Traffic Jam: ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲਾਲੜੂ ਨੇੜੇ ਲੱਗਿਆ ਜਾਮ
ਸਰਬਜੀਤ ਸਿੰਘ ਭੱਟੀ
ਲਾਲੜੂ, 5 ਫਰਵਰੀ
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਅੱਜ ਪਿੰਡ ਸਰਸੀਣੀ ਤੋਂ ਲੈ ਕੇ ਲੈਹਲੀ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ। ਇਸ ਕਾਰਨ ਲਾਲੜੂ ਇਲਾਕੇ ਦੀਆਂ ਸਾਰੀਆਂ ਲਿੰਕ ਸੜਕਾਂ, ਇੱਥੋਂ ਤੱਕ ਕਿ ਪਿੰਡਾਂ ਦੀਆਂ ਗਲੀਆਂ ਵਿੱਚੋਂ ਵੀ ਭਾਰੀ ਵਾਹਨ ਲੰਘ ਰਹੇ ਹਨ ਅਤੇ ਜਾਮ ਵਿੱਚ ਫਸੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜਾਮ ਬੀਤੀ ਰਾਤ ਤੋਂ ਹੀ ਲੱਗਿਆ ਹੋਇਆ ਹੈ ਜਿਸ ਕਾਰਨ ਅੱਜ ਵੀ ਵਾਹਨ ਬਹੁਤ ਘੱਟ ਰਫਤਾਰ ਨਾਲ ਅੱਗੇ ਵਧ ਰਹੇ ਹਨ। ਇਸ ਜਾਮ ਨੂੰ ਪਾਰ ਕਰਨ ਲਈ ਆਮ ਲੋਕਾਂ ਨੂੰ ਇੱਕ ਤੋਂ ਡੇਢ ਘੰਟਾ ਲੱਗ ਰਿਹਾ ਹੈ।
ਜਾਣਕਾਰੀ ਮੁਤਾਬਕ ਪਿੰਡ ਲੈਹਲੀ ਨੇੜੇ ਮੁੱਖ ਮਾਰਗ ਅਤੇ ਰੇਲਵੇ ਲਾਈਨ ਉੱਪਰੋਂ ਦੀ ਪਿੱਲਰਾ ’ਤੇ ਸੜਕ ਬਣਾਉਣ ਲਈ ਨਿਰਮਾਣ ਕਾਰਜ ਜ਼ੋਰਾਂ ’ਤੇ ਚੱਲ ਰਿਹਾ ਹੈ ਜਿਸ ਕਾਰਨ ਸੜਕ ਨੂੰ ਥੋੜ੍ਹਾ ਜਿਹਾ ਆਰਜੀ ਤੌਰ ’ਤੇ ਮੋੜਿਆ ਹੋਇਆ ਹੈ, ਜਿਸ ਕਾਰਨ ਲਾਲੜੂ ਤੋਂ ਬਨੂੜ ਜਾਣ ਵਾਲੀ ਟਰੈਫਿਕ ਅਤੇ ਮੁੱਖ ਮਾਰਗ ਦੀ ਟਰੈਫਿਕ ਵਿੱਚ ਭਾਰੀ ਅੜਿੱਕਾ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਵੀ ਕੌਮੀ ਮਾਰਗ ਨੰਬਰ ਇੱਕ ਦੀ ਟਰੈਫਿਕ ਜਿਨ੍ਹਾਂ ਵਿੱਚ ਟਰਾਲੇ ਅਤੇ ਟਰੱਕ ਸ਼ਾਮਿਲ ਹਨ, ਉਹ ਵੀ ਇਥੋਂ ਹੀ ਲੰਘ ਰਹੇ ਹਨ, ਜਿਸ ਕਾਰਨ ਟਰੈਫਿਕ ਵੱਧ ਗਿਆ ਹੈ। ਜਾਮ ਵਿੱਚ ਫਸੇ ਵੱਡੀ ਗਿਣਤੀ ਲੋਕਾਂ ਨੂੰ ਜ਼ਰੂਰੀ ਕੰਮਾਂ ਲਈ ਚੰਡੀਗੜ੍ਹ ਤੇ ਦਿੱਲੀ ਜਾਣਾ ਪੈਂਦਾ ਹੈ ਜਿਸ ਕਾਰਨ ਵੀ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਟਰੈਫਿਕ ਪੁਲੀਸ ਲਾਲੜੂ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਮੁਲਾਜ਼ਮ ਪੂਰੀ ਮੁਸਤੈਦੀ ਨਾਲ ਟਰੈਫਿਕ ਚਲਾਉਣ ਲਈ ਯਤਨ ਕਰ ਰਹੇ ਹਨ ਪਰ ਟਰੈਫਿਕ ਭਾਰੀ ਹੋਣ ਕਾਰਨ ਜਾਮ ਲੱਗਿਆ ਹੋਇਆ ਹੈ ਅਤੇ ਕੁਝ ਸਮੇਂ ਵਿੱਚ ਟਰੈਫਿਕ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜਾਵੇਗਾ। ਇਹ ਜਾਣਕਾਰੀ ਮਿਲੀ ਹੈ ਕਿ ਸ਼ਾਮ ਵੇਲੇ ਜਾਮ ਘੱਟ ਗਿਆ ਹੈ ਪਰ ਇਹ ਹਾਲੇ ਵੀ ਦੋ ਕਿਲੋਮੀਟਰ ਤਕ ਲੱਗਿਆ ਹੋਇਆ ਹੈ।