ਰੇਲਵੇ ਵੱਲੋਂ ਇਸ਼ਮੀਤ ਚੌਕ ਫਾਟਕ ’ਤੇ ਆਵਾਜਾਈ ਬਹਾਲ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੁਲਾਈ
ਇੱਥੇ ਰੇਲਵੇ ਨੇ ਸ਼ਾਸਤਰੀ ਨਗਰ ਵਿੱਚ ਇਸ਼ਮੀਤ ਚੌਕ ਫਾਟਕ ’ਤੇ ਤਾਰਾਂ ਪਾਉਣ ਦਾ ਕੰਮ ਮੁਕੰਲਮ ਹੋਣ ਤੋਂ ਬਾਅਦ ਇਹ ਰਾਹ 7 ਦਿਨਾਂ ਬਾਅਦ ਆਵਾਜਾਈ ਲਈ ਖੋਲ੍ਹ ਦਿੱਤਾ ਹੈ। ਇਸ਼ਮੀਤ ਚੌਕ ਵਾਲਾ ਇਹ ਫਾਟਕ ਖੋਲ੍ਹਣ ਤੋਂ ਬਾਅਦ ਹੁਣ ਅਗਲੇ ਹਫ਼ਤੇ ਲਈ ਮਿੱਢਾ ਚੌਕ ਫਾਟਕ ਨੂੰ ਬੰਦ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਲੁਧਿਆਣਾ ਤੋਂ ਫਿਰੋਜ਼ਪੁਰ ਨੂੰ ਜਾਣ ਵਾਲੀ ਸਿੰਗਲ ਲਾਈਨ ਨੂੰ ਡਬਲ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਦੇ ਚੱਲਦੇ ਪਹਿਲਾਂ ਇਸ਼ਮੀਤ ਚੌਕ ਸਥਿਤ ਸ਼ਾਸਤਰੀ ਨਗਰ ਫਾਟਕ ਨੂੰ 6 ਦਿਨ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ, ਪਰ ਕੰਮ ਵਿੱਚ ਦੇਰੀ ਹੋਣ ਦੇ ਚੱਲਦੇ ਇਹ ਰਸਤਾ ਦੋ ਦਿਨ ਦੇਰੀ ਨਾਲ ਖੋਲ੍ਹਿਆ ਗਿਆ। ਇਸ ਰਸਤੇ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਹਿਸੂਸ ਕੀਤੀ। ਰੇਲਵੇ ਵਿਭਾਗ ਵੱਲੋਂ ਸ਼ਾਸਤਰੀ ਨਗਰ ਫਾਟਕਾਂ ’ਤੇ ਜ਼ਮੀਨਦੋਜ਼ ਤਾਰਾਂ ਸਣੇ ਹੋਰ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦੇ ਇਸ ਫਾਟਕ ਨੂੰ ਰੇਲਵੇ ਵਿਭਾਗ ਵੱਲੋਂ 19 ਜੁਲਾਈ ਤੋਂ ਲੈ ਕੇ 25 ਜੁਲਾਈ ਤੱਕ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਸੀ।
ਇਸ ਕਾਰਨ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਸ਼ਾਸਤਰੀ ਨਗਰ ਫਾਟਕ ਦੀ ਬਜਾਏ ਬਦਲਵੇਂ ਰਸਤਿਆਂ ਦਾ ਸਹਾਰਾ ਲੈਣਾ ਪਿਆ। ਦੂਜੇ ਪਾਸੇ ਮਿੱਢਾ ਚੌਕ ਫਾਟਕ ਨੂੰ ਸੋਮਵਾਰ ਤੋਂ ਇੱਕ ਹਫ਼ਤੇ ਲਈ ਬੰਦ ਕੀਤਾ ਜਾਏਗਾ। ਇਸ ਦੇ ਲਈ ਇੱਕ ਹਫ਼ਤੇ ਲਈ ਕੋਚਰ ਮਾਰਕੀਟ, ਬੱਸ ਸਟੈਂਡ, ਮਾਡਲ ਟਾਊਣ, ਹਰਨਾਮ ਨਗਰ, ਗਿੱਲ ਰੋਡ ਵੱਲ ਜਾਣ ਲਈ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।
ਰੇਲਵੇ ਲਾਈਨਾਂ ਕਾਰਨ ਇੱਕ ਹਫਤੇ ਲਈ ਫਾਟਕ ਬੰਦ ਹੋਣ ਕਾਰਨ ਲੋਕਾਂ ਨੂੰ ਬਦਲਵੇਂ ਰੂਟ ’ਤੇ ਜਾਣਾ ਪਵੇਗਾ। ਰੇਲਵੇ ਵਿਭਾਗ ਨੇ ਇਸਦੇ ਲਈ ਸਾਰੀ ਜਾਣਕਾਰੀ ਜਾਰੀ ਕਰ ਦਿੱਤੀ ਹੈ। ਇਸ ਰੇਲਵੇ ਫਾਟਕ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨ ਲੰਘਦੇ ਹਨ, ਦੋ ਸਕੂਲਾਂ ਦੇ ਬੱਚੇ ਇਸ ਫਾਟਕ ਨੂੰ ਪਾਰ ਕਰਕੇ ਸਕੂਲ ਜਾਂਦੇ ਹਨ। ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਰੇਲਵੇ ਫਾਟਕ ਬੰਦ ਹੋਣ ਕਾਰਨ ਹੁਣ ਟਰੈਫਿਕ ਪੁਲੀਸ ਇਸ ਰੂਟ ਨੂੰ ਬਦਲਵੇਂ ਰਸਤੇ ’ਤੇ ਪਾਉਣ ਦੀ ਤਿਆਰੀ ਕਰ ਰਹੀ ਹੈ।