ਨਾਮਜ਼ਦਗੀਆਂ ਰੱਦ ਹੋਣ ’ਤੇ ਆਵਾਜਾਈ ਠੱਪ
ਸ਼ਗਨ ਕਟਾਰੀਆ
ਜੈਤੋ, 7 ਅਕਤੂਬਰ
ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰਾਂ ’ਤੇ ਪ੍ਰਸ਼ਾਸਨ ਵੱਲੋਂ ‘ਕਿੰਤੂ-ਪ੍ਰੰਤੂ’ ਕਰਕੇ ‘ਰੱਦ’ ਕੀਤੇ ਜਾਣ ਖ਼ਿਲਾਫ਼ ਲੋਕਾਂ ’ਚ ਰੋਸ ਹੈ। ਅਜਿਹਾ ਕਹਿਣ ਵਾਲੇ ਕੁਝ ਪਿੰਡਾਂ ਦੇ ਵਸਨੀਕ ਪਿਛਲੇ ਚੌਵੀ ਘੰਟਿਆਂ ਤੋਂ ਜੈਤੋ-ਕੋਟਕਪੂਰਾ ਰੋਡ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰੀ ਬੈਠੇ ਹਨ। ਧਰਨਾਕਾਰੀ ‘ਰੱਦ’ ਕੀਤੇ ਕਾਗਜ਼ਾਂ ’ਤੇ ਮੁੜ ਨਜ਼ਰਸਾਨੀ ਕਰਕੇ ‘ਯੋਗ’ ਕਰਾਰ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ।
ਧਰਨੇ ਵਿੱਚ ਮੱਤਾ ਪਿੰਡ ਦੇ ਮਜ਼ਦੂਰ ਆਗੂ ਅੰਗਰੇਜ਼ ਸਿੰਘ (ਗੋਰਾ ਮੱਤਾ), ਸਰਪੰਚੀ ਦੇ ਚਾਹਵਾਨ ਹਰਜਿੰਦਰ ਸਿੰਘ ਉਰਫ਼ ਪੱਪੀ, ਪਿੰਡ ਫ਼ਤਹਿਗੜ੍ਹ (ਦਬੜ੍ਹੀਖਾਨਾ) ਦੇ ਸਾਬਕਾ ਸਰਪੰਚ ਜੰਮੂ ਕਸ਼ਮੀਰ ਸਿੰਘ, ਪਿੰਡ ਲੰਭਵਾਲੀ ਦੇ ਭਜਨ ਸਿੰਘ, ਕੋਠੇ ਥਰੋੜਾਂ ਦੇ ਸੁਖਦੀਪ ਕੌਰ ਸਮੇਤ ਕਈ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਔਰਤਾਂ, ਨੌਜਵਾਨ ਅਤੇ ਬੱਚੇ ਵੀ ਸ਼ਾਮਿਲ ਰਹੇ। ਵਿਖਾਵਾਕਾਰੀਆਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਦੇ ਕਹਿਣ ’ਤੇ ਪ੍ਰਸ਼ਾਸਨ ਵੱਲੋਂ ਵਿਰੋਧੀ ਉਮੀਦਵਾਰਾਂ ਦੇ ਸਰਪੰਚੀ-ਪੰਚੀ ਦੀ ਚੋਣ ਦੇ ਕਾਗਜ਼ ਰੱਦ ਕੀਤੇ ਗਏ ਹਨ। ਮੁਜ਼ਾਹਰਾਕਾਰੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਰੱਦ ਨਾਮਜ਼ਦਗੀ ਪੱਤਰ ਬਹਾਲ ਕਰਕੇ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਮੌਕਾ ਦਿੱਤਾ ਜਾਵੇ। ਧਰਨਾਕਾਰੀਆਂ ਨੇ ਅੱਜ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਮੰਗ ਨਾ ਮੰਨੀ ਗਈ ਤਾਂ ਉਹ ਭਲਕੇ ਮੰਗਲਵਾਰ ਨੂੰ ਸਵੇਰੇ 11 ਵਜੇ ਰੇਲਵੇ ਸਟੇਸ਼ਨ ਜੈਤੋ ’ਤੇ ਪਟੜੀਆਂ ਉੱਪਰ ਬੈਠ ਕੇ ‘ਰੇਲ ਰੋਕੋ’ ਐਕਸ਼ਨ ਕਰਨਗੇ। ਉਨ੍ਹਾਂ ਆਖਿਆ ਕਿ ਮੰਗ ਦੀ ਮਨਜ਼ੂਰੀ ਤੱਕ ਅੰਦੋਲਨ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ। ਦੂਜੇ ਪਾਸੇ ਜੈਤੋ-ਕੋਟਕਪੂਰਾ ਮਾਰਗ ’ਤੇ ਦੋ ਦਿਨਾਂ ਤੋਂ ਆਵਾਜਾਈ ਰੁਕੀ ਹੋਣ ਕਰਕੇ ਬਠਿੰਡਾ-ਅੰਮ੍ਰਿਤਸਰ ਅਤੇ ਬਠਿੰਡਾ-ਮੋਗਾ ਤਰਫ਼ ਦਾ ਟਰੈਫ਼ਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜੈਤੋ-ਕੋਟਕਪੂਰਾ ਵੱਲ ਦੇ ਰਾਹਗੀਰਾਂ ਨੂੰ ਵਾਇਆ ਬਾਜਾਖਾਨਾ, ਬਰਗਾੜੀ ਲੰਮਾ ਪੰਧ ਤੈਅ ਕਰਨਾ ਪਿਆ।