ਟਾਹਲੀਆਂ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ’ਤੇ ਆਵਾਜਾਈ ਰੋਕੀ
ਪੱਤਰ ਪ੍ਰੇਰਕ
ਬੋਹਾ, 2 ਨਵੰਬਰ
ਮਾਰਕੀਟ ਕਮੇਟੀ ਬੋਹਾ ਨਾਲ ਸਬੰਧਤ ਅਨਾਜ ਖਰੀਦ ਕੇਂਦਰ ਟਾਹਲੀਆਂ ਵਿੱਚ ਖਰੀਦੇ ਝੋਨੇ ਦੀ ਲਿਫਟਿੰਗ ਨਾ ਹੋਣ ’ਤੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਹੇਠ ਅੱਜ ਬੋਹਾ-ਬੁਢਲਾਡਾ ਮੁੱਖ ਸੜਕ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਰੱਖੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਟਾਹਲੀਆਂ, ਤਰਸੇਮ ਸਿੰਘ, ਸਾਬਕਾ ਸਰਪੰਚ ਨਛੱਤਰ ਸਿੰਘ ਤੇ ਗੁਰਮੇਲ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਇਸ ਮੰਡੀ ਵਿੱਚ ਪਨਗਰੇਨ ਖਰੀਦ ਏਜੰਸੀ ਵੱਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਤੇ ਖਰੀਦੇ ਝੋਨੇ ਦੇ ਭੰਡਾਰਨ ਲਈ ਅਲਟਰਾ ਫੂਡ ਰਾਈਸ ਮਿੱਲ ਪਿੰਡ ਜੋਈਆਂ ਦੀ ਜ਼ਿੰਮੇਵਾਰੀ ਲਾਈ ਗਈ ਹੈ। ਉਨ੍ਹਾਂ ਕਿ ਕਿਸਾਨ 15 ਦਿਨਾਂ ਤੋਂ ਵੱਧ ਸਮੇਂ ਤੋਂ ਮੰਡੀ ਵਿੱਚ ਖੁਆਰ ਹੋ ਰਹੇ ਹਨ ਪਰ ਹੁਣ ਤੱਕ ਸਿਰਫ 20 ਮੀਟ੍ਰਿਕ ਟਨ ਝੋਨਾ ਹੀ ਚੁੱਕਿਆ ਗਿਆ ਤੇ 650 ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫਸਲ ਨਾ ਵਿਕਣ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਹੈ ਤੇ ਕਣਕ ਦੀ ਬਿਜਾਈ ਲਗਾਤਾਰ ਪੱਛੜ ਰਹੀ ਹੈ। ਧਰਨੇ ਵਿੱਚ ਪੁੱਜ ਕੇ ਥਾਣਾ ਬੋਹਾ ਮੁਖੀ ਇੰਸਪੈਕਟਰ ਪਰਵੀਨ ਸ਼ਰਮਾ, ਸਹਾਇਕ ਖੁਰਾਕ ਸਪਲਾਈ ਅਫਸਰ ਸੁਖਦੇਵ ਸਿਘ ਤੇ ਪਨਗ੍ਰੇਨ ਖਰੀਦ ਅਧਿਕਾਰੀ ਰਸਪ੍ਰੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਅੱਜ ਤੋਂ ਹੀ ਝੋਨਾ ਚੁੱਕਣਾ ਸ਼ੁਰੂ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ ਅਤੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਝੋਨੇ ਦੀ ਲਿਫਟਿੰਗ ਵਿਚ ਦੇਰੀ ਹੋਈ ਤਾਂ ਸੜਕ ’ਤੇ ਪੱਕਾ ਮੋਰਚਾ ਲਾਇਆ ਜਾਵੇਗਾ। ਜਾਣਕਾਰੀ ਅਨੁਸਾਰ ਕਿਸਾਨ ਪਿਛਲੇ ਕਈ ਦਿਨਾਂ ਤੋਂ ਝੋਨਾ ਨਾ ਵਿਕਣ ਕਾਰਨ ਮੰਡੀਆਂ ਵਿਚ ਬੈਠੇ ਹਨ।