ਅੰਮ੍ਰਿਤਸਰ ’ਚ ਭਾਰੀ ਮੀਂਹ ਕਾਰਨ ਆਵਾਜਾਈ ਪ੍ਰਭਾਵਿਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਅਗਸਤ
ਸ਼ਹਿਰ ਵਿੱਚ ਅੱਜ ਹੋਈ ਭਾਰੀ ਬਾਰਿਸ਼ ਦੌਰਾਨ ਸ਼ਹਿਰ ਦੇ ਨੀਵੇਂ ਇਲਾਕੇ ਪਾਣੀ ਭਰਨ ਕਾਰਨ ਜਲਥਲ ਹੋ ਗਏ। ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਰਾਹਗੀਰਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਅੱਜ ਸਵੇਰੇ ਲਗਪਗ 8 ਵਜੇ ਅਚਨਚੇਤ ਤੇਜ਼ ਮੀਂਹ ਸ਼ੁਰੂ ਹੋ ਗਿਆ ਜੋ ਕਿ ਲਗਪਗ ਇੱਕ ਘੰਟਾ ਜਾਰੀ ਰਿਹਾ। ਇਸ ਤੇਜ਼ ਮੀਂਹ ਕਾਰਨ ਸ਼ਹਿਰ ਵਿੱਚ ਜਲਥਲ ਹੋ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬਣੀ ਹੈਰੀਟੇਜ ਸਟਰੀਟ ਵੀ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈ। ਇਸ ਤਰ੍ਹਾਂ ਯਾਤਰੂਆਂ ਨੂੰ ਲੰਘਣ ਵਿੱਚ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਖਾਲਸਾ ਕਾਲਜ ਨੇੜੇ ਵੀ ਪਾਣੀ ਇਕੱਠਾ ਹੋ ਜਾਣ ਕਾਰਨ ਆਮ ਲੋਕਾਂ ਨੂੰ ਲੰਘਣ ਵਿੱਚ ਮੁਸ਼ਕਲ ਆਈ ਅਤੇ ਆਵਾਜਾਈ ਵਿੱਚ ਵਿਘਨ ਪਿਆ।
ਤੇਜ਼ ਮੀਂਹ ਕਾਰਨ ਐਲੀਵੇਟਿਡ ਰੋਡ, ਟੇਲਰ ਰੋਡ, ਕਵੀਨਸ ਰੋਡ, ਐੱਮਐੱਮ ਮਾਲਵੀਆ ਰੋਡ, ਸ਼ਹਿਰ ਦੇ ਅੰਦਰੂਨੀ ਇਲਾਕੇ ਵਿੱਚ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਮੁਸ਼ਕਲ ਦਰਪੇਸ਼ ਆਈ ।
ਸ਼ਹਿਰ ਵਿੱਚ ਅਤੇ ਖਾਸ ਕਰਕੇ ਅੰਦਰੂਨੀ ਸ਼ਹਿਰ ਵਿੱਚ ਪਹਿਲਾਂ ਵੀ ਕੂੜਾ ਕਰਕਟ ਦੀ ਚੁਕਾਈ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਕਾਰਨ ਇਹ ਕੂੜਾ ਕਰਕਟ ਹੋਰ ਵੀ ਫੈਲ ਗਿਆ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।