ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮੁੱਖ ਮਾਰਗ ’ਤੇ ਆਵਾਜਾਈ ਰੋਕੀ
ਕਰਨ ਭੀਖੀ
ਭੀਖੀ, 14 ਨਵੰਬਰ
ਪਿੰਡ ਮੋਹਰ ਸਿੰਘ ਵਾਲੇ ਦੇ ਗੁਰਦਾਸ ਸਿੰਘ ਕਤਲ ਮਾਮਲੇ ਵਿੱਚ ਭੀਖੀ ਥਾਣੇ ਅੱਗੇ ਚੱਲੇ ਦੋ ਦਿਨਾਂ ਧਰਨੇ ਤੋਂ ਬਾਅਦ ਅੱਜ ਪਿੰਡ ਵਾਸੀਆਂ ਤੇ ਕੁਝ ਜਥੇਬੰਦੀਆਂ ਵੱਲੋਂ ਮਾਨਸਾ-ਪਟਿਆਲਾ ਮੁੱਖ ਮਾਰਗ ਬਰਨਾਲਾ ਚੌਕ ਵਿੱਚ ਜਾਮ ਲਾ ਦਿੱਤਾ, ਜਿਸ ਕਾਰਨ ਆਵਾਜਾਈ ਬਹੁਤ ਪ੍ਰਭਾਵਿਤ ਹੋਈ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਫੇਲ੍ਹ ਹੁੰਦੀ ਜਾਪ ਰਹੀ ਹੈ ਕਿਉਂਕਿ ਰੋਜ਼ਾਨਾ ਕਤਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸ ਸਿੰਘ ਦਾ ਕਾਤਲ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਸਗੋਂ ਹੋਰ ਵੀ ਵਿਅਕਤੀ ਇਸ ਘਟਨਾ ਵਿੱਚ ਸਾਮਲ ਹਨ ਅਤੇ ਜਦੋਂ ਤੱਕ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਦੁਪਹਿਰ ਦੋ ਵਜੇ ਤੋਂ ਸਾਮ ਸੱਤ ਵਜੇ ਇਹ ਜਾਮ ਲੱਗਾ ਰਿਹਾ। ਬਾਅਦ ਵਿੱਚ ਸਾਰੇ ਲੋਕ ਥਾਣੇ ਅੱਗੇ ਜਾ ਕੇ ਧਰਨੇ ’ਤੇ ਬੈਠ ਗਏ। ਇਸ ਮੌਕੇ ਡੀਐਸਪੀ ਬੂਟਾ ਸਿੰਘ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਹਾਜ਼ਰ ਰਹੇ। ਇਸ ਦੌਰਾਨ, ਕੁਲਦੀਪ ਸਿੰਘ, ਜਗਤਾਰ ਸਿੰਘ, ਲਾਲ ਸਿੰਘ, ਬਲਜਿੰਦਰ ਸਿੰਘ ਸਰਪੰਚ ਮੋਹਰ ਸਿੰਘ ਵਾਲਾ, ਸੁਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਮੰਗਤ ਰਾਏ ਭੀਖੀ ਸੂਬਾ ਸਕੱਤਰ ਬੀਐਸਪੀ, ਗੁਰਮੇਲ ਸਿੰਘ ਬੋੜਾਵਾਲ, ਸਰਬਰ ਕੁਰੈਸ਼ੀ, ਸੁਖਦੇਵ ਸਿੰਘ ਫਰਵਾਹੀ ਤੇ ਹੋਰ ਹਾਜ਼ਰ ਸਨ।