ਬਡਰੁੱਖਾਂ ਨੇੜੇ ਕੌਮੀ ਹਾਈਵੇਅ ’ਤੇ ਆਵਾਜਾਈ ਬਹਾਲ
ਗੁਰਦੀਪ ਸਿੰਘ ਲਾਲੀ/ ਸਤਨਾਮ ਸਿੰਘ ਸੱਤੀ
ਸੰਗਰੂਰ/ਮਸਤੂਆਣਾ ਸਾਹਿਬ, 28 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਨੇੜਲੇ ਪਿੰਡ ਬਡਰੁੱਖਾਂ ਵਿੱਚ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ-7 ਉਪਰੋਂ ਤੀਜੇ ਦਿਨ ਰੋਸ ਧਰਨਾ ਹਟਾ ਕੇ ਇੱਕ ਸਾਈਡ ’ਤੇ ਲਗਾ ਦਿੱਤਾ ਹੈ। ਇਸ ਕਾਰਨ ਕੌਮੀ ਹਾਈਵੇਅ ’ਤੇ ਆਵਾਜਾਈ ਬਹਾਲ ਹੋ ਗਈ ਹੈ। ਪੁਲੀਸ ਚੌਕੀ ਬਡਰੁੱਖਾਂ ਨੇੜੇ ਹੀ ਪੈਟਰੌਲ ਪੰਪ ਵਾਲੀ ਸਾਈਡ ਲਗਾਏ ਧਰਨੇ ਦੌਰਾਨ ਬੁਲਾਰਿਆਂ ਨੇ ਐਲਾਨ ਕੀਤਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਦਿਨ-ਰਾਤ ਦਾ ਪੱਕਾ ਰੋਸ ਧਰਨਾ ਜਾਰੀ ਰਹੇਗਾ। ਭਾਵੇਂ ਕਿ ਬੀਤੀ ਦੇਰ ਸ਼ਾਮ ਹੀ ਕੌਮੀ ਹਾਈਵੇਅ-7 ਦੀ ਇੱਕ ਸਾਈਡ ’ਤੇ ਆਵਾਜਾਈ ਬਹਾਲ ਹੋ ਗਈ ਸੀ ਪਰ ਅੱਜ ਕੌਮੀ ਹਾਈਵੇਅ ਉਪਰੋਂ ਰੋਸ ਧਰਨਾ ਪੂਰੀ ਤਰ੍ਹਾਂ ਹਟਾ ਕੇ ਇੱਕ ਸਾਈਡ ਉਪਰ ਤਬਦੀਲ ਕਰ ਦਿੱਤਾ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਦੋਸ਼ ਲਾਇਆ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਰੁਲ਼ ਰਹੀ ਹੈ ਜਦੋਂ ਕਿ ਕਿਸਾਨ ਸੜਕਾਂ ’ਤੇ ਰੁਲ਼ ਰਿਹਾ ਹੈ। ਨਮੀ ਦੀ ਮਾਤਰਾ ਦੀ ਆੜ ਵਿਚ ਕਿਸਾਨਾਂ ਦੀ ਫਸਲ ’ਤੇ ਕੱਟ ਲਗਾ ਕੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਕਰਕੇ ਵੱਡੇ ਅੰਬਾਰ ਝੋਨੇ ਦੀ ਫ਼ਸਲ ਦੇ ਲੱਗ ਚੁੱਕੇ ਹਨ। ਕੱਲ ਭਾਵੇਂ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨਾਲ ਕਿਸਾਨ ਮਜ਼ਦੂਰ ਮੋਰਚਾ ਭਾਰਤ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂਆਂ ਦੀ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਮੰਗਾਂ ਪੂਰੀਆਂ ਕਰਨ ਦੀ ਹਾਮੀ ਭਰੀ ਹੈ ਪਰ ਮੰਗਾਂ ਦੀ ਪ੍ਰਾਪਤੀ ਤੱਕ ਦਿਨ-ਰਾਤ ਦੇ ਮੋਰਚੇ ਜਾਰੀ ਰਹਿਣਗੇ। ਇਸ ਮੌਕੇ ਸੂਬਾ ਕਾਰਜਕਾਰੀ ਆਗੂ ਮਨਜੀਤ ਸਿੰਘ ਨਿਆਲ, ਸੂਬਾ ਔਰਤ ਆਗੂ ਬਲਜੀਤ ਕੌਰ ਕਿਲ੍ਹਾ ਭਰੀਆਂ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸੋਨੀ ਲੌਂਗੋਵਾਲ, ਜਸਵੀਰ ਮੈਦੇਵਾਸ, ਕਰਮਜੀਤ ਕੌਰ ਭਿੰਡਰਾਂ, ਹੈਪੀ ਨਮੋਲ, ਗੁਰਵਿੰਦਰ ਸਦਰਪੁਰਾ, ਪਰਵਿੰਦਰ ਬਾਬਰਪੁਰ, ਸੰਤ ਰਾਮ ਛਾਜਲੀ, ਰਾਜ ਥੇੜੀ, ਲੀਲਾ ਚੋਟੀਆਂ, ਮੱਖਣ ਪਾਪੜਾ, ਹਰਦੇਵ ਕੁਲਾਰ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੁਖਦੇਵ ਸ਼ਰਮਾ ਨੇ ਨਿਭਾਈ।