ਮੰਗਾਂ ਨਾ ਮੰਨਣ ’ਤੇ ਕਿਸਾਨਾਂ ਵੱਲੋਂ ਆਵਾਜਾਈ ਠੱਪ
ਪੱਤਰ ਪ੍ਰੇਰਕ
ਏਲਨਾਬਾਦ, 1 ਜੁਲਾਈ
ਇੱਥੇ ਫ਼ਸਲਾਂ ਦੇ ਮੁਆਵਜ਼ੇ ਲਈ ਨਾਥੂਸਰੀ ਚੌਪਾਟਾ ਤਹਿਸੀਲ ਦਫ਼ਤਰ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਚੱਲ ਰਹੇ ਕਿਸਾਨਾਂ ਦੇ ਧਰਨੇ ਦੇ 57ਵੇਂ ਦਿਨ ਵੀ ਮੰਗਾਂ ਨਾ ਮੰਨੇ ਜਾਣ ’ਤੇ ਕਿਸਾਨਾਂ ਨੇ ਦੁਪਹਿਰ 12 ਵਜੇ ਕੜਕਦੀ ਧੁੱਪ ਵਿੱਚ ਤਹਿਸੀਲ ਦਫ਼ਤਰ ਦੇ ਸਾਹਮਣੇ ਸਿਰਸਾ-ਭਾਦਰਾ ਰੋਡ ’ਤੇ ਧਰਨਾ ਲਾ ਕੇ ਆਵਜਾਈ ਠੱਪ ਕਰ ਦਿੱਤੀ। ਕਿਸਾਨਾਂ ਦੇ ਧਰਨੇ ਕਾਰਨ ਸੜਕ ’ਤੇ ਜਾਮ ਲੱਗ ਗਿਆ। ਇਸ ਦੌਰਾਨ ਕਿਸਾਨਾਂ ਨੇ ਭਾਜਪਾ-ਜੇਜੇਪੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੜਕ ਜਾਮ ਦੀ ਸੂਚਨਾ ਮਿਲਣ ’ਤੇ ਨਾਥੂਸਰੀ ਚੌਪਾਟਾ ਥਾਣਾ ਇੰਚਾਰਜ ਰਾਜਾ ਰਾਮ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ। ਇਸ ਦੌਰਾਨ ਐੱਸਡੀਐੱਮ ਰਾਜਿੰਦਰ ਕੁਮਾਰ, ਐੱਸਡੀਓ ਸਤਵੀਰ ਸਿੰਘ, ਨਾਇਬ ਤਹਿਸੀਲਦਾਰ ਅਰਵਿੰਦ ਯਾਦਵ, ਖੇਤੀਬਾੜੀ ਵਿਭਾਗ ਦੇ ਜੇਡੀਏ ਰਾਮ ਪ੍ਰਤਾਪ ਤੇ ਡੀਡੀਏ ਰਾਜੇਸ਼ ਕੁਮਾਰ ਕਿਸਾਨਾਂ ਨੂੰ ਮਨਾਉਣ ਲਈ ਧਰਨਾ ਸਥਾਨ ’ਤੇ ਪਹੁੰਚੇ। ਹਰਿਆਣਾ ਸਰਪੰਚ ਐਸੋਸੀਏਸ਼ਨ ਦੀ ਉਪ-ਪ੍ਰਧਾਨ ਸੰਤੋਸ਼ ਬੈਨੀਵਾਲ ਵੀ ਧਰਨੇ ’ਤੇ ਕਿਸਾਨਾਂ ਨਾਲ ਬੈਠੇ ਰਹੇ। ਅਖੀਰ 3 ਘੰਟੇ ਬਾਅਦ ਐੱਸਡੀਐੱਮ ਰਾਜਿੰਦਰ ਕੁਮਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ। ਭਰੋਸਾ ਮਿਲਣ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਸਕੱਤਰ ਅਮਨ ਬੈਨੀਵਾਲ, ਜ਼ਿਲ੍ਹਾ ਪ੍ਰਧਾਨ ਭਰਤ ਸਿੰਘ, ਨਰਿੰਦਰ ਸਹਾਰਨ, ਨੰਦਲਾਲ ਤੇ ਦੀਵਾਨ ਸਹਾਰਨ ਨੇ ਕਿਹਾ ਕਿ 2022 ਲਈ ਬੀਮਾ ਕਲੇਮ ਅਤੇ ਮੁਆਵਜ਼ਾ ਜਾਰੀ ਕੀਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਉਨ੍ਹਾਂ ਦਾ ਤਹਿਸੀਲ ਕੰਪਲੈਕਸ ਵਿੱਚ ਧਰਨਾ ਜਾਰੀ ਰਹੇਗਾ।