For the best experience, open
https://m.punjabitribuneonline.com
on your mobile browser.
Advertisement

ਜ਼ੀਰਕਪੁਰ-ਬਠਿੰਡਾ ਹਾਈਵੇਅ ’ਤੇ ਅਣਮਿਥੇ ਸਮੇਂ ਲਈ ਆਵਾਜਾਈ ਠੱਪ

11:01 AM Oct 27, 2024 IST
ਜ਼ੀਰਕਪੁਰ ਬਠਿੰਡਾ ਹਾਈਵੇਅ ’ਤੇ ਅਣਮਿਥੇ ਸਮੇਂ ਲਈ ਆਵਾਜਾਈ ਠੱਪ
ਕੌਮੀ ਹਾਈਵੇਅ-7 ਜਾਮ ਕਰਕੇ ਬੇਮਿਆਦੀ ਰੋਸ ਧਰਨੇ ’ਤੇ ਡਟੇ ਕਿਸਾਨ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਅਕਤੂਬਰ
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਦੋਵੇਂ ਫੋਰਮਾਂ ਦੇ ਸੱਦੇ ’ਤੇ ਸੈਂਕੜੇ ਕਿਸਾਨਾਂ ਅਤੇ ਬੀਬੀਆਂ ਵਲੋਂ ਨੇੜਲੇ ਪਿੰਡ ਬਡਰੁੱਖਾਂ ਵਿੱਚ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ-7 ਉਪਰ ਦੋਵੇ ਪਾਸੇ ਆਵਾਜਾਈ ਠੱਪ ਕਰਕੇ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਲਗਾ ਦਿੱਤਾ ਹੈ। ਧਰਨਾਕਾਰੀ ਕਿਸਾਨ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਪੁਖਤਾ ਪ੍ਰਬੰਧ ਕਰਨ, ਪਰਾਲੀ ਦੀ ਸਮੱਸਿਆ ਦਾ ਹੱਲ ਕਰਨ ਅਤੇ ਡੀਏਪੀ ਖਾਦ ਦਾ ਪ੍ਰਬੰਧ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਨ੍ਹਾਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਕੌਮੀ ਹਾਈਵੇਅ ਉਪਰ ਚੱਕਾ ਜਾਮ ਰਹੇਗਾ ਅਤੇ ਕਿਸਾਨ ਦਿਨ-ਰਾਤ ਪੱਕੇ ਮੋਰਚਿਆਂ ’ਤੇ ਡਟੇ ਰਹਿਣਗੇ। ਅੱਜ ਵੱਡੀ ਤਾਦਾਦ ’ਚ ਕਿਸਾਨ ਪਿੰਡ ਬਡਰੁੱਖਾਂ ਦੇ ਖੇਡ ਸਟੇਡੀਅਮ ਵਿਚ ਇਕੱਠੇ ਹੋਏ ਜਿਥੋਂ ਕਾਫਲਿਆਂ ਦੇ ਰੂਪ ਵਿਚ ਪੁਲੀਸ ਚੌਕੀ ਬਡਰੁੱਖਾਂ ਸਾਹਮਣੇ ਡਰੇਨ ਦੇ ਪੁਲ ਉਪਰ ਕੌਮੀ ਹਾਈਵੇਅ-7 ਉਪਰ ਪੱਕਾ ਰੋਸ ਧਰਨਾ ਲਗਾਉਂਦਿਆਂ ਆਵਾਜਾਈ ਠੱਪ ਕਰ ਦਿੱਤੀ। ਕਿਸਾਨਾਂ ਵੱਲੋਂ ਹਾਈਵੇਅ ਉਪਰ ਟੈਂਟ ਆਦਿ ਲਗਾ ਦਿੱਤੇ ਹਨ ਅਤੇ ਲੰਗਰ ਚਾਲੂ ਕਰ ਦਿੱਤੇ ਹਨ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਆਜ਼ਾਦ ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਕਿਸਾਨਾਂ ਦੀ ਖੂਨ ਪਸੀਨੇ ਦੀ ਕਮਾਈ ਅਨਾਜ਼ ਮੰਡੀਆਂ ਵਿਚ ਰੁਲ ਰਹੀ ਹੈ ਅਤੇ ਕਿਸਾਨ ਨਿਸ਼ਚਿਤ ਰੇਟ ਤੋਂ ਘੱਟ ਰੇਟ ’ਤੇ ਆਪਣੀ ਫਸਲ ਵੇਚਣ ਲਈ ਮਜ਼ਬੂਰ ਹਨ। ਮੰਡੀਆਂ ’ਚੋ ਲਿਫਟਿੰਗ ਨਹੀਂ ਹੋ ਰਹੀ ਅਤੇ ਵਿਕਰੀ ਹੋਏ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਸ਼ੈਲਰਾਂ ਵਿਚੋਂ ਚੌਲ ਨਹੀਂ ਚੁੱਕਿਆ ਗਿਆ। ਅਜਿਹੇ ਹਾਲਾਤ ’ਚ ਕਿਸਾਨ, ਸ਼ੈਲਰ ਮਾਲਕ ਅਤੇ ਆੜਤੀਏ ਸਭ ਪ੍ਰੇਸ਼ਾਨ ਹਨ। ਸਰਕਾਰਾਂ ਦੇ ਅਜਿਹੇ ਮਾੜੇ ਪ੍ਰਬੰਧਾਂ ਖ਼ਿਲਾਫ਼ ਕਿਸਾਨਾਂ ਨੂੰ ਸੜਕਾਂ ’ਤੇ ਉਤਰਨਾ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਮੇਂ ਦੀਆਂ ਹਕੂਮਤਾਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਮੰਡੀਆਂ ਨੂੰ ਖਤਮ ਕਰਨ ਦੀਆਂ ਚਾਲ੍ਹਾਂ ਚੱਲ ਰਹੀਆਂ ਹਨ ਜਿਸਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਜਦੇਂ ਤੱਕ ਕਿਸਾਨਾਂ ਦੀਆਂ ਇਹ ਮੰਗਾਂ ਦਾ ਹੱਲ ਨਹੀਂ ਹੁੰਦਾ, ਕਿਸਾਨ ਕੌਮੀ ਹਾਈਵੇਅ ’ਤੇ ਡਟੇ ਰਹਿਣਗੇ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਧਰਨੇ ਨੂੰ ਭਾਕਿਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਭਾਕਿਯੂ ਭਟੇੜੀ ਦੇ ਪ੍ਰਧਾਨ ਜੰਗ ਸਿੰਘ ਭਟੇੜੀ, ਭਾਕਿਯੂ ਏਕਤਾ ਆਜ਼ਾਦ ਦੇ ਸੂਬਾ ਆਗੂ ਦਿਲਬਾਲ ਸਿੰਘ ਹਰੀਗੜ੍ਹ, ਕੁਲਵਿੰਦਰ ਸਿੰਘ ਸੋਨੀ ਜਿਲ੍ਹਾ ਪ੍ਰਧਾਨ, ਜਰਨੈਲ ਸਿੰਘ ਕਾਲੇਕੇ, ਸੰਤ ਰਾਮ ਛਾਜਲੀ, ਕਰਨੈਲ ਕੌਰ ਹਰਿਆਊ, ਸਤਵੰਤ ਸਿੰਘ ਵਜੀਦਪੁਰ, ਮੱਖਣ ਸਿੰਘ ਪਾਪੜਾ, ਕਰਮਜੀਤ ਕੌਰ ਭਿੰਡਰਾਂ, ਸੁਖਵਿੰਦਰ ਸਿੰਘ ਪੜ੍ਹਨੀ, ਗਮਦੂਰ ਸਿੰਘ ਬਾਬਰਪੁਰ, ਜਸਵੀਰ ਸਿੰਘ ਮੈਦੇਵਾਸ , ਹੈਪੀ ਨਮੋਲ, ਹਰਦੇਵ ਸਿੰਘ ਕੁਲਾਰਾਂ ਆਦਿ ਨੇ ਸੰਬੋਧਨ ਕੀਤਾ।

Advertisement

ਸੰਗਰੂਰ ਪੁਲੀਸ ਵੱਲੋਂ ਟਰੈਫ਼ਿਕ ਲਈ ਬਦਲਵੇਂ ਰੂਟ ਜਾਰੀ

ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ-7 ’ਤੇ ਪਿੰਡ ਬਡਰੁੱਖਾਂ ਨੇੜੇ ਸੜਕ ਉਪਰ ਕਿਸਾਨਾਂ ਦੇ ਰੋਸ ਧਰਨੇ ਦੇ ਮੱਦੇਨਜ਼ਰ ਸੰਗਰੂਰ-ਬਰਨਾਲਾ ਸੜਕ ਉਪਰ ਆਵਾਜਾਈ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟਰੈਫ਼ਿਕ ਪੁਲੀਸ ਦੇ ਇੰਚਾਰਜ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਧਰਨੇ ਕਾਰਨ ਪਟਿਆਲਾ ਤੋਂ ਬਰਨਾਲਾ ਵਾਇਆ ਸੰਗਰੂਰ ਆਉਣ ਵਾਲੀ ਅਤੇ ਬਠਿੰਡਾ ਜਾਂ ਬਰਨਾਲਾ ਤੋਂ ਆਉਣ ਵਾਲੀ ਆਵਾਜਾਈ ਲਈ ਬਦਲਵੇਂ ਰੁੂਟ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਟਰੈਫ਼ਿਕ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਪਟਿਆਲਾ ਤੋਂ ਬਰਨਾਲਾ (ਵਾਇਆ ਸੰਗਰੂਰ) ਆਉਣ ਵਾਲੀ ਟਰੈਫਿਕ ਲਈ ਕੌਮੀ ਹਾਈਵੇਅ ’ਤੇ ਉਭਾਵਾਲ ਪੁਲ ਕੋਲ ਪੁਲੀਸ ਵਲੋਂ ਬੈਰੀਕੇਡ ਲਗਾ ਕੇ ਆਵਾਜਾਈ ਨੂੰ ਡਾਇਵਰਸ਼ਨ ਦਿੱਤੀ ਗਈ ਹੈ ਜਿਥੋਂ ਉਭਾਵਾਲ, ਕਿਲਾ ਭਰੀਆਂ , ਲੌਂਗੋਵਾਲ ਤੇ ਬਡਬਰ ਹੁੰਦਿਆਂ ਟਰੈਫਿਕ ਬਰਨਾਲਾ ਵਿੱਚ ਜਾ ਸਕੇਗੀ। ਇਸੇ ਤਰ੍ਹਾਂ ਬਠਿੰਡਾ ਜਾਂ ਬਰਨਾਲਾ ਤੋਂ ਆਉਣ ਵਾਲੀ ਟਰੈਫ਼ਿਕ ਲਈ ਮਸਤੂਆਣਾ ਸਾਹਿਬ ਨੇੜੇ ਬੈਰੀਕੇਡ ਲਗਾ ਕੇ ਡਾਇਵਰਸ਼ਨ ਦਿੱਤੀ ਗਈ ਹੈ ਜੋ ਕਿ ਵਾਇਆ ਚੰਗਾਲ, ਬੰਗਾਵਾਲੀ ਹੁੰਦਿਆਂ ਸੰਗਰੂਰ-ਧੂਰੀ ਰੋਡ ਉਪਰ ਜਾਵੇਗੀ ਅਤੇ ਉਥੋਂ ਸੰਗਰੂਰ ਸ਼ਹਿਰ ’ਚ ਓਵਰਬ੍ਰਿੱਜ ਉਤਰਦਿਆਂ ਹੀ ਪੂਨੀਆਂ ਟਾਵਰ ਤੋਂ ਖੱਬੇ ਪਟਿਆਲਾ ਰੋਡ ਵੱਲ ਜਾਵੇਗੀ। ਉਂਝ ਅੱਜ ਰੋਸ ਧਰਨੇ ਕਾਰਨ ਆਵਾਜਾਈ ਪਿੰਡ ਬਡਰੁੱਖਾਂ ਤੋਂ ਬਹਾਦਰਪੁਰ ਹੁੰਦਿਆਂ ਕੌਮੀ ਹਾਈਵੇਅ ਅਤੇ ਪਿੰਡ ਬਡਰੁੱਖਾਂ ਤੋਂ ਚੰਗਾਲ-ਮਸਤੂਆਣਾ ਸਾਹਿਬ ਹੁੰਦਿਆਂ ਕੌਮੀ ਹਾਈਵੇਅ ’ਤੇ ਪੁੱਜ ਕੇ ਬਰਨਾਲਾ-ਬਠਿੰਡਾ ਵੱਲ ਜਾਰੀ ਰਹੀ।

Advertisement

Advertisement
Author Image

sukhwinder singh

View all posts

Advertisement