ਬੁੱਢੇ ਨਾਲੇ ਦੀ ਬੂਟੀ ਕਾਰਨ ਕਈ ਘੰਟੇ ਆਵਾਜਾਈ ਬੰਦ
ਸਤਵਿੰਦਰ ਬਸਰਾ
ਲੁਧਿਆਣਾ, 6 ਜੁਲਾਈ
ਸਨਅਤੀ ਸ਼ਹਿਰ ਨੂੰ ਦੋ ਹਿੱਸਿਆ ਵਿੱਚ ਵੰਡਣ ਵਾਲਾ ਬੁੱਢਾ ਨਾਲਾ ਪਿਛਲੇ ਦਿਨਾਂ ਦੌਰਾਨ ਪਏ ਮੀਂਹ ਕਾਰਨ ਬੁੱਢੇ ਦਰਿਆ ਦਾ ਰੂਪ ਧਾਰ ਚੁੱਕਾ ਹੈ। ਭਾਵੇਂ ਪ੍ਰਸ਼ਾਸਨ ਵੱਲੋਂ ਬੁੱਢੇ ਨਾਲੇ ਵਿੱਚੋਂ ਬੂਟੀ ਕੱਢਣ ਦਾ ਕੰਮ ਪਹਿਲਾਂ ਹੀ ਸ਼ੁਰੂ ਕੀਤਾ ਹੋਇਆ ਸੀ ਪਰ ਬੁੱਧਵਾਰ ਰਾਤ ਸਮੇਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਿੱਛੋਂ ਰੁੜ੍ਹ ਕੇ ਆਈ ਬੂਟੀ ਤਾਜਪੁਰ ਨੇੜੇ ਬੁੱਢੇ ਨਾਲੇ ’ਤੇ ਪੈਂਦੀਆਂ ਕਈ ਪੁਲੀਆਂ ’ਤੇ ਫਸ ਗਈ। ਨਿਗਮ ਦੇ ਮੁਲਾਜ਼ਮਾਂ ਵੱਲੋਂ ਇਸ ਬੂਟੀ ਨੂੰ ਕੱਢਣ ਦਾ ਕੰਮ ਬੁੱਧਵਾਰ ਰਾਤ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਬੂਟੀ ਜ਼ਿਆਦਾ ਹੋਣ ਕਰਕੇ ਇਸ ਬੂਟੀ ਨੂੰ ਪੁਲੀ ਦੇ ਉਪਰ ਹੀ ਕੱਢ ਕੇ ਸੁੱਟਿਆ ਗਿਆ ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਤਾਜਪੁਰ ਰੋਡ ’ਤੇ ਪੈਂਦੇ ਅੰਮ੍ਰਿਤ ਧਰਮ ਕੰਡੇ ਦੇ ਸਾਹਮਣੇ ਬੁੱਢੇ ਨਾਲੇ ’ਤੇ ਪੁਲੀ ਕਾਫੀ ਨੀਵੀਂ ਹੋਣ ਕਰਕੇ ਹਰ ਸਾਲ ਬਰਸਾਤੀ ਮੌਸਮ ਵਿੱਚ ਪਿੱਛੋਂ ਰੁੜ ਕੇ ਆਉਂਦੀ ਬੂਟੀ ਇੱਥੇ ਆ ਕੇ ਫਸ ਜਾਂਦੀ ਹੈ। ਇਸ ਵਾਰ ਵੀ ਇਹ ਬੂਟੀ ਪਾਣੀ ਵਿੱਚ ਅੜਿੱਕਾ ਬਣਨ ਦਾ ਕਾਰਨ ਬਣੀ ਰਹੀ। ਬੁੱਧਵਾਰ ਦੇਰ ਰਾਤ ਨਿਗਮ ਨੇ ਜੇਬੀਸੀ ਮਸ਼ੀਨਾਂ ਰਾਹੀਂ ਬੁੱਢੇ ਨਾਲੇ ਵਿੱਚੋਂ ਬੂਟੀ ਬਾਹਰ ਕੱਢੀ। ਬੂਟੀ ਜ਼ਿਆਦਾ ਹੋਣ ਕਰਕੇ ਇਸ ਨੂੰ ਪੁਲੀ ਦੇ ਉਪਰ ਹੀ ਇਕੱਠਾ ਕਰ ਦਿੱਤਾ ਗਿਆ। ਸਾਰੀ ਪੁਲੀ ਬੁੱਢੇ ਨਾਲੇ ਵਿੱਚੋਂ ਕੱਢੀ ਬੂਟੀ ਨਾਲ ਭਰੀ ਹੋਣ ਕਰਕੇ ਇੱਥੋਂ ਰੋਜ਼ਾਨਾ ਸਵੇਰੇ-ਸ਼ਾਮ ਲੰਘਣ ਵਾਲੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ। ਰਾਤ ਸਮੇਂ ਹੀ ਪੁਲੀ ਦਾ ਰਾਹ ਬੰਦ ਹੋ ਜਾਣ ਕਰਕੇ ਉਹਨਾਂ ਨੂੰ ਕਈ ਕਈ ਕਿਲੋਮੀਟਰ ਦੂਰੋਂ ਖੱਜਲ ਖੁਆਰ ਹੋ ਕੇ ਆਪੋ ਆਪਣੇ ਘਰਾਂ ਨੂੰ ਜਾਣਾ ਪਿਆ ਅਤੇ ਵੀਰਵਾਰ ਸਵੇਰ ਕੰਮਾਂ ਨੂੰ ਜਾਣ ਸਮੇਂ ਵੀ ਖੱਜਲ-ਖੁਆਰੀ ਝੱਲਣੀ ਪਈ। ਦੁਪਹਿਰ ਬਾਅਦ ਕਰੀਬ ਦੋ-ਢਾਈ ਵਜੇ ਪੁਲੀ ਨੂੰ ਸਾਫ ਕਰਕੇ ਆਵਾਜਾਈ ਬਹਾਲ ਕੀਤੀ ਗਈ। ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਇਸ ਪੁਲੀ ਨੂੰ ਥੋੜ੍ਹਾ ਉੱਚਾ ਅਤੇ ਚੌੜਾ ਕਰਕੇ ਬਣਾ ਦਿੱਤਾ ਜਾਵੇ ਤਾਂ ਹਰ ਸਾਲ ਬੂਟੀ ਕਾਰਨ ਪਾਣੀ ਦੇ ਵਹਾਅ ਵਿੱਚ ਹੁੰਦੀ ਰੁਕਾਵਟ ਪੱਕੇ ਤੌਰ ’ਤੇ ਖਤਮ ਹੋ ਜਾਵੇਗੀ।