ਟਕਸਾਲੀ ਕਾਂਗਰਸੀਆਂ ਵੱਲੋਂ ਧੂਰੀ ਦਾ ਹਲਕਾ ਇੰਚਾਰਜ ਲਾਉਣ ਦੀ ਮੰਗ
ਪਵਨ ਕੁਮਾਰ ਵਰਮਾ
ਧੂਰੀ, 7 ਅਗਸਤ
ਸਾਬਕਾ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਕਾਂਗਰਸ ਵਿੱਚੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦੇ ਹਲਕਾ ਇੰਚਾਰਜ ਦੇ ਖਾਲੀ ਪਏ ਅਹੁਦੇ ’ਤੇ ਅੱਜ ਹਲਕੇ ਦੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਇੰਦਰਪਾਲ ਸਿੰਘ ਗੋਲਡੀ, ਗੁਰਸੇਵ ਸਿੰਘ ਸੇਬੀ ਕਾਂਝਲਾ ਅਤੇ ਦੀਦਾਰ ਸਿੰਘ ਰੰਗੀਆਂ ਨੇ ਗੱਲਬਾਤ ਕਰਦਿਆਂ ਸਰਪੰਚ ਹਰਦੀਪ ਸਿੰਘ ਦੌਲਤਪੁਰ ਨੂੰ ਹਲਕਾ ਇੰਚਾਰਜ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਕਾਂਗਰਸ ਪਾਰਟੀ ਦਾ ਮੋਢੀ ਨਾ ਹੋਣ ਕਾਰਨ ਜਿੱਥੇ ਕਾਂਗਰਸ ਵਰਕਰ ਮਾਯੂਸੀ ਵਿੱਚ ਹਨ, ਉਥੇ ਆਮ ਲੋਕਾਂ ਤੋਂ ਵੀ ਪਾਰਟੀ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਅਗਾਂਹਵਧੂ ਅਤੇ ਉੱਦਮੀ ਨੌਜਵਾਨ ਸਰਪੰਚ ਹਰਦੀਪ ਸਿੰਘ ਦੌਲਤਪੁਰ ਵੱਲੋਂ ਕਾਂਗਰਸ ਪਾਰਟੀ ਦਾ ਝੰਡਾ ਚੁੱਕਦਿਆਂ ਜਿੱਥੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਉਥੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਵੱਜੋਂ ਹਲਕੇ ਵਿੱਚ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਸਰਪੰਚ ਹਰਦੀਪ ਸਿੰਘ ਦੌਲਤਪੁਰ ਨੂੰ ਹਲਕਾ ਇੰਚਾਰਜ ਲਗਾ ਕੇ ਆਮ ਵਰਕਰਾਂ ਨੂੰ ਮਾਣ ਬਖ਼ਸ਼ਿਆ ਜਾਵੇ।