‘ਆਪ’ ਦੇ ਪ੍ਰਦਰਸ਼ਨਾਂ ਕਾਰਨ ਦਿੱਲੀ ਵਿੱਚ ਆਵਾਜਾਈ ਪ੍ਰਭਾਵਿਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ‘ਆਪ’ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਭਾਜਪਾ ਹੈੱਡਕੁਆਰਟਰ ਅਤੇ ਈਡੀ ਦਫ਼ਤਰ ਨੂੰ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਅਤੇ ਆਈਟੀਓ ਚੌਰਾਹੇ, ਰਾਜਘਾਟ ਅਤੇ ਵਿਕਾਸ ਮਾਰਗ ’ਤੇ ਵੱਡੇ ਪੱਧਰ ’ਤੇ ਆਵਾਜਾਈ ਠੱਪ ਰਹੀ। ਦਿੱਲੀ ਟਰੈਫਿਕ ਪੁਲੀਸ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਅਤੇ ਵਰਕਰਾਂ ਵੱਲੋਂ ਯੋਜਨਾਬੱਧ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ। ਟਰੈਫਿਕ ਪੁਲੀਸ ਨੇ ‘ਆਪ’ ਸਮਰਥਕਾਂ ਦੇ ਵੱਡੇ ਇਕੱਠ ਕਾਰਨ ਯਾਤਰੀਆਂ ਨੂੰ ਮੱਧ ਦਿੱਲੀ ਵੱਲ ਜਾਣ ਵਾਲੇ ਰਸਤਿਆਂ ਤੋਂ ਬਚਣ ਦੀ ਸਲਾਹ ਦਿੱਤੀ।
ਟਰੈਫਿਕ ਪੁਲੀਸ ਨੇ ਐਕਸ ’ਤੇ ਇਕ ਪੋਸਟ ’ਚ ਲਿਖਿਆ, ‘‘ਡੀਡੀਯੂ ਮਾਰਗ ਦਿੱਲੀ ’ਤੇ ਸਿਆਸੀ ਪਾਰਟੀ ਦੇ ਪ੍ਰਸਤਾਵਿਤ ਵਿਰੋਧ ਦੇ ਮੱਦੇਨਜ਼ਰ ਆਈਪੀ ਮਾਰਗ, ਵਿਕਾਸ ਮਾਰਗ, ਮਿੰਟੋ ਰੋਡ ਅਤੇ ਬਹਾਦਰ ਸ਼ਾਹ ਜ਼ਫਰ ਮਾਰਗ ’ਤੇ ਭਾਰੀ ਆਵਾਜਾਈ ਭਾਰੀ ਰਹੇਗੀ। ਕਿਰਪਾ ਕਰਕੇ ਇਨ੍ਹਾਂ ਸੜਕਾਂ ਤੋਂ ਬਚੋ ਅਤੇ ਉਸੇ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਓ।’’ ਕੇਂਦਰੀ ਦਿੱਲੀ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਫਤਰ ਨੂੰ ਜਾਣ ਵਾਲੀਆਂ ਸੜਕਾਂ ਦੇ ਬੰਦ ਹੋਣ ਕਾਰਨ ਟਰੈਫਿਕ ਪੁਲੀਸ ਨੇ ਲੋਕਾਂ ਨੂੰ ਕ੍ਰਿਸ਼ਨਾ ਮੇਨਨ ਮਾਰਗ, ਮੋਤੀ ਲਾਲ ਨਹਿਰੂ ਮਾਰਗ, ਜਨਪਥ ਅਤੇ ਏਪੀਜੇ ਅਬਦੁਲ ਕਲਾਮ ਮਾਰਗ ’ਤੇ ਜਾਣ ਤੋਂ ਬਚਣ ਲਈ ਕਿਹਾ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ (ਆਪ) ਦੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ਅੱਜ ਬੰਦ ਰਿਹਾ। ਪ੍ਰਧਾਨ ਮੰਤਰੀ ਦੀ ਰਿਹਾਇਸ਼ ਲੋਕ ਕਲਿਆਣ ਮਾਰਗ ’ਤੇ ਸਥਿਤ ਹੈ। ਪੁਲੀਸ ਦੇ ਨਿਰਦੇਸ਼ਾਂ ਤੋਂ ਬਾਅਦ ਡੀਐਮਆਰਸੀ ਨੇ ਸਟੇਸ਼ਨ ਨੂੰ ਬੰਦ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਦਿਨ ਵਿੱਚ ਡੀਐੱਮਆਰਸੀ ਨੇ ਆਈਟੀਓ ਮੈਟਰੋ ਸਟੇਸ਼ਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਸੀ। ਡੀਐੱਮਆਰਸੀ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਦਿੱਲੀ ਪੁਲੀਸ ਦੀ ਸਲਾਹ ’ਤੇ ਆਈਟੀਓ ਮੈਟਰੋ ਸਟੇਸ਼ਨ ਤੋਂ ਇਲਾਵਾ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ਵੀ ਅਗਲੇ ਨੋਟਿਸ ਤੱਕ ਬੰਦ ਰਹੇਗਾ।’’