ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ
ਜਲੰਧਰ (ਪੱਤਰ ਪ੍ਰੇਰਕ): ਅੱਜ ਦੁਪਹਿਰ ਸਮੇਂ ਜ਼ਿਲ੍ਹੇ ਅੰਦਰ ਪਏ ਤੇਜ਼ ਮੀਂਹ ਕਾਰਨ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ ਅਤੇ ਦੂਜੇ ਪਾਸੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਣ ਕਾਰਨ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ। ਅੱਜ ਤਾਪਮਾਨ ਪਰਸੋ ਨਾਲੋਂ 10 ਤੋਂ 11 ਡਿਗਰੀ ਘੱਟ ਰਿਹਾ। ਅੱਜ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਰਿਹਾ, ਜਦੋਂਕਿ ਪਰਸੋ ਤਾਪਮਾਨ 43 ਡਿਗਰੀ ਨਾਲੋਂ ਵੱਧ ਦਰਜ ਕੀਤਾ ਗਿਆ ਸੀ। ਅੱਜ ਸਾਰਾ ਦਿਨ ਹਵਾ ਹੀ ਚਲਦੀ ਰਹੀ। ਦੂਜੇ ਪਾਸੇ ਰਾਮਾਂਮੰਡੀ ਤੋਂ ਪੀਏਪੀ ਜੀਟੀ ਰੋਡ ਨੇ ਝੀਲ ਦਾ ਰੂਪ ਧਾਰ ਲਿਆ, ਜਿਸ ਕਾਰਨ ਆਵਾਜਾਈ ਵਿਚ ਵੀ ਵਿਘਨ ਪਿਆ ਤੇ ਬੀਐੱਸਐੱਫ ਚੌਕ ਤੋਂ ਪੀਏਪੀ ਚੌਕ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਅੱਜ ਤੇਜ਼ ਮੀਂਹ ਕਾਰਨ ਸ਼ਹਿਰ ਅੰਦਰ ਕਈ ਦੁਕਾਨਾਂ ਅਤੇ ਮਕਾਨਾਂ ਵਿਚ ਪਾਣੀ ਦਾਖਲ ਹੋ ਗਿਆ। ਇਲਾਕੇ ਵਿਚ ਟੁੱਟੀਆਂ ਸੜਕਾਂ ਕਾਰਨ ਟੋਇਆਂ ਵਿਚ ਪਾਣੀ ਭਰਣ ਕਾਰਨ ਵਾਹਨ ਚਾਲਕਾਂ ਨੂੰ ਡੂੰਘੇ ਟੋਇਆਂ ਦਾ ਪਤਾ ਨਹੀਂ ਲੱਗਿਆ, ਜਿਸ ਕਾਰਨ ਦੋ ਪਹੀਆ ਵਾਹਨ ਚਾਲਕ ਟੋਇਆਂ ਵਿੱਚ ਡਿੱਗ ਗਏ। ਪਿੰਡਾਂ ਵਿਚ ਵੀ ਅੱਜ ਕਾਫੀ ਮੀਹ ਪਿਆ ਪਰ ਕਈ ਥਾਵਾਂ ’ਤੇ ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਆ ਗਿਆ। ਆਦਮਪੁਰ, ਲਾਂਬੜਾ, ਕਠਾਰ, ਕਿਸ਼ਨਗੜ੍ਹ, ਜਡਿਆਲਾ, ਨੂਰਮਹਿਲ, ਰਾਮਾਂਮੰਡੀ, ਅਲਾਵਲਪੁਰ, ਨਕੋਦਰ ਤੇ ਹੋਰ ਥਾਵਾਂ ’ਤੇ ਵੀ ਅੱਜ ਤੇਜ਼ ਮੀਂਹ ਪਿਆ।