For the best experience, open
https://m.punjabitribuneonline.com
on your mobile browser.
Advertisement

ਸੂਬਾਈ ਹੱਦ ਸੀਲ ਹੋਣ ਕਾਰਨ ਸਰਹੱਦੀ ਪਿੰਡਾਂ ’ਚ ਟਰੈਫਿਕ ਵਧੀ

10:18 AM Feb 25, 2024 IST
ਸੂਬਾਈ ਹੱਦ ਸੀਲ ਹੋਣ ਕਾਰਨ ਸਰਹੱਦੀ ਪਿੰਡਾਂ ’ਚ ਟਰੈਫਿਕ ਵਧੀ
ਪਿੰਡ ਲੁਹਾਰਾ ਵਿੱਚ ਲਿੰਕ ਸੜਕ ਤੋਂ ਲੰਘਦੇ ਟਰੱਕਾਂ ਨੂੰ ਰੋਕਦੇ ਹੋਏ ਲੋਕ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 24 ਫਰਵਰੀ
ਕਿਸਾਨ ਅੰਦੋਲਨ ਦੇ ਮੱਦੇਨਜ਼ਰ ਡੱਬਵਾਲੀ ਵਿੱਚ ਪੰਜਾਬ ਦੀਆਂ ਹੱਦਾਂ ਸੀਲ ਹੋਣ ਕਾਰਨ ਹਰਿਆਣਾ ਨਾਲ ਖਹਿੰਦੇ ਲੰਬੀ ਹਲਕੇ ਦੇ ਪਿੰਡਾਂ ’ਤੇ ਕਮਰਸ਼ੀਅਲ ਟਰੈਫ਼ਿਕ ਦਾ ਦਬਾਅ ਵਧ ਰਿਹਾ ਹੈ। ਰਾਜਸਥਾਨ ਤੋਂ ਬਠਿੰਡਾ-ਪੰਜਾਬ ਵਾਇਆ ਡੱਬਵਾਲੀ ਜਾਣ ਵਾਲੇ ਵਜ਼ਨੀ ਟਰੱਕ-ਟਰਾਲੇ ਨਾਕਾਬੰਦੀ ਕਾਰਨ ਪੰਜਾਬ ਵਿੱਚ ਦਾਖ਼ਲ ਹੋਣ ਖਾਤਰ ਪਿੰਡ ਵੜਿੰਗਖੇੜਾ ਅਤੇ ਲੁਹਾਰਾ ਲਿੰਕ ਸੜਕ ਦਾ ਸਹਾਰਾ ਲੈ ਰਹੇ ਹਨ। ਹਰ ਸਮੇਂ ਸੈਂਕੜੇ ਟਰੱਕਾਂ ਦੇ ਲਾਂਘੇ ਕਾਰਨ ਘੱਟ ਚੌੜੀਆਂ ਪੇਂਡੂ ਲਿੰਕ ਸੜਕਾਂ ’ਤੇ ਦਬਾਅ ਵਧਣ ਨਾਲ ਨਿਕਾਸੀ ਤੇ ਖੇਤੀ ਨਾਲਿਆਂ ਦੀਆਂ ਪੁਲੀਆਂ ਤੋਂ ਇਲਾਵਾ ਦਰਜਨ ਭਰ ਘਰਾਂ ਨੂੰ ਨੁਕਸਾਨ ਪੁੱਜਿਆ ਹੈ। ਪਿੰਡ ਲੁਹਾਰਾ ਵਿੱਚ ਟਰੱਕਾਂ ਦੇ ਕਾਫ਼ਲੇ ਲੰਘਣ ਕਾਰਨ ਘਰਾਂ ਦੀਆਂ ਕੰਧਾਂ ’ਚ ਤਰੇੜਾਂ ਅਤੇ ਨਿਕਾਸੀ ਨਾਲਾ ਭੰਨੇ ਜਾਣ ਤੋਂ ਪ੍ਰੇਸ਼ਾਨ ਆਈਸੀਡੀਐੱਸ ਦੇ ਸੁਪਰਵਾਈਜ਼ਰ ਗੁਰਪਾਲ ਕੌਰ ਲੁਹਾਰਾ, ਬਖਸ਼ੀਸ਼ ਸਿੰਘ, ਦਰਸ਼ਨ ਸਿੰੰਘ ਅਤੇ ਹੋਰਨਾਂ ਲੋਕਾਂ ਨੇ ਮੂਹਰੇ ਖੜ੍ਹੇ ਹੋ ਕੇ ਟਰੱਕ ਰੋਕ ਲਏ ਅਤੇ ਉਨ੍ਹਾਂ ਦੇ ਲਾਂਘੇ ’ਤੇ ਇਤਰਾਜ਼ ਜਤਾਇਆ।

Advertisement

ਘਰਾਂ ’ਚ ਆਈਆਂ ਤਰੇੜਾਂ ਦਿਖਾਉਂਦੇ ਹੋਏ ਪਿੰਡ ਵਾਸੀ।

ਪਿੰਡ ਵਾਸੀਆਂ ਦੇ ਵਿਰੋਧ ਕਰਕੇ ਟਰੱਕ ਲਗਪਗ ਇੱਕ ਘੰਟੇ ਤੱਕ ਰੁਕੇ ਰਹੇ। ਗੁਰਪਾਲ ਕੌਰ ਲੁਹਾਰਾ ਨੇ ਕਿਹਾ ਕਿ ਟਰੱਕਾਂ ਦੇ ਲਾਂਘੇ ਨਾਲਾ ਵੜਿੰਗਖੇੜਾ ਲਿੰਕ ਸੜਕ ’ਤੇ ਪਿੰਡ ਦਾ ਮੁੱਖ ਨਿਕਾਸੀ ਟੁੱਟ ਗਿਆ ਅਤੇ ਉਨ੍ਹਾਂ ਵਿੱਚ ਮਿੱਟੀ ਭਰੀ ਗਈ। ਨਿਕਾਸੀ ਨਾਲਾ ਟੁੱਟਣ ਦੇ ਦਬਾਅ ਦਰਜਨ ਤੋਂ ਵੱਧ ਘਰਾਂ ਦੀਆਂ ਕੰਧਾਂ ਵਿੱਚ ਤਰੇੜ ਆ ਗਈਆਂ ਹਨ। ਹੁਣ ਲਿੰਕ ਸੜਕ ਬਾਰੇ ਪਤਾ ਲੱਗਣ ’ਤੇ ਪੰਜਾਬ ਤੋਂ ਰਾਜਸਥਾਨ ਜਾਂਦੇ ਟਰੱਕ ਵੀ ਇੱਥੋਂ ਲੰਘਣ ਲੱਗੇ ਹਨ। ਪਿੰਡ ਵਾਸੀ ਅਤੇ ਰਮਨਦੀਪ ਸਿੰਘ, ਐੱਨਆਰਆਈ ਪਰਮਜੀਤ ਸਿੰਘ, ਡਿੰਪੀ ਭੁੱਲਰ, ਕਰਮਵੀਰ ਸੰਨੀ, ਸਾਹਿਬ ਸਿੰਘ, ਜਿੰਮੀ ਬਰਾੜ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਿਸਾਨ ਅੰਦੋਲਨ ਕਰਕੇ ਟਰੱਕਾਂ ਦੇ ਲਾਂਘੇ ਲਈ ਸੁਚੱਜੇ ਬਦਲਵੇਂ ਪ੍ਰਬੰਧ ਨਹੀਂ ਕੀਤੇ ਗਏ। ਲੋਕਾਂ ਅਨੁਸਾਰ ਲਿੰਕ ਸੜਕ ਵਿੱਚ ਵੀ ਵਜ਼ਨੀ ਲਾਂਘੇ ਕਾਰਨ ਥਾਂ-ਥਾਂ ’ਤੇ ਤਰੇੜਾਂ ਆ ਗਈਆਂ ਹਨ। ਪਿੰਡ ਵਾਸੀਆਂ ਵੱਲੋਂ ਕਿੱਲਿਆਂਵਾਲੀ ਪੁਲੀਸ ਨੂੰ ਮੌਕੇ ’ਤੇ ਬੁਲਾਇਆ ਗਿਆ। ਖਾਕੀ ਅਮਲੇ ਦੀ ਆਮਦ ਮਗਰੋਂ ਟਰੱਕਾਂ ਨੂੰ ਜਾਣ ਦਿੱਤਾ ਗਿਆ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਟਰੱਕਾਂ ਦੇ ਨਾਜਾਇਜ਼ ਲਾਂਘੇ ’ਤੇ ਪਾਬੰਦੀ ਨਹੀਂ ਲਾਈ ਤਾਂ ਉਹ ਸੰੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਦੂਜੇ ਪਾਸੇ ਥਾਣਾ ਕਿੱਲਿਆਂਵਾਲੀ ਦੇ ਮੁਖੀ ਕਰਮਜੀਤ ਕੌਰ ਦਾ ਕਹਿਣਾ ਸੀ ਕਿ ਲਿੰਕ ਸੜਕ ਤੋਂ ਟਰੱਕਾਂ ਦੇ ਲਾਂਘੇ ਸਬੰਧੀ ਜਾਇਜ਼ਾ ਲੈ ਕੇ ਢੁੱਕਵੇਂ ਹੱਲ ਕੱਢੇ ਜਾਣਗੇ।

Advertisement

ਡੱਬਵਾਲੀ: ਵਿਧਾਇਕ ਸਿਹਾਗ ਨੇ ਲਿਆਂਦਾ ਧਿਆਨ ਲਿਆਊ ਮਤਾ

ਡੱਬਵਾਲੀ: ਡੱਬਵਾਲੀ ਦੇ ਵਿਧਾਇਕ ਅਮਿਤ ਸਿਹਾਗ ਨੇ ਹਰਿਆਣਾ ਵਿਧਾਨ ਸਭਾ ਵਿੱਚ ਧਿਆਨ ਖਿੱਚੂ ਮਤਾ ਲਿਆ ਕੇ ਕਿਸਾਨ ਅੰਦੋਲਨ ਕਾਰਨ ਡੱਬਵਾਲੀ ਵਿੱਚ ਪੰਜਾਬ ਹੱਦਾਂ ਸੀਲ ਹੋਣ ਕਾਰਨ ਸ਼ਹਿਰ ਵਾਸੀਆਂ ਦੀ ਔਖਿਆਈ ਨੂੰ ਸਰਕਾਰ ਦੇ ਸਨਮੁੱਖ ਰੱਖਿਆ। ਮਤੇ ਦੀ ਹਮਾਇਤ ਮੁਲਾਣਾ ਤੋਂ ਵਿਧਾਇਕ ਵਰੁਣ ਚੌਧਰੀ ਅਤੇ ਅਸੰਧ ਤੋਂ ਵਿਧਾਇਕ ਸ਼ਮਸ਼ੇਰ ਗੋਗੀ ਨੇ ਕੀਤੀ। ਵਿਧਾਇਕ ਸਿਹਾਗ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੇ ਤਹਿਤ ਡੱਬਵਾਲੀ ਵਿੱਚ 11 ਫਰਵਰੀ 2024 ਤੋਂ ਕਾਨੂੰਨ ਵਿਵਸਥਾ ਦੇ ਨਾਂ ’ਤੇ ਸੂਬਾਈ ਹੱਦਾਂ ਉੱਤੇ ਨਾਕੇ ਲਗਾਏ ਹਨ, ਜਿਸ ਕਾਰਨ ਟਰੈਫਿਕ ਆਵਾਜਾਈ ਬੰਦ ਹੈ। ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਵੀ ਪੁਲੀਸ ਵੱਲੋਂ ਰਾਹ ਬੰਦ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਨਾਕਾਬੰਦੀ ਕਰਕੇ ਜਾਮ ਕਾਰਨ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਗੱਡੀਆਂ ਨੂੰ ਵੀ ਆਪਣੀ ਮੰਜ਼ਿਲ ’ਤੇ ਪੁੱਜਣਾ ਮੁਸ਼ਕਲ ਹੋ ਰਿਹਾ ਹੈ। ਸਰਹੱਦੀ ਸ਼ਹਿਰ ਵਿੱਚ ਨਾਕਾਬੰਦੀ ਅਤੇ ਇੰਟਰਨੈੱਟ ਬੰਦ ਹੋਣ ਕਾਰਨ ਸ਼ਹਿਰ ’ਚ ਵਪਾਰ ਠੰਪ ਬੰਦ ਹੈ। ਇੰਟਰਨੈੱਟ ਬੰਦ ਕਾਰਨ ਲੋਕ ਸਰਕਾਰੀ ਸਹੂਲਤਾਂ ਤੋਂ ਵਾਂਝੇ ਹਨ ਤੇ ਵਿਦਿਆਰਥੀਆਂ ਦੀ ਸਿੱਖਿਆ ਪ੍ਰਭਾਵਿਤ ਹੋ ਰਹੀ ਹੈ। ਵਿਧਾਇਕ ਨੇ ਮਤੇ ਦੇ ਜਰੀਏ ਸਰਕਾਰ ਤੋਂ ਇਸ ਗੰਭੀਰ ਮੁੱਦੇ ’ਤੇ ਗੰਭੀਰਤਾ ਨਾਲ ਚਰਚਾ ਦੀ ਮੰਗ ਕੀਤੀ। -ਪੱਤਰ ਪ੍ਰੇਰਕ

Advertisement
Author Image

sukhwinder singh

View all posts

Advertisement