ਅੰਡਰਬ੍ਰਿਜ ਵਿੱਚ ਪਾਣੀ ਭਰਨ ਕਾਰਨ ਆਵਾਜਾਈ ਬੰਦ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 9 ਜੁਲਾਈ
ਇੱਥੇ ਭਰਵੇਂ ਮੀਂਹ ਕਾਰਨ ਜਨ-ਜੀਵਨ ਠੱਪ ਹੋ ਗਿਆ ਹੈ। ਸ਼ਹਿਰ ਰਾਜਪੁਰਾ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਪਾਣੀ ਕਾਰਨ ਸ਼ਹਿਰ ਦੀਆਂ ਕਈ ਕਲੋਨੀਆਂ ਪਾਣੀ ਵਿੱਚ ਡੁੱਬ ਗਈਆਂ ਹਨ। ਰੇਲਵੇ ਟਰੈਕਾਂ ਉੱਪਰ ਬਣਿਆ ਪੁਰਾਣਾ ਓਵਰਬ੍ਰਿਜ ਅਤੇ ਨਵਾਂ ਅੰਡਰ ਪਾਸ ਦੋਵੇਂ ਪਾਣੀ ਨਾਲ ਨੱਕੋ-ਨੱਕ ਭਰ ਗਏ ਹਨ। ਕਿਸੇ ਜਾਨੀ ਤੇ ਮਾਲੀ ਨੁਕਸਾਨ ਦੇ ਖ਼ਤਰੇ ਨੂੰ ਦੇਖਦੇ ਹੋਏ ਰਾਜਪੁਰਾ ਪੁਲੀਸ ਤੇ ਪ੍ਰਸ਼ਾਸਨ ਨੇ ਦੋਵਾਂ ਬਰਿੱਜਾਂ ’ਤੇ ਆਵਾਜਾਈ ਮੁਕੰਮਲ ਬੰਦ ਕਰ ਦਿੱਤੀ ਹੈ। ਰਾਜਪੁਰਾ ਦੀਆਂ ਵੀਆਈਪੀ ਕਲੋਨੀਆਂ ਦਸਮੇਸ਼ ਕਲੋਨੀ, ਡਾਲੀਮਾ ਵਿਹਾਰ ਕਲੋਨੀ, ਸ਼ਹੀਦ ਭਗਤ ਸਿੰਘ ਕਲੋਨੀ ਅਤੇ ਰਾਜਪੁਰਾ ਟਾਊਨ ਵਿੱਚ ਜਲ ਥਲ ਇਕ ਹੋਇਆ ਪਿਆ ਹੈ। ਕਈ ਥਾਈਂ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਗਿਆ ਜਿਸ ਨਾਲ ਘਰ ਵਿਚ ਪਿਆ ਸਮਾਨ ਨੁਕਸਾਨਿਆ ਗਿਆ। ਗ਼ਰੀਬ ਤੇ ਦਿਹਾੜੀਦਾਰ ਵਿਅਕਤੀਆਂ ਨੂੰ ਬਾਰਸ਼ ਦੀ ਦੋਹਰੀ ਮਾਰ ਝੱਲਣੀ ਪਈ ਹੈ। ਜਨਤਾ ਸਕੂਲ ਨੇੜੇ ਝੌਂਪੜੀ ਵਾਲ਼ਿਆਂ ਨੂੰ ਉਠਾ ਕੇ ਸਲੇਮਪੁਰ ਵਿੱਚ ਬਣਾਏ ਕੁਆਰਟਰ ਵੀ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਏ ਹਨ।