ਬਨੂੜ-ਲਾਂਡਰਾਂ ਮਾਰਗ ਸਮੇਤ ਕਈ ਥਾਈਂ ਆਵਾਜਾਈ ਰਹੀ ਠੱਪ
ਕਰਮਜੀਤ ਸਿੰਘ ਚਿੱਲਾ
ਬਨੂੜ, 9 ਜੁਲਾਈ
ਭਾਰੀ ਮੀਂਹ ਕਾਰਨ ਬਨੂੜ ਖੇਤਰ ਦਾ ਸਮੁੱਚਾ ਜਨਜੀਵਨ ਲੀਹ ਤੋਂ ਲਹਿ ਗਿਆ। ਸਮੁੱਚੀਆਂ ਸੜਕਾਂ ਤੇ ਤਿੰਨ ਤੋਂ ਚਾਰ ਫੁੱਟ ਪਾਣੀ ਜਮ੍ਹਾਂ ਹੋਣ ਨਾਲ ਬਨੂੜ ਤੋਂ ਹੁਲਕਾ, ਬਨੂੜ ਤੋਂ ਨੰਡਿਆਲੀ, ਬਨੂੜ ਤੋਂ ਲਾਂਡਰਾਂ, ਬਨੂੜ ਤੋਂ ਲਾਲੜੂ ਨੂੰ ਜਾਣ ਵਾਲੇ ਮਾਰਗਾਂ ਦੀ ਆਵਾਜਾਈ ਠੱਪ ਹੋ ਗਈ ਤੇ ਸਿਰਫ਼ ਭਾਰੀ ਵਾਹਨ ਹੀ ਪਾਣੀ ਵਿੱਚ ਹੌਲੀ-ਹੌਲੀ ਲੰਘਦੇ ਰਹੇ।
ਭਾਰਤ ਦੀ ਸਭ ਤੋਂ ਵੱਧ ਸ਼ਰਾਬ ਬਣਾਉਣ ਵਾਲੀ ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੌਟਲਰਜ਼ ਨਾਂ ਦੀ ਸ਼ਰਾਬ ਫੈਕਟਰੀ ਵਿੱਚ ਚਾਰ-ਚਾਰ ਫੁੱਟ ਪਾਣੀ ਭਰ ਗਿਆ। ਫੈਕਟਰੀ ਦੇ ਗੋਦਾਮ ਤੇ ਹੋਰਨਾਂ ਖੇਤਰਾਂ ਵਿੱਚ ਪਾਣੀ ਭਰਨ ਨਾਲ ਫੈਕਟਰੀ ਦਾ ਵੱਡਾ ਆਰਥਿਕ ਨੁਕਸਾਨ ਹੋਣ ਦੀ ਖ਼ਬਰ ਹੈ। ਫੈਕਟਰੀ ਦੇ ਕਰਮਚਾਰੀ ਹਾਕਮ ਸਿੰਘ ਨੇ ਦੱਸਿਆ ਕਿ ਪਾਣੀ ਨੇ ਫੈਕਟਰੀ ਦੀਆਂ ਦੋ ਦੀਵਾਰਾਂ ਵੀ ਤੋੜ ਦਿੱਤੀਆਂ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚੋਂ ਪਲਾਸਟਿਕ ਦੇ ਸੈਂਕੜੇ ਡਰੰਮ ਤੇ ਹੋਰ ਸਾਮਾਨ ਵੀ ਪਾਣੀ ਵਿੱਚ ਵਹਿ ਗਿਆ।
ਬਨੂੜ-ਹੁਲਕਾ ਸੜਕ ਉੱਤੇ ਪਾਣੀ ਵਿੱਚ ਇੱਕ ਫਾਰਚੂਨਰ ਕਾਰ ਹੜ੍ਹ ਗਈ, ਕਾਰ ਵਿਚਲੇ ਵਿਅਕਤੀਆਂ ਨੂੰ ਬਚਾਅ ਲਿਆ ਗਿਆ। ਸ਼ਹਿਰ ਵਿੱਚ ਮੀਰਾ ਸ਼ਾਹ ਕਲੋਨੀ, ਬਾਜਵਾ ਕਲੋਨੀ, ਵਾਰਡ ਨੰਬਰ ਤਿੰਨ ਦੇ ਕਈ ਘਰਾਂ, ਖੋਖਾ-ਮੀਟ ਮਾਰਕੀਟ ਦੀਆਂ ਦੁਕਾਨਾਂ ਵਿੱਚ ਦੋ ਤੋਂ ਚਾਰ ਫੁੱਟ ਪਾਣੀ ਭਰ ਗਿਆ। ਅਨਾਜ ਮੰਡੀ, ਚਿਤਕਾਰਾ, ਵੇਅਰਹਾਊਸ, ਮਾਰਕਫੈੱਡ ਤੇ ਐੱਫਸੀਆਈ ਦੇ ਗੁਦਾਮਾਂ ਵਿੱਚ ਦੋ ਤੋਂ ਚਾਰ ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। ਪਿੰਡ ਦੇਵੀਨਗਰ ਅਬਰਾਵਾਂ ਵਿਖੇ ਰਾਤੋ ਰਾਤ ਦਰਜਨਾਂ ਘਰਾਂ, ਗੁਰਦੁਆਰਾ ਸਾਹਿਬ, ਸਕੂਲ ਵਿੱਚ ਦੋ ਦੋ ਫੁੱਟ ਪਾਣੀ ਵੜ੍ਹਨ ਨਾਲ ਹਫ਼ੜਾ-ਦਫ਼ੜੀ ਮਚ ਗਈ। ਘਰਾਂ ਵਿੱਚ ਪਾਣੀ ਵੜ੍ਹਨ ਨਾਲ ਸਮੁੱਚੇ ਖੇਤਰ ਵਿੱਚ ਲੋਕਾਂ ਦੇ ਸਾਮਾਨ ਦਾ ਵੀ ਨੁਕਸਾਨ ਹੋਇਆ। ਮਨੌਲੀ ਸੂਰਤ ਨੇੜੇ ਇੱਕ ਪੁਲੀ ਪਾਣੀ ਵਿੱਚ ਵਹਿ ਗਈ। ਕਰਾਲਾ-ਅਮਲਾਲਾ ਦਰਮਿਆਨ ਘੱਗਰ ਨੇੜੇ ਇੱਕ ਪਹੀ ਵਿੱਚ ਵੀਹ ਫੁੱਟ ਦੇ ਕਰੀਬ ਪਾੜ ਪੈ ਗਿਆ। ਖੇਤਾਂ ਵਿੱਚ ਝੋਨਾ ਪਾਣੀ ਵਿੱਚ ਡੁੱਬਿਆ ਖੜ੍ਹਾ ਹੈ। ਮਿਰਚਾਂ, ਗੋਭੀ ਤੇ ਹੋਰ ਸਬਜ਼ੀਆਂ ਪਾਣੀ ਨਾਲ ਖਰਾਬ ਹੋ ਗਈਆਂ ਹਨ।
ਐਸਵਾਈਐੱਲ ਅਤੇ ਬਨੂੜ ਨਹਿਰ ਦਾ ਪਾਣੀ ਖੇਤਾਂ ਵਿੱਚ ਭਰਿਆ
ਐਸਵਾਈਐੱਲ ਪਾਣੀ ਨਾਲ ਭਰ ਕੇ ਚੱਲ ਰਹੀ ਹੈ। ਪਿੰਡ ਥੂਹਾ, ਸੂਰਜਗੜ੍ਹ ਦੇ ਖੇਤਾਂ ਵਿੱਚ ਪਾਣੀ ਭਰ ਗਿਆ। ਬਨੂੜ ਨਹਿਰ ਵਿੱਚ ਰਾਮਪੁਰ ਖੁਰਦ ਨੇੜੇ ਪਾੜ ਪੈ ਗਿਆ ਹੈ। ਸਮੁੱਚੇ ਖੇਤਾਂ ਵਿੱਚ ਇਨਾਂ ਨਹਿਰਾਂ ਦਾ ਪਾਣੀ ਭਰ ਗਿਆ ਹੈ। ਪਿੰਡਾਂ ਦੇ ਨੀਵੇਂ ਘਰ ਵੀ ਇਸ ਪਾਣੀ ਨਾਲ ਪ੍ਰਭਾਵਿਤ ਹੋਏ ਹਨ। ਬਨੂੜ ਖੇਤਰ ਵਿੱਚੋਂ ਲੰਘਦੀ ਚੰਡੀਗੜ੍ਹ ਚੋਈ ਵਿੱਚ ਵੀ ਪਾਣੀ ਕੰਢਿਆਂ ਦੇ ਉਪਰੋਂ ਵਹਿ ਰਿਹਾ ਹੈ। ਪਿੰਡ ਕਲੌਲੀ ਦੇ ਕਈ ਘਰਾਂ ਅਤੇ ਗਲੀਆਂ ਵੀ ਇਸ ਚੋਏ ਦਾ ਪਾਣੀ ਵੜ੍ਹ ਗਿਆ।
ਘੱਗਰ ਦੇ ਪਾਣੀ ਸਬੰਧੀ ਹੁੰਦੀਆਂ ਰਹੀਆਂ ਅਨਾਊਂਸਮੈਂਟਾਂ
ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਅੱਜ ਸਵੇਰ ਤੋਂ ਹੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਪਾਣੀ ਪਿੰਡਾਂ ਦੇ ਪੁਲਾਂ ਅਤੇ ਕੰਢਿਆਂ ਨੂੰ ਖਹਿ-ਖਹਿ ਕੇ ਲੰਘ ਰਿਹਾ ਹੈ। ਘੱਗਰ ਨੇੜਲੇ ਪਿੰਡਾਂ ਦੇ ਗੁਰਦੁਆਰਿਆਂ ਵਿੱਚੋਂ ਸਾਵਧਾਨੀ ਲਈ ਸਾਰਾ ਦਿਨ ਅਨਾਊਸਮੈਂਟਾਂ ਵੀ ਹੁੰਦੀਆਂ ਰਹੀਆਂ। ਦਿਨ ਵਿੱਚ ਵੱਖ-ਵੱਖ ਥਾਵਾਂ ਤੋਂ ਘੱਗਰ ਦੇ ਬੰਨ ਟੁੱਟਣ ਦੀਆਂ ਅਫ਼ਵਾਹਾਂ ਵੀ ਫੈਲਦੀਆਂ ਰਹੀਆਂ। ਪਿੰਡਾਂ ਦੇ ਵਸਨੀਕ ਪੱਤਰਕਾਰਾਂ ਕੋਲੋਂ ਘੱਗਰ ਦੇ ਬੰਨਾਂ ਸਬੰਧੀ ਫੋਨਾਂ ਉੱਤੇ ਜਾਣਕਾਰੀ ਵੀ ਲੈਂਦੇ ਰਹੇ।