For the best experience, open
https://m.punjabitribuneonline.com
on your mobile browser.
Advertisement

ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ

08:39 AM Jul 07, 2023 IST
ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ
Advertisement

ਜਲੰਧਰ (ਪੱਤਰ ਪ੍ਰੇਰਕ): ਅੱਜ ਦੁਪਹਿਰ ਸਮੇਂ ਜ਼ਿਲ੍ਹੇ ਅੰਦਰ ਪਏ ਤੇਜ਼ ਮੀਂਹ ਕਾਰਨ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ ਅਤੇ ਦੂਜੇ ਪਾਸੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਣ ਕਾਰਨ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ। ਅੱਜ ਤਾਪਮਾਨ ਪਰਸੋ ਨਾਲੋਂ 10 ਤੋਂ 11 ਡਿਗਰੀ ਘੱਟ ਰਿਹਾ। ਅੱਜ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਰਿਹਾ, ਜਦੋਂਕਿ ਪਰਸੋ ਤਾਪਮਾਨ 43 ਡਿਗਰੀ ਨਾਲੋਂ ਵੱਧ ਦਰਜ ਕੀਤਾ ਗਿਆ ਸੀ। ਅੱਜ ਸਾਰਾ ਦਿਨ ਹਵਾ ਹੀ ਚਲਦੀ ਰਹੀ। ਦੂਜੇ ਪਾਸੇ ਰਾਮਾਂਮੰਡੀ ਤੋਂ ਪੀਏਪੀ ਜੀਟੀ ਰੋਡ ਨੇ ਝੀਲ ਦਾ ਰੂਪ ਧਾਰ ਲਿਆ, ਜਿਸ ਕਾਰਨ ਆਵਾਜਾਈ ਵਿਚ ਵੀ ਵਿਘਨ ਪਿਆ ਤੇ ਬੀਐੱਸਐੱਫ ਚੌਕ ਤੋਂ ਪੀਏਪੀ ਚੌਕ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਅੱਜ ਤੇਜ਼ ਮੀਂਹ ਕਾਰਨ ਸ਼ਹਿਰ ਅੰਦਰ ਕਈ ਦੁਕਾਨਾਂ ਅਤੇ ਮਕਾਨਾਂ ਵਿਚ ਪਾਣੀ ਦਾਖਲ ਹੋ ਗਿਆ। ਇਲਾਕੇ ਵਿਚ ਟੁੱਟੀਆਂ ਸੜਕਾਂ ਕਾਰਨ ਟੋਇਆਂ ਵਿਚ ਪਾਣੀ ਭਰਣ ਕਾਰਨ ਵਾਹਨ ਚਾਲਕਾਂ ਨੂੰ ਡੂੰਘੇ ਟੋਇਆਂ ਦਾ ਪਤਾ ਨਹੀਂ ਲੱਗਿਆ, ਜਿਸ ਕਾਰਨ ਦੋ ਪਹੀਆ ਵਾਹਨ ਚਾਲਕ ਟੋਇਅਾਂ ਵਿੱਚ ਡਿੱਗ ਗਏ। ਪਿੰਡਾਂ ਵਿਚ ਵੀ ਅੱਜ ਕਾਫੀ ਮੀਹ ਪਿਆ ਪਰ ਕਈ ਥਾਵਾਂ ’ਤੇ ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਆ ਗਿਆ। ਆਦਮਪੁਰ, ਲਾਂਬੜਾ, ਕਠਾਰ, ਕਿਸ਼ਨਗੜ੍ਹ, ਜਡਿਆਲਾ, ਨੂਰਮਹਿਲ, ਰਾਮਾਂਮੰਡੀ, ਅਲਾਵਲਪੁਰ, ਨਕੋਦਰ ਤੇ ਹੋਰ ਥਾਵਾਂ ’ਤੇ ਵੀ ਅੱਜ ਤੇਜ਼ ਮੀਂਹ ਪਿਆ।

Advertisement

ਘਰਾਂ ਤੇ ਦੁਕਾਨਾਂ ’ਚ ਵੜੇ ਗਾਰੇ ਨੂੰ ਸਾਰਾ ਦਿਨ ਹੂੰਝਦੇ ਰਹੇ ਲੋਕ
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਇਲਾਕੇ ਵਿੱਚ ਪਏ ਮੋਹਲੇਧਾਰ ਮੀਂਹ ਨਾਲ ਜਨ-ਜੀਵਨ ਬੁਰੀ ਤਰਾਂ ਪ੍ਰਭਾਵਿਤ ਰਿਹਾ। ਉੱਥੇ ਹੀ ਮੀਂਹ ਦੇ ਪਾਣੀ ਨਾਲ ਗੜ੍ਹਸ਼ੰਕਰ ਦੇ ਨੰਗਲ ਰੋਡ ’ਤੇ ਲੋਕ ਦੁਕਾਨਾਂ ਅੱਗੇ ਜਮ੍ਹਾਂ ਹੋਇਆ ਗਾਰਾ ਹੂੰਝਦੇ ਰਹੇ। ਇਸ ਮੌਕੇ ਨੰਗਲ ਰੋਡ ਦੇ ਦੁਕਾਨਦਾਰਾਂ ਨੇ ਕਿਹਾ ਕਿ ਲੰਮੇਂ ਚਿਰ ਤੋਂ ਇਸ ਮਾਰਗ ਦਾ ਨਵੀਨੀਕਰਨ ਨਾ ਹੋਣ ਕਰ ਕੇ ਉਨ੍ਹਾਂ ਦਾ ਵਪਾਰ ਜਿੱਥੇ ਠੱਪ ਹੋ ਕੇ ਰਹਿ ਗਿਆ ਹੈ, ਉੱਥੇ ਹੀ ਪ੍ਰਸ਼ਾਸਨ ਦੀ ਅਣਗਹਿਲੀ ਕਰ ਕੇ ਮੀਂਹ ਦੇ ਪਾਣੀ ਦਾ ਕੋਈ ਨਿਕਾਸ ਨਾ ਹੋਣ ਕਰ ਕੇ ਦੁਕਾਨਾਂ ਅੰਦਰ ਚਿੱਕੜ ਜਮ੍ਹਾ ਹੋ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ ਦੇ ਅਧੂਰੇ ਕੰਮ ਨੇ ਇਸ ਮੁਸ਼ਕਲ ਨੂੰ ਹੋਰ ਵਧਾ ਦਿੱਤਾ ਹੈ ਅਤੇ ਮੀਂਹ ਦੇ ਪਾਣੀ ਨਾਲ ਹੋਏ ਨੁਕਸਾਨ ਸਬੰਧੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਵੀ ਇੱਥੇ ਨਹੀਂ ਪੁੱਜਿਆ। ਇਸੇ ਤਰ੍ਹਾਂ ਤਹਿਸੀਲ ਦੇ ਨੀਮ ਪਹਾੜੀ ਪਿੰਡ ਕਾਂਗੜ ਕੋਠੀ ਦੇ ਕਈ ਘਰਾਂ ਵਿੱਚ ਮੀਂਹ ਦਾ ਪਾਣੀ ਚਾਰ ਪੰਜ ਫੁੱਟ ਤੱਕ ਭਰਨ ਕਰ ਕੇ ਘਰਾਂ ਦਾ ਸਾਮਾਨ ਖਰਾਬ ਹੋ ਗਿਆ ਅਤੇ ਅੱਜ ਪੂਰਾ ਦਿਨ ਪ੍ਰਭਾਵਿਤ ਲੋਕਾਂ ਵਲੋਂ ਘਰਾਂ ਅੰਦਰ ਜਮ੍ਹਾਂ ਹੋਏ ਚਿੱਕੜ ਨੂੰ ਬਹੁਤ ਮੁਸ਼ੱਕਤ ਨਾਲ ਕੱਢਿਆ ਗਿਆ। ਇਸ ਮੌਕੇ ਚੱਬੇਵਾਲ ਤੋਂ ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਪ੍ਰਸ਼ਾਸਨ ’ਤੇ ਖੱਡਾਂ ਚੋਆਂ ਤੋਂ ਆਉਂਦੇ ਪਾਣੀ ਦੇ ਢੁੱਕਵੇਂ ਨਿਕਾਸ ਸਬੰਧੀ ਕੋਈ ਅਗੇਤੇ ਕਦਮ ਨਾ ਉਠਾਉਣ ਦਾ ਦੋਸ਼ ਲਾਇਆ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਵੀ ਨਹੀਂ ਆਇਆ।

Advertisement
Tags :
Author Image

sukhwinder singh

View all posts

Advertisement
Advertisement
×