ਬਲਰਾਜ ਸਿੰਘ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਬੋਹਾ-ਬੁਢਲਾਡਾ ਸੜਕ ’ਤੇ ਆਵਾਜਾਈ ਰੋਕੀ
ਪੱਤਰ ਪ੍ਰੇਰਕ
ਬੋਹਾ, 10 ਜੁਲਾਈ
ਪਿੰਡ ਮਲਕੋਂ ਵਿੱਚ ਬੀਤੇ ਦਿਨੀਂ ਮੋਟਰ ਦੇ ਪਾਣੀ ਦੀ ਵਾਰੀ ਨੂੰ ਲੈ ਕੇ ਨੌਜਵਾਨ ਬਲਰਾਜ ਸਿੰਘ ਦੇ ਹੋਏ ਕਤਲ ਦੇ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਿੱਚ ਅੱਜ ਮ੍ਰਿਤਕ ਦੇ ਸਹੁਰੇ ਪਰਿਵਾਰ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬੋਹਾ ਥਾਣੇ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਬੋਹਾ-ਬੁਢਲਾਡਾ ਮੁੱਖ ਸੜਕ ’ਤੇ ਵੀ ਆਵਾਜਾਈ ਰੋਕੀ। ਮ੍ਰਿਤਕ ਨੌਜਵਾਨ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ 29 ਜੂਨ ਨੂੰ ਉਸ ਦਾ ਪਤੀ ਬਲਰਾਜ ਸਿੰਘ ਪਰਿਵਾਰਕ ਤੌਰ ’ਤੇ ਸਾਂਝੀ ਮੋਟਰ ’ਤੇ ਆਪਣੀ ਵਾਰੀ ਦਾ ਪਾਣੀ ਲਾਉਣ ਗਿਆ ਸੀ। ਇਸ ਦੌਰਾਨ ਉਸ ਦਾ ਆਪਣੇ ਭਰਾ ਰਛਪਾਲ ਸਿੰਘ, ਉਸ ਦੀ ਪਤਨੀ ਕਰਮਜੀਤ ਕੌਰ ਤੇ ਪਿਤਾ ਧਰਮ ਸਿੰਘ ਨਾਲ ਝਗੜਾ ਹੋ ਗਿਆ। ਉਸ ਦੋਸ਼ ਲਾਇਆ ਕਿ ਉਸ ਦੇ ਪਤੀ ਦੇ ਭਰਾ ਪਿਤਾ ਤੇ ਭਰਜਾਈ ਨੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ਕਾਰਨ ਪੀਜੀਆਈ ਚੰਡੀਗੜ੍ਹ ਵਿੱਚ ਉਸਦੀ ਮੌਤ ਹੋ ਗਈ। ਦਲ ਖਾਲਸਾ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਜਵਿੰਦਰ ਸਿੰਘ , ਕੁਲਦੀਪ ਸਿੰਘ, ਪ੍ਰਦੀਪ ਸਿੰਘ, ਰਬਜੋਤ ਸਿੰਘ ਹਰਪਾਲ ਸਿੰਘ, ਕੁਲਵੰਤ ਸਿੰਘ ਗੁਰਦੀਪ ਸਿੰਘ ਇੰਦਰਜੀਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਬੋਹਾ ਪੁਲੀਸ ਨੇ ਬਲਰਾਜ ਸਿੰਘ ਦੇ ਪਿਤਾ ਤੇ ਭਰਾ ਨੂੰ ਤਾਂ ਗ੍ਰਿਫਤਾਰ ਕਰ ਲਿਆ ਹੈ ਪਰ ਉਸ ਦੀ ਭਰਜਾਈ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਇਸ ਦੌਰਾਨ ਧਰਨੇ ਵਿਚ ਪੁੱਜ ਕੇ ਥਾਣਾ ਬੋਹਾ ਦੇ ਮੁਖੀ ਭੁਪਿੰਦਰਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਬੋਹਾ ਪੁਲੀਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕੱਲ੍ਹ ਸ਼ਾਮ ਤੱਕ ਉਸ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ ਪਰ ਧਰਨਾਕਾਰੀ ਕਰਮਜੀਤ ਕੌਰ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਣ ਲਈ ਬਜ਼ਿੱਦ ਰਹੇ।