ਰੰਗਾਪਾਨੀ ਵਿੱਚ ਰੇਲ ਹਾਦਸੇ ਵਾਲੀ ਥਾਂ ’ਤੇ ਆਵਾਜਾਈ ਹੋਈ ਬਹਾਲ
ਕੋਲਕਾਤਾ, 18 ਜੂਨ
ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਸਟੇਸ਼ਨ ਨੇੜੇ ਰੰਗਾਪਾਨੀ ’ਚ ਕੰਚਨਜੰਕਗਾ ਐਕਸਪ੍ਰੈੱਸ ਤੇ ਮਾਲ ਗੱਡੀ ਦੀ ਟੱਕਰ ਕਾਰਨ ਨੁਕਸਾਨੀਆਂ ਰੇਲ ਪੱਟੜੀਆਂ ਦੀ ਮੁਰੰਮਤ ਕਰਕੇ ਦੋਵੇਂ ਪਾਸਿਓਂ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਉਕਤ ਥਾਂ ’ਤੇ ਸੋਮਵਾਰ ਨੂੰ ਦੋ ਰੇਲਾਂ ਦੀ ਟੱਕਰ ਕਾਰਨ 10 ਵਿਅਕਤੀ ਮਾਰੇ ਗਏ ਸਨ ਅਤੇ ਇਸ ਟਰੈਕ ’ਤੇ ਰੇਲ ਆਵਾਜਾਈ ’ਚ ਵਿਘਨ ਪੈ ਗਿਆ ਸੀ। ਕਟਿਹਾਰ ਦੇ ਡਵੀਜ਼ਨਲ ਰੇਲਵੇ ਮੈਨੇਜਰ ਐੱਸ. ਕੁਮਾਰ ਨੇ ਕਿਹਾ ਕਿ ਰੇਲ ਟਰੈਕ ’ਤੇ ਦੋਵੇਂ ਪਾਸਿਓਂ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਦਸੇ ਵਾਲੀ ਥਾਂ ’ਤੇ ਮੁਰੰਮਤ ਕਾਰਨ ਉਥੋਂ ਹਾਲੇ ਰੇਲਗੱਡੀਆਂ ਘੱਟ ਰਫ਼ਤਾਰ ਨਾਲ ਲੰਘ ਰਹੀਆਂ ਹਨ। ਮੈਨੇਜਰ ਮੁਤਾਬਕ ਇੱਕ ਪਟੜੀ ’ਤੇ ਆਵਾਜਾਈ ਸੋਮਵਾਰ ਨੂੰ ਰਾਤ ਨੂੰ ਬਹਾਲ ਕਰ ਦਿੱਤੀ ਗਈ ਸੀ ਜਦਕਿ ਦੂਜੀ ਪਟੜੀ ’ਤੇ ਆਵਾਜਾਈ ਅੱਜ ਚਾਲੂ ਕੀਤੀ ਗਈ ਹੈ। -ਪੀਟੀਆਈ
ਸਰਕਾਰ ਨੇ ਰੇਲਵੇ ਨੂੰ ਬਰਬਾਦ ਕੀਤਾ: ਖੜਗੇ
ਨਵੀਂ ਦਿੱਲੀ, 18 ਜੂਨ
ਸਰਕਾਰ ’ਤੇ ਭਾਰਤੀ ਰੇਲਵੇ ਨੂੰ ‘ਬਰਬਾਦ’ ਕਰਨ ਦਾ ਦੋਸ਼ ਲਾਉਂਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕੰਚਨਜੰਗਾ ਐਕਸਪ੍ਰੈਸ ਹਾਦਸੇ ਦੇ ਮੱਦੇਨਜ਼ਰ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਖੜਗੇ ਨੇ ਕਿਹਾ ਕਿ ਜਦੋਂ ਵੀ ਕੋਈ ਰੇਲ ਹਾਦਸਾ ਵਾਪਰਦਾ ਹੈ ਤਾਂ ਮੋਦੀ ਸਰਕਾਰ ਦੇ ਰੇਲ ਮੰਤਰੀ ਕੈਮਰਿਆਂ ਅੱਗੇ ਇੰਝ ਜਤਾਉਂਦੇ ਹਨ ਕਿ ਸਭ ਕੁੱਝ ਠੀਕ ਹੈ। ਕਾਂਗਰਸ ਪ੍ਰਧਾਨ ਨੇ ਪੁੱਛਿਆ, ‘‘ਨਰਿੰਦਰ ਮੋਦੀ ਜੀ, ਦੱਸੋ ਕਿਸ ਨੂੰ ਜਵਾਬਦੇਹ ਠਹਿਰਾਇਆ ਜਾਵੇ, ਰੇਲ ਮੰਤਰੀ ਨੂੰ ਜਾਂ ਤੁਹਾਨੂੰ?’’
ਖੜਗੇ ਨੇ ਸਰਕਾਰ ਤੋਂ ਕੁੱਝ ਸਵਾਲ ਪੁੱਛੇ ਅਤੇ ਇਨ੍ਹਾਂ ਦੇ ਜਵਾਬ ਮੰਗੇ। ਉਨ੍ਹਾਂ ਪੁੱਛਿਆ ਕਿ ਬਾਲਾਸੌਰ ਵਰਗੇ ਵੱਡੇ ਹਾਦਸਿਆਂ ਮਗਰੋਂ ‘ਕਵਚ’ ਰੇਲ ਟੱਕਰ ਰੋਕੂ ਪ੍ਰਣਾਲੀ ਦਾ ਦਾਇਰਾ ਇੱਕ ਕਿਲੋਮੀਟਰ ਤੱਕ ਵੀ ਕਿਉਂ ਨਹੀਂ ਵਧਾਇਆ ਗਿਆ? ਉਨ੍ਹਾਂ ਪੁੱਛਿਆ, ‘‘ਰੇਲਵੇ ’ਚ ਕਰੀਬ ਤਿੰਨ ਲੱਖ ਅਸਾਮੀਆਂ ਖਾਲੀ ਕਿਉਂ ਹਨ, ਉਨ੍ਹਾਂ ਨੂੰ ਪਿਛਲੇ 10 ਸਾਲਾਂ ’ਚ ਕਿਉਂ ਨਹੀਂ ਭਰਿਆ ਗਿਆ? ਐੱਨਆਰਸੀਬੀ (2022) ਰਿਪੋਰਟ ਅਨੁਸਾਰ 2017 ਤੋਂ 2021 ਦਰਮਿਆਨ ਰੇਲ ਹਾਦਸਿਆਂ ਵਿੱਚ ਇੱਕ ਲੱਖ ਲੋਕਾਂ ਦੀ ਮੌਤ ਹੋਈ ਹੈ। ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ?’’ ਖੜਗੇ ਨੇ ਪੁੱਛਿਆ, ‘‘ਆਪਣੀ 323ਵੀਂ ਰਿਪੋਰਟ ਵਿੱਚ ਸੰਸਦ ਦੀ ਸਥਾਈ ਕਮੇਟੀ ਨੇ ਰੇਲਵੇ ਸੁਰੱਖਿਆ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਪ੍ਰਤੀ ਰੇਲਵੇ ਬੋਰਡ ਵੱਲੋਂ ਦਿਖਾਈ ਗਈ ‘ਅਣਗਹਿਲੀ’ ਲਈ ਰੇਲਵੇ ਦੀ ਆਲੋਚਨਾ ਕੀਤੀ ਸੀ। ਇਹ ਉਭਾਰਿਆ ਗਿਆ ਕਿ ਸੀਆਰਐੱਸ ਸਿਰਫ਼ 8 ਤੋਂ 10 ਫੀਸਦ ਹਾਦਸਿਆਂ ਦੀ ਜਾਂਚ ਕਰਦਾ ਹੈ ਤਾਂ ਸੀਆਰਐੱਸ ਨੂੰ ਮਜ਼ਬੂਤ ਕਿਉਂ ਨਹੀਂ ਕੀਤਾ ਗਿਆ?’’ ਇਸੇ ਦੌਰਾਨ ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਮੋਟਰਸਾਈਕਲ ’ਤੇ ਹਾਦਸੇ ਵਾਲੀ ਥਾਂ ’ਤੇ ਪਹੁੰਚਣ ਸਬੰਧੀ ਰੇਲ ਮੰਤਰੀ ਵੈਸ਼ਨਵ ’ਤੇ ਤਨਜ਼ ਕੱਸਦਿਆਂ ਪੁੱਛਿਆ ਕਿ ਉਹ ਰੇਲ ਮੰਤਰੀ ਹੈ ਜਾਂ ‘ਰੀਲ ਮੰਤਰੀ। -ਪੀਟੀਆਈ