ਦੇਸ਼ ਭਗਤ ’ਵਰਸਿਟੀ ਵੱਲੋਂ ਟਰੈਫਿਕ ਜਾਗਰੂਕਤਾ ਸੈਮੀਨਾਰ
ਮੰਡੀ ਗੋਬਿੰਦਗੜ੍ਹ: ਸੜਕ ਸੁਰੱਖਿਆ ਵਧਾਉਣ ਅਤੇ ਜ਼ਿੰਮੇਵਾਰ ਡਰਾਈਵਿੰਗ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਗਤ ਯੂਨੀਵਰਸਿਟੀ ਨੇ ਟਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ। ਜ਼ਿਲ੍ਹਾ ਟਰੈਫਿਕ ਇੰਚਾਰਜ ਇੰਦਰਪ੍ਰੀਤ ਸਿੰਘ ਬਡੂੰਗਰ ਅਤੇ ਟਰੈਫਿਕ ਇੰਚਾਰਜ ਦਵਿੰਦਰ ਸਿੰਘ ਨੇ ਨਿਯਮਾਂ ਬਾਰੇ ਜਾਗਰੂਕ ਕੀਤਾ। ਸ੍ਰੀ ਬਡੂੰਗਰ ਨੇ ਕਿਹਾ ਕਿ ਹੈਲਮੇਟ ਨਾ ਸਿਰਫ਼ ਜੁਰਮਾਨੇ ਤੋਂ ਬਚਣ ਵਿਚ ਸਹਾਈ ਹੁੰਦਾ ਹੈ ਸਗੋਂ ਜਾਨ ਬਚਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਡਰਾਈਵਰਾਂ ਨੂੰ ਵਾਹਨ ਦੀ ਰਫ਼ਤਾਰ ਘੱਟ ਰੱਖਣ ਅਤੇ ਖ਼ਾਸ ਕਰ ਕੇ ਧੁੰਦ ਦੀ ਸਥਿਤੀ ਵਿੱਚ ਸੁਰੱਖਿਅਤ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ। ਟਰੈਫਿਕ ਇੰਚਾਰਜ ਦਵਿੰਦਰ ਸਿੰਘ ਨੇ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ ਹਾਦਸਿਆਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਛੋਟੀ ਉਮਰ ਦੇ ਲੜਕੇ ਆਪਣੀ ਜਾਨ ਗੁਆ ਰਹੇ ਹਨ ਜਿਨ੍ਹਾਂ ਵਿਚ ਫਤਹਿਗੜ੍ਹ ਸਾਹਿਬ ਜ਼ਿਲ੍ਹਾ ਪੰਜਾਬ ਵਿੱਚੋਂ 5ਵੇਂ ਨੰਬਰ ’ਤੇ ਹੈ। ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ ਅਤੇ ਪ੍ਰੋ. ਕੁਲਪਤੀ ਡਾ. ਤਜਿੰਦਰ ਕੌਰ ਨੇ ਸੁਰੱਖਿਅਤ ਸੜਕੀ ਮਾਹੌਲ ਸਿਰਜਣ ਵਿੱਚ ਅਜਿਹੇ ਉਪਰਾਲਿਆਂ ਦੀ ਮਹੱਤਤਾ ’ਤੇ ਜ਼ੋਰ ਦਿਤਾ। ਇਸ ਮੌਕੇ ਸਹਾਇਕ ਥਾਣੇਦਾਰ ਟਰੈਫਿਕ ਇੰਚਾਰਜ ਬਲਜਿੰਦਰ ਸਿੰਘ, ਗੁਰਮੀਤ ਸਿੰਘ, ਯੂਨੀਵਰਸਿਟੀ ਦੇ ਉਪ ਪ੍ਰਧਾਨ ਡਾ. ਹਰਸ਼ ਸਦਾਵਰਤੀ ਤੇ ਮੀਡੀਆ ਡਾਇਰੈਕਟਰ ਡਾ. ਸੁਰਜੀਤ ਕੌਰ ਪਥੇਜਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ