ਤੂੜੀ ਵਾਲੀ ਟਰਾਲੀ ਖਰਾਬ ਹੋਣ ਕਾਰਨ ਆਵਾਜਾਈ ਪ੍ਰਭਾਵਿਤ
ਸੰਦੌੜ: ਖੇਤਰ ਵਿੱਚ ਤੂੜੀ ਵਾਲੀਆਂ ਟਰਾਲੀਆਂ ਲੋਕਾਂ ਦੀ ਜਾਨ ਦਾ ਖੌਅ ਬਣੀਆਂ ਹੋਈਆਂ ਹਨ। ਇਹ ਓਵਰਲੋਡ ਟਰਾਲੀਆਂ ਦੇ ਪਿੰਡਾਂ ’ਚੋਂ ਲੰਘਣ ਵੇਲੇ ਕਈ ਵਾਰ ਸੜਕਾਂ ਦੇ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟ ਜਾਂਦੀਆਂ ਹਨ। ਅੱਜ ਫਿਰ ਸ਼ੇਰਗੜ੍ਹ ਚੀਮਾ ਵਿੱਚ ਸੜਕ ਦੇ ਵਿਚਕਾਰ ਓਵਰਲੋਡ ਟਰਾਲੀ ਦੇ ਬੈਰਿੰਗ ਟੁੱਟਣ ਕਾਰਨ ਸਾਰਾ ਦਿਨ ਰਾਹਗੀਰ ਖੱਜਲ-ਖੁਆਰ ਹੁੰਦੇ ਰਹੇ। ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਟਰੈਫਿਕ ਨੂੰ ਪਿੰਡ ਦੀ ਛੋਟੀ ਫਿਰਨੀ ਉਪਰ ਦੀ ਲੰਘਾਇਆ ਗਿਆ। ਛੋਟੇ ਵਾਹਨ ਤਾਂ ਸੁਖਾਲੇ ਲੰਘਦੇ ਰਹੇ ਪਰ ਵੱਡੇ ਵਾਹਨਾਂ ਦੀ ਆਵਜਾਈ ਕਾਰਨ ਸਾਰਾ ਦਿਨ ਜਾਮ ਲੱਗਿਆ ਰਿਹਾ। ਤੜਕਸਾਰ ਵਾਪਰੀ ਇਸ ਘਟਨਾ ਕਾਰਨ ਸਵੇਰ ਵੇਲੇ ਸਕੂਲੀ ਬੱਸਾਂ, ਦੁੱਧ ਵਾਲੀਆਂ ਗੱਡੀਆਂ ਅਤੇ ਕੰਮ ਕਾਰ ਤੇ ਜਾਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਪਤਾ ਹੁੰਦੇ ਹੋਏ ਵੀ ਨਾ ਤਾਂ ਇੰਨ੍ਹਾਂ ਟਰਾਲੀਆਂ ਦੇ ਚਲਾਨ ਕੱਟੇ ਜਾਂਦੇ ਹਨ ਅਤੇ ਨਾ ਹੀ ਇਨ੍ਹਾਂ ’ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। -ਪੱਤਰ ਪ੍ਰੇਰਕ