਂ ਵੀ ਰੇਲ ਸਫ਼ਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਕ ਰੇਲ ਗੱਡੀ ਵਿਚ ਸਫ਼ਰ ਕਰਨ ਵਾਲੇ ਲੋਕਾਂ ਦੀ ਗਿਣਤੀ ਸੈਂਕੜੇ ਚੌਪਹੀਆ ਵਾਹਨਾਂ ਵਿਚ ਸਫ਼ਰ ਕਰਨ ਵਾਲੇ ਲੋਕਾਂ ਤੋਂ ਵੱਧ ਹੁੰਦੀ ਹੈ। ਬਾਲਾਸੌਰ ਵਿਚ ਹੋਇਆ ਰੇਲ ਹਾਦਸਾ ਵੱਡਾ ਮਨੁੱਖੀ ਦੁਖਾਂਤ ਹੈ ਅਤੇ ਨਾਲ ਨਾਲ ਸਾਡੇ ਲਈ ਚਿਤਾਵਨੀ ਵੀ ਕਿ ਆਧੁਨਿਕੀਕਰਨ ਦੀ ਦੌੜ ਵਿਚ ਸੁਰੱਖਿਆ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ।

– ਸਵਰਾਜਬੀਰ

Advertisement