ਆਤਿਸ਼ਬਾਜ਼ੀ ਦੇ ਸਟਾਲਾਂ ਕਾਰਨ ਸੜਕਾਂ ’ਤੇ ਜਾਮ
ਮਿਹਰ ਸਿੰਘ
ਕੁਰਾਲੀ, 29 ਅਕਤੂਬਰ
ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਵੱਲੋਂ ਖਰੀਦਦਾਰੀ ਦੌਰਾਨ ਸ਼ਹਿਰ ਵਿਚ ਅੱਜ ਸਾਰਾ ਦਿਨ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹੀ। ਮੋਰਿੰਡਾ ਰੋਡ ਅਤੇ ਬਡਾਲੀ ਰੋਡ ’ਤੇ ਆਤਿਸ਼ਬਾਜ਼ੀ ਦੀਆਂ ਦੁਕਾਨਾਂ ਅੱਗੇ ਖੜ੍ਹੇ ਵਾਹਨ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਰਹੇ ਸ਼ਹਿਰ ਦਾ ਪਡਿਆਲਾ ਬਾਈਪਾਸ ਵੀ ਜਾਮ ਵਿੱਚ ਘਿਰਿਆ ਰਿਹਾ। ਦੂਜੇ ਪਾਸੇ ਸਰਕਾਰੀ ਦਾਅਵਿਆਂ ਦੇ ਉਲਟ ਸ਼ਹਿਰ ਵਿੱਚ ਆਤਿਸ਼ਬਾਜ਼ੀ ਵੇਚਣ ਲਈ ਕੇਵਲ ਦੋ ਦਰਜ਼ਨ ਵਪਾਰੀਆਂ ਕੋਲ ਲਾਇਸੈਂਸ ਹੋਣ ਦੇ ਬਾਵਜੂਦ ਕਥਿਤ ਤੌਰ ’ਤੇ ਸ਼ਹਿਰ ਦੇ ਹਰ ਕੋਨੇ ਤੇ ਸੜਕ ’ਤੇ ਆਤਿਸ਼ਬਾਜ਼ੀ ਦੀਆਂ ਸੈਂਕੜੇ ਦੁਕਾਨਾਂ ਲੱਗੀਆਂ ਰਹੀਆਂ। ਬਜ਼ਾਰਾਂ ਵਿੱਚ ਅੱਜ ਖੂਬ ਰੌਣਕ ਰਹੀ ਤੇ ਲੋਕਾਂ ਨੇ ਦੁਕਾਨਾਂ ਅਤੇ ਸਟਾਲਾਂ ਤੋਂ ਖੂਬ ਖ਼ਰੀਦੋ ਫਰੋਖ਼ਤ ਕੀਤੀ। ਹਾਲਾਂਕਿ ਸ਼ਹਿਰ ਦੀ ਮੋਰਿੰਡਾ ਰੋਡ ਅਤੇ ਬਡਾਲੀ ਰੋਡ ਉਤੇ ਆਤਿਸ਼ਬਾਜ਼ੀ ਦੀਆਂ ਕਈ ਦਰਜ਼ਨ ਭਰ ਦੁਕਾਨਾਂ ਅੱਗੇ ਸੜਕ ’ਤੇ ਹੀ ਹੁੰਦੀ ਰਹੀ ਪਾਰਕਿੰਗ ਕਾਰਨ ਆਵਾਜਾਈ ’ਚ ਅੜਿੱਕਾ ਪਿਆ ਰਿਹਾ ਅਤੇ ਜਾਮ ਦੀ ਸਥਿਤੀ ਬਣ ਗਈ। ਪੁਰਾਣੀ ਅਨਾਜ ਮੰਡੀ ਨੂੰ ਜਾਣ ਵਾਲੀ ਬਡਾਲੀ ਰੋਡ ’ਤੇ ਝੋਨੇ ਦੀਆਂ ਟਰਾਲੀਆਂ ਤੇ ਹੋਰ ਭਾਰੇ ਵਾਹਨਾਂ ਕਾਰਨ ਸਥਿਤੀ ਹੋਰ ਵੀ ਗੰਭੀਰ ਰਹੀ। ਇਸ ਕਾਰਨ ਜਿੱਥੇ ਸ਼ਹਿਰ ਦੇ ਕਈ ਵਾਰਡਾਂ ਤੇ ਦਰਜ਼ਨਾਂ ਪਿੰਡਾਂ ਦੇ ਲੋਕਾਂ ਨੂੰ ਸਾਰਾ ਦਿਨ ਭਾਰੀ ਪ੍ਰੇਸ਼ਾਨੀ ਝੱਲਣੀ ਪਈ ਉਥੇ ਮੰਡੀ ਵਿੱਚ ਫਸਲ ਲਿਆਉਣ ਵਾਲੇ ਕਿਸਾਨਾਂ ਨੂੰ ਵੀ ਬੇਹੱਦ ਪ੍ਰੇਸ਼ਾਨੀ ਹੋਈ।