ਮੱਖਣਮਾਜਰਾ ਪੁਲ ’ਤੇ ਦਸ ਦਨਿਾਂ ਮਗਰੋਂ ਆਵਾਜਾਈ ਬਹਾਲ
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਜੁਲਾਈ
ਸਿਟੀ ਬਿਊਟੀਫੁੱਲ ਚੰਡੀਗੜ੍ਹ ਤੇ ਆਲੇ-ਦੁਆਲੇ ਭਾਰੀ ਮੀਂਹ ਪੈਣ ਕਰਕੇ ਆਮ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਸੀ, ਜੋ ਕਿ ਹਾਲੇ ਤੱਕ ਪੂਰੀ ਤਰ੍ਹਾਂ ਲੀਹ ’ਤੇ ਨਹੀਂ ਆ ਸਕਿਆ ਹੈ। ਹਾਲਾਂਕਿ ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਨੇ 10 ਦਨਿਾਂ ਬਾਅਦ ਮੱਖਣਮਾਜਰਾ ਵਾਲੇ ਪੁਲ ਨੂੰ ਠੀਕ ਕਰ ਦਿੱਤਾ ਹੈ ਜਿੱਥੇ ਅੱਜ ਸਵੇਰ ਤੋਂ ਆਵਾਜਾਈ ਬਹਾਲ ਹੋ ਗਈ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਉਕਤ ਪੁਲ ਤੋਂ ਲੋਕਾਂ ਨੂੰ ਵਾਹਨ ਘੱਟ ਰਫ਼ਤਾਰ ਨਾਲ ਚਲਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਇੰਡਸਟਰੀਅਲ ਏਰੀਆਂ ’ਚ ਸੀਟੀਯੂ ਵਰਕਸ਼ਾਪ ਦੇ ਨਜ਼ਦੀਕ ਟੁੱਟੀ ਸੜਕ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਮੱਖਣਮਾਜਰਾ ਪੁਲ ਦੇ ਟੁੱਟਣ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਯੂਟੀ ਪ੍ਰਸ਼ਾਸਨ ਨੇ ਲੋਕਾਂ ਦੀ ਸਮੱਸਿਆ ਵੱਲ ਧਿਆਨ ਕੇਂਦਰਿਤ ਕਰਦੇ ਹੋਏ ਮੱਖਣਮਾਜਰਾ ਵਾਲੇ ਪੁਲ ਨੂੰ ਜਲਦ ਠੀਕ ਕਰਕੇ ਆਵਾਜਾਈ ਬਹਾਲ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਯੂਟੀ ਪ੍ਰਸ਼ਾਸਨ ਵੱਲੋਂ ਸ਼ਾਸਤਰੀ ਨਗਰ ਵਾਲਾ ਪੁਲ ਜੋ ਕਿ ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਜਾਂਦਾ ਹੈ, ਉਸ ’ਤੇ ਆਵਾਜਾਈ ਬਹਾਲ ਕਰ ਦਿੱਤਾ ਸੀ। ਉਸ ਤੋਂ ਬਾਅਦ ਕਿਸ਼ਨਗੜ੍ਹ ਵਾਲੇ ਪੁਲ ਨੂੰ ਠੀਕ ਕਰਕੇ ਲੋਕਾਂ ਲਈ ਸ਼ੁਰੂ ਕਰ ਦਿੱਤਾ ਸੀ।
ਯੂਟੀ ਦੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਸੜਕਾਂ ’ਤੇ ਪਏ ਖੱਡਿਆਂ ਨੂੰ ਜਲਦ ਭਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੱਡੇ ਖੱਡੇ ਭਰੇ ਜਾ ਰਹੇ ਹਨ, ਜਿਸ ਮਗਰੋਂ ਛੋਟੇ ਖੱਡੇ ਭਰੇ ਜਾਣਗੇ ਤੇ ਆਵਾਜਾਈ ਬਹਾਲ ਹੋਵੇਗੀ।