ਸ਼ੰਭੂ ਬਾਰਡਰ ਤੋਂ ਆਵਾਜਾਈ ਮੁੜ ਬਹਾਲ
* ਪੁਲੀਸ ਵੱਲੋਂ ਦਰਜਨਾਂ ਥਾਵਾਂ ’ਤੇ ਕਿਸਾਨਾਂ ਦੇ ਧਰਨੇ ਨਾਕਾਮ
* 1,500 ਕਿਸਾਨ ਹਿਰਾਸਤ ’ਚ ਲਏ
ਚਰਨਜੀਤ ਭੁੱਲਰ
ਚੰਡੀਗੜ੍ਹ, 20 ਮਾਰਚ
ਪੁਲੀਸ ਵੱਲੋਂ ਕਿਸਾਨਾਂ ਦੇ ਆਰਜ਼ੀ ਟਿਕਾਣੇ ਅਤੇ ਵਾਹਨ ਹਟਾਉਣ ਮਗਰੋਂ ਕਰੀਬ ਚਾਰ ਸੌ ਦਿਨਾਂ ਬਾਅਦ ਕੌਮੀ ਰਾਜ ਮਾਰਗ-19 ’ਤੇ ਸ਼ੰਭੂ ਬਾਰਡਰ ਤੋਂ ਅੱਜ ਸ਼ਾਮ ਅੰਤਰਰਾਜੀ ਸੜਕੀ ਆਵਾਜਾਈ ਬਹਾਲ ਹੋ ਗਈ ਹੈ ਜਦੋਂਕਿ ਖਨੌਰੀ ਬਾਰਡਰ ਤੋਂ ਭਲਕੇ ਸ਼ਾਮ ਤੱਕ ਆਵਾਜਾਈ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ। ਹਰਿਆਣਾ ਸਰਕਾਰ ਨੇ ਅੱਜ ਦਿਨ ਚੜ੍ਹਦੇ ਹੀ ਘੱਗਰ ’ਤੇ ਲਾਈਆਂ ਰੋਕਾਂ ਨੂੰ ਹਟਾਉਣਾ ਸ਼ੁਰੂ ਕੀਤਾ ਅਤੇ ਕੰਕਰੀਟ ਦੇ ਬੈਰੀਕੇਡ ਹਟਾ ਦਿੱਤੇ। ਅੰਬਾਲਾ ਪ੍ਰਸ਼ਾਸਨ ਨੇ ਆਪਣੇ ਪਾਸਿਓਂ ਰਸਤਾ ਸਾਫ਼ ਕੀਤਾ। ਦੂਸਰੀ ਤਰਫ਼ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਕੌਮੀ ਰਾਜ ਮਾਰਗ-52 ’ਤੇ ਖਨੌਰੀ ਬਾਰਡਰ ਤੋਂ ਆਵਾਜਾਈ ਭਲਕੇ ਸ਼ਾਮ ਤੱਕ ਮੁੜ ਬਹਾਲ ਹੋ ਜਾਵੇਗੀ। ਚੇਤੇ ਰਹੇ ਕਿ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿਛਲੇ ਸਾਲ 13 ਫਰਵਰੀ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਮੋਰਚਾ ਸ਼ੁਰੂ ਕੀਤਾ ਸੀ। ਕਰੀਬ 400 ਦਿਨਾਂ ਤੱਕ ਅੰਤਰਰਾਜੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਸੀ। ਅੰਮ੍ਰਿਤਸਰ-ਦਿੱਲੀ ਮੁੱਖ ਸੜਕ ਮਾਰਗ ’ਤੇ ਸ਼ੰਭੂ ਬਾਰਡਰ ਜ਼ਰੀਏ ਆਵਾਜਾਈ ਸ਼ੁਰੂ ਹੋਣ ਨਾਲ ਰਾਹਗੀਰਾਂ ਤੋਂ ਇਲਾਵਾ ਸਨਅਤਕਾਰਾਂ ਨੇ ਕਾਫ਼ੀ ਰਾਹਤ ਮਹਿਸੂਸ ਕੀਤੀ ਹੈ। ਪੁਲੀਸ ਦੇ ‘ਅਪਰੇਸ਼ਨ ਹਾਈਵੇਅ’ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਨੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਕਿਸਾਨਾਂ ਨੇ ਪੰਜਾਬ ਵਿਚ ਦਰਜਨਾਂ ਥਾਵਾਂ ’ਤੇ ਸੜਕਾਂ ਜਾਮ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲੀਸ ਨੇ ਨਾਕਾਮ ਬਣਾ ਦਿੱਤਾ। ਕੁੱਝ ਥਾਵਾਂ ’ਤੇ ਝੜਪਾਂ ਵੀ ਹੋਈਆਂ ਹਨ। ਦੋ ਦਿਨਾਂ ਦੌਰਾਨ ਪੁਲੀਸ ਨੇ ਕਰੀਬ 1,500 ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ’ਚੋਂ ਵੱਡੀ ਗਿਣਤੀ ਨੂੰ ਸ਼ਾਮ ਵੇਲੇ ਹੀ ਰਿਹਾਅ ਕਰ ਦਿੱਤਾ ਗਿਆ। ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿਚ ਕਰੀਬ ਚਾਰ ਸੌ ਕਿਸਾਨ ਜੇਲ੍ਹ ਭੇਜੇ ਗਏ ਹਨ।

ਪੁਲੀਸ ਨੇ ਪੰਜਾਬ ਨੂੰ ਅੱਜ ਪੂਰਾ ਦਿਨ ਧਰਨਾ ਮੁਕਤ ਰੱਖਿਆ ਅਤੇ ਉਹ ਪੱਬਾਂ ਭਾਰ ਰਹੀ। ਉਂਝ ਸਰਕਾਰ ਖ਼ਿਲਾਫ਼ ਨਾਅਰੇ ਗੂੰਜਦੇ ਰਹੇ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਪੁਲੀਸ ਅਫ਼ਸਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ ਸਫ਼ਲ ਨਾ ਹੋਣ ਦਿੱਤਾ ਜਾਵੇ। ਪੁਲੀਸ ਨੇ ਬੱਸਾਂ ਦੇ ਵੀ ਪ੍ਰਬੰਧ ਕੀਤੇ ਹੋਏ ਸਨ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਵੀ ਆਪਣੀ ਰਣਨੀਤੀ ਘੜਦੇ ਰਹੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪੁਲੀਸ ਕਾਰਵਾਈ ਦੇ ਵਿਰੋਧ ਵਿੱਚ 16 ਥਾਵਾਂ ’ਤੇ ਪ੍ਰਦਰਸ਼ਨ ਕੀਤੇ। ਇਸੇ ਤਰ੍ਹਾਂ ਬੀਕੇਯੂ ਡਕੌਂਦਾ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਵੀ ਪ੍ਰਦਰਸ਼ਨ ਕੀਤੇ ਹਨ।
ਕਿਸਾਨ ਆਗੂਆਂ ਨੇ ਕੌਮੀ ਸੜਕ ਮਾਰਗ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਦੇ ਯਤਨ ਅਸਫ਼ਲ ਰਹੇ। ਮੋਗਾ ਦੇ ਬੁੱਘੀਪੁਰਾ ਚੌਕ ਵਿੱਚ ਪੁਲੀਸ ਅਤੇ ਕਿਸਾਨਾਂ ਦਰਮਿਆਨ ਹਲਕੀ ਝੜਪ ਹੋਈ। ਜਲੰਧਰ ਵਿੱਚ ਪੀਡਬਲਿਊਡੀ ਦੇ ਰੈਸਟ ਹਾਊਸ ’ਚ ਹਿਰਾਸਤ ਵਿਚ ਰੱਖੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਜਾ ਰਹੇ ਕਿਸਾਨਾਂ ਅਤੇ ਪੁਲੀਸ ਵਿਚਾਲੇ ਝੜਪ ਹੋਈ ਹੈ। ਕਿਸਾਨ ਆਗੂਆਂ ਮੁਤਾਬਕ ਡੱਲੇਵਾਲ ਨੇ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਹ ਪਾਣੀ ਵੀ ਨਹੀਂ ਪੀ ਰਹੇ ਹਨ। ਕਿਸਾਨਾਂ ਨੇ ਅੰਮ੍ਰਿਤਸਰ, ਤਰਨਤਾਰਨ ਅਤੇ ਸੰਗਰੂਰ ’ਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਉਲੀਕੇ ਸਨ ਜੋ ਸਿਰੇ ਨਾ ਚੜ੍ਹ ਸਕੇ। ਸੰਗਰੂਰ ਪੁਲੀਸ ਨੇ ਸੈਂਕੜੇ ਕਿਸਾਨਾਂ ਨੂੰ ਜਬਰੀ ਹਿਰਾਸਤ ਵਿਚ ਲੈ ਲਿਆ ਜਦੋਂ ਕਿ ਤਰਨਤਾਰਨ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦਾ ਧਰਨਾ ਅਸਫ਼ਲ ਬਣਾ ਦਿੱਤਾ। ਅੰਮ੍ਰਿਤਸਰ ਵਿੱਚ ਵੀ ਡੀਸੀ ਦਫ਼ਤਰ ਵੱਲ ਧਰਨਾ ਦੇਣ ਜਾ ਰਹੇ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਭਵਾਨੀਗੜ੍ਹ ’ਚ ਬਠਿੰਡਾ-ਜ਼ੀਰਕਪੁਰ ਮਾਰਗ ’ਤੇ ਬੀਕੇਯੂ ਸਿੱਧੂਪੁਰ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਰੀਬ ਦੋ ਦਰਜਨ ਆਗੂਆਂ ਨੂੰ ਵੱਖ ਵੱਖ ਥਾਣਿਆਂ ਵਿਚ ਰੱਖਿਆ ਗਿਆ। ਫ਼ਰੀਦਕੋਟ ’ਚ ਕੌਮੀ ਹਾਈਵੇਅ ਜਾਮ ਕਰਨ ਜਾ ਰਹੇ ਕਰੀਬ 200 ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲਿਆ। ਮੁਕਤਸਰ-ਬਠਿੰਡਾ ਸੜਕ ’ਤੇ ਪਿੰਡ ਸੰਗੂਧੌਣ ’ਚ ਕਿਸਾਨਾਂ ਨੇ ਜਾਮ ਲਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲੀਸ ਨੇ ਚਾਰ ਦਰਜਨ ਕਿਸਾਨ ਹਿਰਾਸਤ ਵਿਚ ਲੈ ਲਏ। ਇਸੇ ਤਰ੍ਹਾਂ ਬਠਿੰਡਾ-ਅੰਮ੍ਰਿਤਸਰ ਸੜਕ ’ਤੇ ਪਿੰਡ ਜੀਦਾ ਕੋਲ ਸੈਂਕੜੇ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਕੇ ਜਾਮ ਦੀ ਯੋਜਨਾ ਅਸਫ਼ਲ ਬਣਾ ਦਿੱਤੀ ਗਈ। ਗਿੱਦੜਬਾਹਾ ਤੋਂ ਇਲਾਵਾ ਬਠਿੰਡਾ-ਮਾਨਸਾ ਸੜਕ ’ਤੇ ਪਿੰਡ ਕੋਟਫੱਤਾ ਕੋਲ ਵੀ ਪੁਲੀਸ ਨੇ ਧਰਨਾ ਅਸਫ਼ਲ ਬਣਾ ਦਿੱਤਾ। ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ ’ਤੇ ਪਿੰਡ ਭੂਰੇ ਕਲਾਂ ਵਿਚ ਕਿਸਾਨਾਂ ਨੇ ਜਾਮ ਲਾਇਆ ਜਿਨ੍ਹਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਮੂਨਕ-ਚੰਡੀਗੜ੍ਹ ਸੜਕ ’ਤੇ ਪਿੰਡ ਸਲੇਮਗੜ੍ਹ ਕੋਲ ਕਰੀਬ ਸਵਾ ਸੌ ਅਤੇ ਸੰਗਰੂਰ-ਪਾਤੜਾਂ ਸੜਕ ’ਤੇ ਸੂਲਰ ਘਰਾਟ ਕੋਲ ਧਰਨਾ ਦੇਣ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਨੂੰ ਪੁਲੀਸ ਨੇ ਫੜ ਲਿਆ। ਗੁਰਦਾਸਪੁਰ ਵਿਚ ਤਿੰਨ ਦਿਨਾਂ ਤੋਂ ਚੱਲ ਰਹੇ ਕਿਸਾਨ ਧਰਨੇ ਨੂੰ ਵੀ ਪੁਲੀਸ ਨੇ ਅੱਜ ਖਿੰਡਾ ਦਿੱਤਾ।
ਨਵੀਂ ਚੁਣੌਤੀ ਤੋਂ ਸਬਕ ਸਿੱਖਣ ਦਾ ਵੇਲਾ
ਸ਼ੰਭੂ ਅਤੇ ਖਨੌਰੀ ਬਾਰਡਰ ਖਾਲੀ ਕਰਾਏ ਜਾਣ ਮਗਰੋਂ ਪੁਲੀਸ ਵੱਲੋਂ ਦਿਖਾਈ ਜਾ ਰਹੀ ਸਖ਼ਤੀ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਲਈ ਮਾਹੌਲ ਚੁਣੌਤੀ ਭਰਿਆ ਜਾਪਦਾ ਹੈ ਅਤੇ ਸਬਕ ਲੈਣ ਵਾਲਾ ਵੀ ਹੈ। ਕਿਸਾਨ ਆਗੂਆਂ ਲਈ ਇਹ ਸਮਾਂ ਮੰਥਨ ਕਰਨ ਦਾ ਹੈ ਅਤੇ ਦਿੱਲੀ ਅੰਦੋਲਨ ਦੇ ਸਬਕ ਨੂੰ ਅਮਲ ਵਿਚ ਲਿਆਉਣ ਦਾ ਵੇਲਾ ਹੈ। ਧਰਾਤਲ ’ਤੇ ਪਬਲਿਕ ਹਮਾਇਤ ਦੀ ਕਮੀ ਨੇ ਕਿਸਾਨ ਜਥੇਬੰਦੀਆਂ ਨੂੰ ਅੰਤਰ ਝਾਤ ਮਾਰਨ ਦਾ ਮੌਕਾ ਦਿੱਤਾ ਹੈ। ਦਿੱਲੀ ਅੰਦੋਲਨ ਮਗਰੋਂ ਕਿਸਾਨ ਧਿਰਾਂ ਦੀ ਨਫ਼ਰੀ ਵਧੀ ਹੈ ਪ੍ਰੰਤੂ ਏਕਾ ਘਟਿਆ ਹੈ। ਕੁੱਝ ਨੇਤਾਵਾਂ ਲਈ ਆਪਣਾ ਹਠ ਤਿਆਗ ਕਰਕੇ ਕਿਸਾਨੀ ਦੇ ਵੱਡੇ ਮਸਲਿਆਂ ਨੂੰ ਨਜਿੱਠਣ ਲਈ ਵੱਡਾ ਦਿਲ ਦਿਖਾ ਕੇ ਮੈਦਾਨ ’ਚ ਕੁੱਦਣਾ ਹੋਵੇਗਾ। ਲੋਕ ਮਨਾਂ ’ਚ ਕਿਸਾਨਾਂ ਦੇ ਵੱਕਾਰ ਨੂੰ ਲੱਗੀ ਢਾਹ ਨੂੰ ਬਹਾਲ ਕਰਨਾ ਹੋਵੇਗਾ।
ਜੇਲ੍ਹਾਂ ’ਚ ਕਿਸਾਨਾਂ ਦੀ ਗਿਣਤੀ ਵਧੀ
ਕਿਸਾਨਾਂ ਦੀ ਫੜੋ-ਫੜੀ ਕਾਰਨ ਪੰਜਾਬ ਦੀਆਂ ਜੇਲ੍ਹਾਂ ਵਿੱਚ ਉਨ੍ਹਾਂ ਦੀ ਗਿਣਤੀ ਵਧ ਗਈ ਹੈ। ਜ਼ਿਲ੍ਹਾ ਸੰਗਰੂਰ ’ਚ ਦੋ ਦਿਨਾਂ ਦੌਰਾਨ ਕੁੱਲ 572 ਕਿਸਾਨ ਹਿਰਾਸਤ ਵਿਚ ਲਏ ਗਏ ਜਿਨ੍ਹਾਂ ’ਚੋਂ 304 ਕਿਸਾਨਾਂ ਨੂੰ ਨਾਭਾ, ਸੰਗਰੂਰ ਤੇ ਮਾਨਸਾ ਦੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ ਹੈ। ਸ਼ੰਭੂ ਮੋਰਚੇ ਤੋਂ ਹਿਰਾਸਤ ਵਿਚ ਲਏ ਗਏ ਕਿਸਾਨਾਂ ’ਚੋਂ ਕਰੀਬ 102 ਕਿਸਾਨਾਂ ਨੂੰ ਪਟਿਆਲਾ ਜੇਲ੍ਹ ਭੇਜਿਆ ਗਿਆ ਹੈ। ਪੰਜਾਬ ਭਰ ’ਚੋਂ ਹਿਰਾਸਤ ਵਿਚ ਲਏ ਗਏ ਜ਼ਿਆਦਾਤਰ ਕਿਸਾਨਾਂ ਨੂੰ ਸ਼ਾਮ ਵਕਤ ਛੱਡ ਦਿੱਤਾ ਗਿਆ।
ਬਾਰਡਰ ਖੁੱਲ੍ਹਣ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ
ਸ਼ੰਭੂ/ਢਾਬੀ ਗੁੱਜਰਾਂ (ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ):
ਬਾਰਡਰ ਖੁੱਲ੍ਹਣ ਸਦਕਾ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਕਿਸਾਨਾਂ ਖ਼ਿਲਾਫ਼ ਸਮੁੱਚੀ ਕਾਰਵਾਈ ਦੀ ਅਗਵਾਈ ਡੀਆਈਜੀ ਹਰਮਨਬੀਰ ਸਿੰਘ ਗਿੱਲ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਕਰ ਰਹੇ ਸਨ। ਘਨੌਰ ਦੇ ਡੀਐੱਸਪੀ ਹਰਮਨਪ੍ਰੀਤ ਚੀਮਾ ਅਤੇ ਥਾਣਾ ਮੁਖੀ ਸਾਹਿਬ ਸਿੰਘ ਵਿਰਕ ਸਮੇਤ ਕਈ ਹੋਰ ਪੁਲੀਸ ਅਧਿਕਾਰੀ ਤੇ ਮੁਲਾਜ਼ਮ ਅੱਜ ਦੂਜੇ ਦਿਨ ਵੀ ਡਟੇ ਰਹੇ। ਸੰਭੂ ਬਾਰਡਰ ਤੋਂ ਪੁਲੀਸ ਨੇ 554 ਟਰਾਲੀਆਂ ਅਤੇ 66 ਟਰੈਕਟਰਾਂ ਸਮੇਤ ਹੋਰ ਸਾਜ਼ੋ-ਸਾਮਾਨ ਵੀ ਕਬਜ਼ੇ ’ਚ ਲਿਆ ਹੈ। ਆਵਾਜਾਈ ਬਹਾਲ ਹੋਣ ਨਾਲ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਮਾਹੜੂ ਦੇ ਸਰਪੰਚ ਬਲਜਿੰਦਰ ਸਿੰਘ ਬੱਖੂ ਨੇ ਕਿਹਾ ਕਿ ਬਾਰਡਰ ਬੰਦ ਹੋਣ ਕਰਕੇ ਬਹੁਤੀ ਟਰੈਫਿਕ ਪਿੰਡ ਵਿਚੋਂ ਲੰਘਦੀ ਸੀ ਅਤੇ ਹੁਣ ਆਵਾਜਾਈ ਬਹਾਲ ਹੋਣ ਨਾਲ ਉਨ੍ਹਾਂ ਰਾਹਤ ਦੀ ਸਾਹ ਲਈ ਹੈ। ਉਨ੍ਹਾਂ ਦੇ ਪਿੰਡ ਸਮੇਤ ਆਸੇ-ਪਾਸੇ ਦੀਆਂ ਹੋਰ ਸੜਕਾਂ ਵੀ ਟੁੱਟ ਗਈਆਂ ਸਨ। ਬੱਖੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਉਧਰ ਢਾਬੀ ਗੁੱਜਰਾਂ ਬਾਰਡਰ ਤੋਂ 277 ਕਿਸਾਨਾਂ ਨੂੰ ਹਨੂੰਮਾਨ ਪੈਲੇਸ ਵਿੱਚ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ 150 ਕਿਸਾਨਾਂ ਨੂੰ ਨਾਭਾ ਅਤੇ 24 ਨੂੰ ਮਾਨਸਾ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ 103 ਕਿਸਾਨਾਂ ਨੂੰ ਛੱਡ ਦਿੱਤਾ ਗਿਆ। ਢਾਬੀ ਗੁੱਜਰਾਂ (ਖਨੌਰੀ) ਬਾਰਡਰ ਤੇ ਸਥਿਤ ਐੱਸਪੀ ਰਵਨੀਤ ਸਿੰਘ ਨੇ ਦੱਸਿਆ ਹੈ ਕਿ ਜਿਹੜੇ ਕਿਸਾਨ ਟਰੈਕਟਰ-ਟਰਾਲੀਆਂ ਜਾਂ ਸਾਮਾਨ ਲੈਣ ਆਉਣਗੇ ਤਾਂ ਪੜਤਾਲ ਮਗਰੋਂ ਉਹ ਮੋੜ ਦਿੱਤੇ ਜਾਣਗੇ। ਉਂਜ ਟਰੈਕਟਰ-ਟਰਾਲੀਆਂ ਖਨੌਰੀ ਨੇੜੇ 32 ਦੱਰੇ ਕੋਲ ਇਕੱਠਾ ਕੀਤਾ ਜਾ ਰਿਹਾ ਹੈ।
ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਕਿਸਾਨਾਂ ਦੇ ਹੱਕ ’ਚ ਮੁਜ਼ਾਹਰਾ
ਨਵੀਂ ਦਿੱਲੀ:
ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਧਰਨੇ ’ਤੇ ਬੈਠੇ ਕਿਸਾਨਾਂ ਖ਼ਿਲਾਫ਼ ਪੰਜਾਬ ਪੁਲੀਸ ਦੀ ਕਾਰਵਾਈ ਦੇ ਰੋਸ ਵਜੋਂ ਅੱਜ ਸੰਸਦੀ ਕੰਪਲੈਕਸ ’ਚ ਮੁਜ਼ਾਹਰਾ ਕੀਤਾ। ਕਾਂਗਰਸ ਦੇ ਸੰਸਦ ਮੈਂਬਰਾਂ ਸੁਖਜਿੰਦਰ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਜੀਤ ਔਜਲਾ ਤੇ ਧਰਮਵੀਰ ਗਾਂਧੀ ਨੇ ਸੰਸਦ ਭਵਨ ਦੇ ਮਕਰ ਦੁਆਰ ਦੇ ਸਾਹਮਣੇ ਮੁਜ਼ਾਹਰਾ ਕੀਤਾ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ‘ਆਪ’ ਤੇ ਭਾਜਪਾ ਦੋਵਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਾਂਗਰਸੀ ਸੰਸਦ ਮੈਂਬਰਾਂ ਨੇ ਹਿਰਾਸਤ ’ਚ ਲਏ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਸੰਸਦ ਮੈਂਬਰਾਂ ਨੇ ਹੱਥਾਂ ’ਚ ਕਿਸਾਨਾਂ ਦੇ ਹੱਕ ’ਚ ਨਾਅਰੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ਕਿਸਾਨਾਂ ਲਈ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੀ ਵੀ ਮੰਗ ਕੀਤੀ। ਉਨ੍ਹਾਂ ਕਿਸਾਨਾਂ ਖ਼ਿਲਾਫ਼ ਕਾਰਵਾਈ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਿਸ਼ਾਨੇ ’ਤੇ ਲਿਆ ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਭਾਜਪਾ ਨਾਲ ਕਥਿਤ ਮਿਲੀਭੁਗਤ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਨੇ ਬੀਤੇ ਦਿਨ ਮੁਹਾਲੀ ’ਚ ਕਈ ਕਿਸਾਨ ਆਗੂਆਂ ਨੂੰ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਚੰਡੀਗੜ੍ਹ ’ਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਦੀ ਅਗਵਾਈ ਹੇਠਲੇ ਕੇਂਦਰੀ ਵਫ਼ਦ ਨਾਲ ਮੀਟਿੰਗ ਤੋਂ ਬਾਅਦ ਵਾਪਸ ਆ ਰਹੇ ਸਨ। ਪੁਲੀਸ ਨੇ ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਵੀ ਕਿਸਾਨਾਂ ਨੂੰ ਹਟਾ ਦਿੱਤਾ ਜੋ ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਇੱਥੇ ਧਰਨੇ ’ਤੇ ਬੈਠੇ ਹੋਏ ਸਨ। -ਪੀਟੀਆਈ
ਪੰਜਾਬ ਸਰਕਾਰ ਵੱਲੋਂ ਪ੍ਰਮੁੱਖ ਕਿਸਾਨ ਧਿਰਾਂ ਨੂੰ ਗੱਲਬਾਤ ਦਾ ਸੱਦਾ
ਚੰਡੀਗੜ੍ਹ (ਟਨਸ):
ਪੰਜਾਬ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ (ਪੰਜਾਬ ਚੈਪਟਰ) ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੂੰ ਮੀਟਿੰਗ ਦਾ ਸੱਦਾ ਭੇਜਿਆ ਹੈ। ਪੁਲੀਸ ਅਪਰੇਸ਼ਨ ਤਹਿਤ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਸਮਾਪਤ ਕਰਨ ਮਗਰੋਂ ਸੂਬਾ ਸਰਕਾਰ ਹੁਣ ਪ੍ਰਮੁੱਖ ਕਿਸਾਨ ਧਿਰਾਂ ਨਾਲ ਸੰਵਾਦ ਰਚਾਉਣਾ ਚਾਹੁੰਦੀ ਹੈ। ਉਂਝ ਇਸ ਮੀਟਿੰਗ ਦਾ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ। ਚੇਤੇ ਰਹੇ ਕਿ ਸੰਯੁਕਤ ਕਿਸਾਨ ਮੋਰਚਾ ਤੇ ਬੀਕੇਯੂ ਉਗਰਾਹਾਂ ਨਾਲ ਹੋਈ ਪਿਛਲੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤਲਖੀ ਵਿਚ ਆ ਗਏ ਸਨ ਅਤੇ ਉਨ੍ਹਾਂ ਕਿਸਾਨ ਆਗੂਆਂ ਨੂੰ ਚਿਤਾਵਨੀ ਦੇ ਦਿੱਤੀ ਸੀ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਨ੍ਹਾਂ ਧਿਰਾਂ ਦੇ ਆਗੂਆਂ ਨੂੰ ਗੱਲਬਾਤ ਲਈ 21 ਮਾਰਚ ਨੂੰ ਬਾਅਦ ਦੁਪਹਿਰ 4 ਵਜੇ ਇੱਥੇ ਪੰਜਾਬ ਭਵਨ ਵਿਚ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਹੈ। ਮੀਟਿੰਗ ਦੀ ਪ੍ਰਧਾਨਗੀ ਖੁੱਡੀਆਂ ਕਰਨਗੇ। ਇਸ ਸੱਦਾ ਪੱਤਰ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਪ੍ਰਮੁੱਖ ਕਿਸਾਨ ਧਿਰਾਂ ਨਾਲ ਮੁੜ ਗੱਲਬਾਤ ਦਾ ਰਾਹ ਖੋਲ੍ਹਣਾ ਚਾਹੁੰਦੀ ਹੈ।