For the best experience, open
https://m.punjabitribuneonline.com
on your mobile browser.
Advertisement

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ

07:11 AM Oct 03, 2024 IST
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ
ਬੋਹਾ ਵਿੱਚ ਬੁੱਧਵਾਰ ਨੂੰ (ਇਨਸੈੱਟ) ਮ੍ਰਿਤਕਾ ਨਸੀਬ ਕੌਰ ਦੀ ਲਾਸ਼ ਸੜਕ ’ਤੇ ਰੱਖ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਲਈ ਧਰਨਾ ਦਿੰਦੇ ਹੋਏ ਉਸ ਦੇ ਪਰਿਵਾਰਕ ਮੈਂਬਰ।
Advertisement

ਪੱਤਰ ਪ੍ਰੇਰਕ
ਬੋਹਾ, 2 ਅਕਤੂਬਰ
ਪਿੰਡ ਆਲਮਪੁਰ ਮੰਦਰਾਂ ਵਿੱਚ ਦੋ ਪਰਿਵਾਰਾਂ ਦੀ ਆਪਸੀ ਲੜਾਈ ਦੌਰਾਨ ਇਕ 45 ਸਾਲਾ ਔਰਤ ਨਸੀਬ ਕੌਰ ਦੇ ਸਿਰ ਵਿੱਚ ਸੱਟ ਵੱਜਣ ਕਾਰਨ ਮੌਤ ਹੋ ਗਈ। ਮ੍ਰਿਤਕ ਔਰਤ ਦੇ ਪਤੀ ਬਾਵਾ ਸਿੰਘ ਦੇ ਬਿਆਨ ’ਤੇ ਬੋਹਾ ਪੁਲੀਸ ਨੇ ਸੁਖਪਾਲ ਕੌਰ ਪਤਨੀ ਕੁਲਵੰਤ ਸਿੰਘ, ਕਰਮਜੀਤ ਕੌਰ ਪਤਨੀ ਬਲਤੇਜ ਸਿੰਘ, ਕੁਲਵੰਤ ਸਿੰਘ ਤੇ ਬਲਤੇਜ ਸਿੰਘ ਪੁੱਤਰਾਨ ਪ੍ਰੀਤਮ ਸਿੰਘ ਖਿਲਾਫ਼ ਪਰਚਾ ਦਰਜ ਕਰ ਲਿਆ। ਦੂਜੇ ਪਾਸੇ ਨਸੀਬ ਕੌਰ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅੱਜ ਮ੍ਰਿਤਕਾ ਦੀ ਲਾਸ਼ ਬੋਹਾ- ਬੁਢਲਾਡਾ ਮੁਖ ਸੜਕ ’ਤੇ ਰੱਖ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਧਰਨੇ ਵਿਚ ਮ੍ਰਿਤਕਾ ਦੇ ਪਤੀ ਬਾਵਾ ਸਿੰਘ, ਪੁੱਤਰ ਬੂਟਾ ਸਿੰਘ, ਜਵਾਈ ਗੁਲਾਬ ਸਿੰਘ, ਬਾਲਮੀਕੀ ਭਲਾਈ ਮੰਚ ਦੇ ਸੂਬਾਈ ਪ੍ਰਧਾਨ ਹਰਪਾਲ ਕੌਰ ਰਾਮ ਸਿੰਘ ਤੇ ਰਵੀਇੰਦਰ ਸਿੰਘ ਨੇ ਕਿਹਾ ਕਿ ਪੁਲੀਸ ਜਾਣ-ਬੁੱਝ ਕੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿਚ ਦੇਰੀ ਕਰ ਰਹੀ ਹੈ। ਦੂਜੇ ਪਾਸੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੂਰੀ ਵਾਹ ਲਈ ਜਾ ਰਹੀ ਹੈ ਅਤੇ ਜਲਦੀ ਕਾਬੂ ਕਰ ਲਿਆ ਜਾਵੇਗਾ। ਇਸ ਸੜਕ ’ਤੇ ਲੱਗੇ ਧਰਨੇ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਸ਼ਹਿਰ ਵਿਚ ਆਵਾਜਾਈ ਵਿਵਸਥਾ ਵੀ ਪ੍ਰਭਾਵਿਤ ਹੋਈ।

Advertisement

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣ ਮਗਰੋਂ ਸ਼ਾਂਤ ਹੋਏ ਲੋਕ
ਧਰਨੇ ਦੌਰਾਨ ਸਬ ਡਿਵੀਜ਼ਨ ਬੁਢਲਾਡਾ ਦੇ ਉਪ ਪੁਲੀਸ ਕਪਤਾਨ ਗਮਦੂਰ ਸਿੰਘ ਨੇ ਧਰਨਾਕਾਰੀਆਂ ਨਾਲ ਗੱਲ ਕੀਤੀ ਤੇ ਭਰੋਸਾ ਦਿਵਾਇਆ ਕਿ ਨਸੀਬ ਕੌਰ ਦੇ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਈਂ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ ਤੇ ਉਨ੍ਹਾਂ ਨੂੰ ਸ਼ਾਮ ਪੰਜ ਵਜੇ ਤੱਕ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਧਰਨਾਕਾਰੀ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਣ ਤੱਕ ਆਪਣਾ ਧਰਨਾ ਜਾਰੀ ਰੱਖਣ ਲਈ ਬਜ਼ਿੱਦ ਰਹੇ। ਫਿਰ 3: 30 ਵਜੇ ਜਦੋਂ ਉਪ ਪੁਲੀਸ ਕਪਤਾਨ ਨੇ ਵੀਡੀਓ ਕਾਲ ਰਾਹੀਂ ਮੁਲਜ਼ਮ ਨੂੰ ਗ੍ਰਿਫਤਾਰ ਕੀਤੇ ਜਾਣ ਦੀਆਂ ਤਸਵੀਰਾਂ ਵਿਖਾਈਆਂ ਤਾਂ ਧਰਨਾ ਚੁੱਕ ਦਿੱਤਾ ਗਿਆ।

Advertisement

Advertisement
Author Image

Advertisement