For the best experience, open
https://m.punjabitribuneonline.com
on your mobile browser.
Advertisement

ਪਾਣੀ ਖਪਤ ਤੇ ਵਪਾਰ

10:41 AM Sep 03, 2023 IST
ਪਾਣੀ ਖਪਤ ਤੇ ਵਪਾਰ
Advertisement

ਫਰੈੱਡ ਪੀਅਰਸ

Advertisement

ਜਲ ਤੇ ਜੀਵਨ - 1

ਸਾਡੇ ਵਿਚੋਂ ਬਹੁਤ ਥੋੜ੍ਹਿਆਂ ਨੂੰ ਇਹ ਅੰਦਾਜ਼ਾ ਹੋਵੇਗਾ ਕਿ ਸਾਡਾ ਇਕ ਦਿਨ ਗੁਜ਼ਾਰਨ ਲਈ ਕਿੰਨਾ ਪਾਣੀ ਖ਼ਰਚ ਹੁੰਦਾ ਹੈ। ਔਸਤਨ, ਅਸੀਂ ਇਕ ਦਿਨ ਵਿਚ ਇਕ ਗੈਲਨ (4 ਕੁ ਲਿਟਰ) ਤੋਂ ਵਧੇਰੇ ਪਾਣੀ ਨਹੀਂ ਪੀਂਦੇ। ਜੇ ਇਸ ਵਿਚ ਨਹਾਉਣ-ਧੋਣ ਤੇ ਪਖ਼ਾਨੇ ਵਿਚ ਵਹਾਉਣ ਵਾਲਾ ਪਾਣੀ ਵੀ ਜੋੜ ਲਿਆ ਜਾਵੇ ਤਾਂ ਕੋਈ 40 ਗੈਲਨ (ਡੇਢ ਕੁ ਸੌ ਲਿਟਰ) ਬਣਦੇ ਨੇ। ਕਈ ਮੁਲਕਾਂ ਦੇ ਨੀਮ-ਸ਼ਹਿਰੀ ਖੇਤਰਾਂ ਵਿਚ ਘਰ ਦੇ ਘਾਹ ਦੇ ਮੈਦਾਨਾਂ ਵਿਚਲੇ ਫੁਹਾਰੇ, ਸਵਿਮਿੰਗ ਪੂਲ ਤੇ ਹੋਰ ਸਜਾਵਟੀ ਫੁਹਾਰੇ ਇਸ ਪ੍ਰਤੀ ਜੀਅ ਖਪਤ ਦੇ ਅੰਕੜੇ ਨੂੰ ਦੁੱਗਣਾ ਕਰ ਦਿੰਦੇ ਨੇ। ਆਸਟਰੇਲੀਆ ਦੇ ਨੀਮ-ਸ਼ਹਿਰੀ ਇਲਾਕੇ ਵਿਚ ਆਮ ਤੌਰ ’ਤੇ ਪ੍ਰਤੀ ਜੀਅ ਪਾਣੀ ਦੀ ਖਪਤ 90 ਗੈਲਨ (340 ਲਿਟਰ); ਜਦੋਂਕਿ ਸੰਯੁਕਤ ਰਾਜ ਅਮਰੀਕਾ ਵਿਚ ਇਹ 100 ਗੈਲਨ ਪ੍ਰਤੀ ਜੀਅ ਹੈ। ਇਹ ਔਸਤਨ ਅੰਕੜੇ ਹਨ, ਉਂਝ ਕੁਝ ਅਲੋਕਾਰ ਵਰਤਾਰੇ ਵੀ ਹੋ ਜਾਂਦੇ ਨੇ। ਜਿਵੇਂ ਅਮਰੀਕਾ ਦੇ ਫਲੋਰੀਡਾ ਸੂਬੇ ਦੇ ਇਕ ਘਰ ਨੂੰ ਇਕ ਵਾਰ 41 ਲੱਖ ਗੈਲਨ (ਇਕ ਕਰੋੜ, 55 ਲੱਖ ਲਿਟਰ) ਪਾਣੀ ਦਾ ਸਾਲਾਨਾ ਬਿੱਲ ਆਇਆ। ਯਾਨੀ ਕਰੀਬ 50,000 ਲੀਟਰ ਪਾਣੀ ਦੀ ਰੋਜ਼ਾਨਾ ਖਪਤ। ਸਮਝ ਤੋਂ ਬਾਹਰ ਹੈ ਕਿ ਇਹ ਕਿੰਝ ਵਾਪਰਿਆ?
ਅਸੀਂ ਸਾਰੇ ਹੀ ਆਪਣੇ ਘਰਾਂ ਅੰਦਰ ਪਾਣੀ ਦੀ ਬੱਚਤ ਕਰ ਸਕਦੇ ਹਾਂ। ਪਰ ਇੰਨੀ ਕੁ ਹੀ, ਕਿ ਜਿਵੇਂ ਟੱਬ ਭਰ ਕੇ ਇਸ਼ਨਾਨ ਕਰਨ ਦੀ ਬਜਾਏ ਫੁਹਾਰੇ ਹੇਠਾਂ ਨਹਾ ਲਈਏ ਜਾਂ ਬਰੱਸ਼ ਕਰਦਿਆਂ ਫਾਲਤੂ ਟੂਟੀ ਨਾ ਚਲਾਈਏ। ਪਰ ਇਕੱਲੀ ਘਰੇਲੂ ਵਰਤੋਂ ਹੀ ਵਿਸ਼ਵ ਦੇ ਜਲ ਸਰੋਤਾਂ ਨੂੰ ਖ਼ਾਲੀ ਨਹੀਂ ਕਰ ਰਹੀ। ਸਾਡੇ ਘਰਾਂ ਅੰਦਰ ਵਰਤੀਆਂ ਜਾਂਦੀਆਂ ਵਸਤਾਂ ਦੇ ਨਿਰਮਾਣ ’ਤੇ ਜੋ ਪਾਣੀ ਖ਼ਰਚ ਹੁੰਦਾ ਹੈ, ਉਹ ਵੀ ਕਾਫ਼ੀ ਵੱਡਾ ਹਿੱਸਾ ਹੈ। ਅਸਲ ਵਿਚ ਸਭ ਤੋਂ ਵੱਡਾ ਕਾਰਨ ਉਹ ਵੀ ਨਹੀਂ। ਦਰਅਸਲ, ਜਦ ਅਸੀਂ ਆਪਣੇ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰਨ ਲਈ ਲੋੜੀਂਦੇ ਪਾਣੀ ਨੂੰ ਜੋੜਦੇ ਹਾਂ ਤਾਂ ਪਾਣੀ ਦੀ ਖਪਤ ਦੇ ਅੰਕੜੇ ਆਸਮਾਨ ਛੂਹਣ ਲੱਗਦੇ ਨੇ।
ਇਨ੍ਹਾਂ ਅੰਕੜਿਆਂ ’ਤੇ ਨਜ਼ਰ ਮਾਰਿਆਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ। ਇਹ ਹਿਲਾ ਕੇ ਰੱਖ ਦੇਣ ਵਾਲੇ ਅੰਕੜੇ ਨੇ। 450 ਗ੍ਰਾਮ ਚੌਲ ਪੈਦਾ ਕਰਨ ਲਈ 950 ਤੋਂ ਲੈ ਕੇ 2500 ਲਿਟਰ ਦੇ ਵਿਚਕਾਰ ਪਾਣੀ ਖ਼ਰਚ ਹੁੰਦਾ ਹੈ। ਇੰਨਾ ਪਾਣੀ ਬਹੁਤ ਸਾਰੇ ਘਰ ਘਰੇਲੂ ਵਰਤੋਂ ਲਈ ਇਕ ਹਫ਼ਤੇ ਵਿਚ ਵੀ ਨਹੀਂ ਵਰਤਦੇ ਜਿੰਨਾ ਸਿਰਫ਼ ਅੱਧਾ ਕੁ ਕਿਲੋ ਚੌਲਾਂ ਦੇ ਪੈਕਟ ਲਈ ਲੱਗਦਾ ਹੈ। ਅੱਗੇ ਚੱਲੀਏ- ਇੰਨੀ ਕੁ ਕਣਕ (450 ਗ੍ਰਾਮ) ਉਗਾਉਣ ਲਈ 500 ਲਿਟਰ ਤੇ ਅੱਧਾ ਕੁ ਕਿਲੋ ਆਲੂਆਂ ਲਈ 250 ਲਿਟਰ ਪਾਣੀ ਲੱਗਦਾ ਹੈ। ਜਦ ਤੁਸੀਂ ਇਹੀ ਦਾਣੇ ਜਾਂ ਫ਼ਸਲਾਂ ਮੀਟ ਜਾਂ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਚਾਰਦੇ ਹੋ ਤਾਂ ਹੋਰ ਵੀ ਹੈਰਾਨੀਜਨਕ ਅੰਕੜੇ ਬਣਦੇ ਨੇ। ਸੌ ਕੁ ਗ੍ਰਾਮ ਦਾ ਇਕ ਮੀਟ ਵਾਲਾ ਬਰਗਰ ਬਣਾਉਣ ਲਈ ਸਾਢੇ ਗਿਆਰਾਂ ਹਜ਼ਾਰ ਲਿਟਰ ਪਾਣੀ ਖ਼ਰਚ ਹੁੰਦਾ ਹੈ ਜਦੋਂਕਿ ਲਿਟਰ ਕੁ ਦੁੱਧ ਪੈਦਾ ਕਰਨ ਲਈ ਦੋ ਤੋਂ 4 ਹਜ਼ਾਰ ਲਿਟਰ ਪਾਣੀ ਚਾਹੀਦਾ ਹੈ। ਪਨੀਰ ਦੀ ਗੱਲ ਕਰਦੇ ਹੋ? ਅੱਧਾ ਕੁ ਕਿਲੋ ਪਨੀਰ ਤਿਆਰ ਕਰਨ ਲਈ 2500 ਲਿਟਰ ਪਾਣੀ ਲੱਗੇਗਾ।
ਜੇ ਤੁਸੀਂ ਸੋਚਦੇ ਹੋ ਕਿ ਇੰਨੀਆਂ ਕੁ ਚੀਜ਼ਾਂ ਨਾਲ ਹੀ ਤੁਹਾਡਾ ਰਾਸ਼ਨ ਵਾਲਾ ਥੈਲਾ ਭਾਰਾ-ਭਾਰਾ ਲੱਗਣ ਲੱਗਾ ਹੈ ਤਾਂ ਅੱਧਾ ਕਿਲੋ ਖੰਡ ਦਾ ਪੈਕਟ ਨਾ ਹੀ ਚੁੱਕੋ, ਇਹਨੂੰ ਬਣਾਉਣ ਲਈ 1500 ਲਿਟਰ ਪਾਣੀ ਲੱਗਿਆ ਹੈ। ਤੇ ਹਾਂ, ਸਭ ਤੋਂ ਉਪਰ ਹੈ ਕੌਫ਼ੀ; ਅੱਧਾ ਕਿਲੋ ਕੌਫ਼ੀ ਤਿਆਰ ਕਰਨ ਲਈ ਕੋਈ ਦਸ ਹਜ਼ਾਰ ਲਿਟਰ ਭਾਵ ਦਸ ਟਨ ਪਾਣੀ ਲੱਗਦਾ ਹੈ। ਤੇ ਅਸੀਂ ਬੜੇ ਆਰਾਮ ਨਾਲ ਨਿੱਕਾ ਜਿਹਾ ਕੌਫ਼ੀ ਦਾ ਪੈਕਟ ਖ਼ਰੀਦ ਕੇ ਘਰ ਲੈ ਜਾਂਦੇ ਹਾਂ।
ਇਨ੍ਹਾਂ ਅੰਕੜਿਆਂ ਨੂੰ ਅਸੀਂ ਖਾਣੇ ਦੀ ਥਾਲੀ ਦੇ ਹਿਸਾਬ ਨਾਲ ਦੇਖੀਏ ਤਾਂ ਕਾਫ਼ੀ ਦਿਲਚਸਪ ਤੱਥ ਬਣਦੇ ਨੇ- ਚੌਲਾਂ ਦੀ ਇਕ ਕੌਲੀ (ਕਟੋਰੀ) 95 ਲਿਟਰ ਪਾਣੀ; ਸੈਂਡਵਿਚ ਦੀ ਬਰੈੱਡ ਦਾ ਇਕ ਟੁਕੜਾ 150 ਲਿਟਰ ਪਾਣੀ; ਦੋ ਅੰਡਿਆਂ ਦਾ ਇਕ ਆਮਲੇਟ 500 ਲਿਟਰ; ਦੁੱਧ ਦਾ ਇਕ ਗਲਾਸ 1000 ਲਿਟਰ ਪਾਣੀ; ਆਈਸਕਰੀਮ ਦਾ ਇਕ ਟੁਕੜਾ 1500 ਲਿਟਰ; ਇਕ ਮੀਟ ਦਾ ਬਰਗਰ 3000 ਲਿਟਰ; ਸੂਰ ਦੇ ਮਾਸ ਦਾ ਇਕ ਟੁਕੜਾ 2000 ਲਿਟਰ ਅਤੇ ਮੀਟ ਦਾ ਇਕ ਵੱਡਾ ਟੁਕੜਾ 5000 ਲਿਟਰ ਪਾਣੀ ਨਾਲ ਬਣਦਾ ਹੈ। ਤੁਹਾਨੂੰ ਮਿੱਠਾ ਪਸੰਦ ਹੈ? ਅਹਿ ਲਓ: ਤੁਹਾਡੀ ਚਾਹ ਜਾਂ ਕੌਫ਼ੀ ਦੇ ਇਕ ਕੱਪ ਵਿਚ ਇਕ ਚਮਚ ਚੀਨੀ ਲਈ ਅੱਧਾ ਲਿਟਰ ਪਾਣੀ ਖ਼ਰਚ ਹੋ ਚੁੱਕਿਆ ਹੈ। ਇਹ ਜ਼ਿਆਦਾ ਤਾਂ ਹੈ, ਪਰ ਇਕ ਕੱਪ ਕੌਫ਼ੀ ਲਈ ਕੌਫ਼ੀ ਪੈਦਾ ਕਰਨ ਵਿਚ ਕਰੀਬ 140 ਲਿਟਰ ਪਾਣੀ ਖ਼ਰਚ ਹੁੰਦਾ ਹੈ। ਸ਼ਰਾਬ ਦੀ ਗੱਲ ਕਰੀਏ ਤਾਂ ਵਾਈਨ ਜਾਂ ਬੀਅਰ ਦਾ ਇਕ ਗਲਾਸ ਤਕਰੀਬਨ 250 ਲਿਟਰ ਪਾਣੀ ਖ਼ਰਚ ਕਰਕੇ ਬਣਦਾ ਹੈ ਤੇ ਬਰਾਂਡੀ ਦਾ ਇਕ ਗਲਾਸ ਭਰਨ ਲਈ ਪਾਣੀ ਦੇ 2000 ਲਿਟਰ ਖ਼ਾਲੀ ਕਰਨੇ ਪੈਣਗੇ।
* * *
ਅਜੋਕੇ ਦੌਰ ਵਿਚ ਦੁਨੀਆਂ ਦੀ ਕੁੱਲ ਵਸੋਂ ਸਮੁੱਚੇ ਦਰਿਆਵਾਂ ਤੇ ਜ਼ਮੀਨਦੋਜ਼ ਜਲ ਭੰਡਾਰਾਂ ਵਿਚੋਂ ਅੰਦਾਜ਼ਨ 8.7 ਅਰਬ ਏਕੜ ਫੁੱਟ (ਏਕੜ-ਫੁੱਟ: ਪਾਣੀ ਨੂੰ ਵੱਡੀ ਮਾਤਰਾ ਵਿਚ ਮਿਣਨ ਵਾਲੀ ਇਕਾਈ। ਇਕ ਏਕੜ ਫੁੱਟ= ਇਕ ਏਕੜ ਰਕਬੇ ਵਿਚ ਇਕ ਫੁੱਟ ਡੂੰਘੇ ਪਾਣੀ ਜਿੰਨੀ ਮਾਤਰਾ) ਪਾਣੀ ਹਰ ਸਾਲ ਵਰਤਦੀ ਹੈ। ਇਕ ਏਕੜ ਫੁੱਟ ਪਾਣੀ ਦੂਸਰੇ ਅਰਥਾਂ ਵਿਚ ਇਕ ਹਜ਼ਾਰ ਘਣ ਮੀਟਰ ਘਣਫਲ (volume) ਬਣਦਾ ਹੈ। ਜੇ ਇਸ ਨੂੰ ਕੁੱਲ ਦੁਨੀਆਂ ਦੀ 7.3 ਅਰਬ ਆਬਾਦੀ ਵਿਚ ਤਕਸੀਮ ਕਰ ਲਿਆ ਜਾਵੇ ਤਾਂ ਇਹ 1.2 ਏਕੜ ਫੁੱਟ ਪ੍ਰਤੀ ਸਾਲ ਪ੍ਰਤੀ ਜੀਅ ਬਣਦਾ ਹੈ ਜਾਂ ਕਹਿ ਲਓ ਇਕ-ਇਕ ਬਾਸ਼ਿੰਦੇ ਮਗਰ ਚਾਰ ਟਨ ਪਾਣੀ ਰੋਜ਼ਾਨਾ। ਬੇਸ਼ੱਕ, ਪੱਛਮੀ ਦੇਸ਼ਾਂ ਦੇ ਲੋਕ ਵਧੇਰੇ ਪਾਣੀ ਇਸਤੇਮਾਲ ਕਰਦੇ ਨੇ।
ਮੈਂ ਸਮਝਦਾ ਹਾਂ ਕਿ ਮੈਂ, ਜੋ ਕਿ ਪੱਛਮੀ ਸੱਭਿਅਤਾ ਦੇ ਖਪਤਕਾਰ ਵਰਗ ਦੀ ਨੁਮਾਇੰਦਗੀ ਕਰਦਾ, ਦੁੱਧ-ਮੀਟ ਖਾਣ ਵਾਲਾ ਤੇ ਬੀਅਰ ਡਕਾਰਨ ਵਾਲਾ ਸ਼ਹਿਰੀ ਹਾਂ, ਹਰ ਰੋਜ਼ ਆਪਣੇ ਭਾਰ ਤੋਂ ਸੈਂਕੜੇ ਗੁਣਾ ਵਧੇਰੇ ਪਾਣੀ ਦੀ ਖਪਤ ਕਰਨ ਲਈ ਜ਼ਿੰਮੇਵਾਰ ਹਾਂ। ਸਾਢੇ ਤੇਰਾਂ ਲੱਖ ਤੋਂ ਲੈ ਕੇ 18 ਲੱਖ ਲਿਟਰ ਪਾਣੀ ਸਲਾਨਾ। ਦੂਸਰੇ ਪਾਸੇ ਧੰਨ ਹੈ ਮੇਰੀ ਧੀ, ਜੋ ਸ਼ਾਕਾਹਾਰੀ ਹੈ ਤੇ ਸਿੱਟੇ ਵਜੋਂ ਮੇਰੇ ਨਾਲੋਂ ਅੱਧੀ ਮਾਤਰਾ ਪਾਣੀ ਹੀ ਖ਼ਰਚਦੀ ਹੈ। ਸਮਾਂ ਹੈ ਕਿ ਪਾਣੀ ਬਚਾਊ ਮੰਤਰਾਂ ਦਾ ਪ੍ਰਚਾਰ ਕੀਤਾ ਜਾਏ। ਮੈਂ ਇਕ ਟੀ-ਸ਼ਰਟ ਵੇਖੀ, ਜਿਸ ’ਤੇ ਇਕ ਦਿਲਚਸਪ ਸੰਦੇਸ਼ ਲਿਖਿਆ ਸੀ: ‘‘ਪਾਣੀ ਬਚਾਓ; ਇਕੱਠੇ ਨਹਾਓ।’’ ਸੁਨੇਹਾ ਤਾਂ ਵਧੀਆ ਹੈ। ਪਰ ਉਸ ਇਕ ਟੀ-ਸ਼ਰਟ ਨੂੰ ਤਿਆਰ ਕਰਨ ਵਿਚ ਲੱਗੀ 250 ਗ੍ਰਾਮ ਕਪਾਹ ਨੂੰ ਪੈਦਾ ਕਰਨ ਲਈ ਜਿੰਨਾ ਪਾਣੀ ਲੱਗਦਾ ਹੈ, ਉਸ ਨਾਲ 25 ਟੱਬ ਪਾਣੀ ਦੇ ਭਰ ਜਾਣ, ਅਲੱਗ-ਅਲੱਗ ਨਹਾਉਣ ਲਈ।
ਇਹ ਸਾਰਾ ਪਾਣੀ ਆਉਂਦਾ ਕਿੱਥੋਂ ਹੈ? ਇੰਗਲੈਂਡ ਵਿਚ, ਜਿੱਥੇ ਮੈਂ ਰਹਿੰਦਾ ਹਾਂ, ਜ਼ਿਆਦਾਤਰ ਘਰੇਲੂ ਬੂਟੇ ਮੀਂਹ ਦੇ ਪਾਣੀ ਨਾਲ ਹੀ ਪਲਦੇ ਨੇ। ਇਸ ਲਈ ਪਾਣੀ ਘੱਟੋ-ਘੱਟ ਸਸਤਾ ਤਾਂ ਮਿਲਦਾ ਹੈ। ਪਰ ਇੰਗਲੈਂਡ ਵਿਚ ਖਪਤ ਹੋਣ ਵਾਲੀ ਵਧੇਰੇ ਖੁਰਾਕ ਤੇ ਸਾਰੀ ਕਪਾਹ ਦਰਾਮਦ ਕੀਤੀ ਜਾਂਦੀ ਹੈ। ਜਦੋਂ ਵੱਡੇ ਪੱਧਰ ’ਤੇ ਫ਼ਸਲਾਂ ਉਗਾਉਣ ਲਈ ਪਾਣੀ ਦਰਿਆਵਾਂ ਤੋਂ ਜਾਂ ਧਰਤੀ ਦੇ ਹੇਠੋਂ ਖਿੱਚਿਆ ਜਾਂਦਾ ਹੈ, ਜਿਵੇਂ ਕਿ ਸਾਰੀ ਦੁਨੀਆਂ ਵਿਚ ਚੱਲ ਰਿਹਾ ਹੈ, ਤਾਂ ਇਹ ਬਹੁਤ ਮਹਿੰਗਾ ਪੈਂਦਾ ਹੈ। ਪਾਣੀ ਦਾ ਵਹਾਅ ਕਿਸੇ ਇਕ ਖੇਤਰ ਦੇ ਲਈ ਮੋੜਨ ਦਾ ਅਰਥ ਹੈ ਕਿ ਕਿਸੇ ਹੋਰ ਖੇਤਰ ਤੋਂ ਉਹ ਪਾਣੀ ਖੋਹਿਆ ਜਾ ਰਿਹਾ ਹੈ ਤੇ ਜਾਂ ਦਰਿਆ ਜਾਂ ਧਰਤੀ ਹੇਠਲੇ ਜਲ ਸੋਮੇ ਖ਼ਾਲੀ ਕੀਤੇ ਜਾ ਰਹੇ ਨੇ।
ਮੈਂ ਆਪਣੇ ਵੱਲੋਂ ਵਰਤੇ ਜਾਂਦੇ ਪਾਣੀ ਦੇ ਕੁੱਲ ਦੁਨੀਆਂ ਉਪਰ ਹੁੰਦੇ ਅਸਰ ਦਾ ਲੇਖਾ-ਜੋਖਾ ਕੀਤਾ। ਮੇਰੇ ਨਾਸ਼ਤੇ ਵਿਚਲੀ ਕੌਰਨ-ਫਲੇਕਸ, ਮੇਰਾ ਖ਼ਿਆਲ ਹੈ, ਅਮਰੀਕਾ ਦੇ ਵਿਸ਼ਾਲ ਮੈਦਾਨਾਂ ’ਚ ਪੈਦਾ ਕੀਤੀ ਮੱਕੀ ਤੋਂ ਆਉਂਦੀ ਹੈ ਜਿੱਥੇ ਧਰਤੀ ਹੇਠਲਾ ਪਾਣੀ ਬੜੀ ਤੇਜ਼ੀ ਨਾਲ ਮੁੱਕ ਰਿਹਾ ਹੈ। ਮੇਰੇ ਮੀਟ ਦਾ ਬਹੁਤਾ ਹਿੱਸਾ ਅਮਰੀਕਾ ਦੇ ਮੀਟ ਵਾਲੇ ਪਸ਼ੂਆਂ ਤੋਂ ਆਉਂਦਾ ਹੈ ਜਿਨ੍ਹਾਂ ਨੂੰ ਸੇਂਜੂ ਲੂਸਣ ਦਾ ਚਾਰਾ ਖੁਆਇਆ ਜਾਂਦਾ ਹੈ। ਇੱਥੋਂ ਤੱਕ ਕਿ ਇੱਥੇ ਇੰਗਲੈਂਡ ਵਿਚ ਹੀ ਪਾਲੀਆਂ ਜਾਂਦੀਆਂ ਮੁਰਗੀਆਂ ਲਈ ਖੁਰਾਕ ਦੱਖਣੀ ਅਮਰੀਕਾ ’ਚ ਪੈਦਾ ਹੁੰਦੀ ਸੋਇਆਬੀਨ ਦੀ ਫ਼ਸਲ ਤੋਂ ਬਣਦੀ ਹੈ। ਮੇਰੇ ਘਰ ਦੀ ਖੰਡ ਬਹੁਤਾ ਕਰਕੇ ਕੰਬੋਡੀਆ ਜਾਂ ਦੱਖਣੀ ਅਫਰੀਕਾ ’ਚੋਂ ਆਉਂਦੀ ਹੋਵੇਗੀ। ਮੇਰੀ ਜੀਨਜ਼ ਦੀ ਪੈਂਟ ਵਾਸਤੇ ਕਪਾਹ ਉਜ਼ਬੇਕਿਸਤਾਨ ਵਿਚ ਉਗਾਈ ਗਈ ਹੋਵੇਗੀ, ਜਿੱਥੇ ਇਸ ਨੇ ਵੀ ਯੂਰਾਲ ਸਾਗਰ ਨੂੰ ਖ਼ਾਲੀ ਕਰਨ ਵਿਚ ਯੋਗਦਾਨ ਪਾਇਆ ਹੋਵੇਗਾ।
ਕੁਦਰਤ ਵੱਲੋਂ ਸਾਨੂੰ ਬਖ਼ਸ਼ੇ ਤੇ ਸਾਡੇ ਵੱਲੋਂ ਵਰਤੇ ਕੁੱਲ ਪਾਣੀ ਦਾ ਦੋ ਤਿਹਾਈ ਹਿੱਸਾ ਅਸੀਂ ਖੇਤੀਬਾੜੀ ’ਤੇ ਵਰਤਦੇ ਹਾਂ। ਇਕ ਅੰਦਾਜ਼ੇ ਅਨੁਸਾਰ ਉਸ ਪਾਣੀ ਦਾ ਦਸਵਾਂ ਹਿੱਸਾ ਮਤਲਬ ਕੋਈ 57 ਕਰੋੜ ਏਕੜ ਫੁੱਟ, ਕੌਮਾਂਤਰੀ ਵਪਾਰ ਵਿਚ ਏਧਰ-ਉੱਧਰ ਜਾਂਦਾ ਹੈ। ਇਹ ਪਾਣੀ ਸਿੱਧਾ ਖ਼ਰੀਦਿਆ-ਵੇਚਿਆ ਨਹੀਂ ਜਾਂਦਾ ਸਗੋਂ ਪਾਣੀ ਨਾਲ ਪੈਦਾ ਹੋਈ ਪੈਦਾਵਾਰ ਦੇ ਵਪਾਰ ਅੰਦਰ ਲੁਕਿਆ ਪਾਣੀ ਥਾਓਂ-ਥਾਈਂ ਜਾਂਦਾ ਹੈ। ਅਰਥ-ਸ਼ਾਸਤਰੀ ਇਸ ਨੂੰ ‘ਅਣਦਿਸਦਾ ਪਾਣੀ’ ਆਖਦੇ ਨੇ। ਜਿਉਂ-ਜਿਉਂ ਧਰਤੀ ਦੇ ਦਰਿਆ ਸੁੱਕਦੇ ਜਾਂਦੇ ਨੇ, ਇਹ ਅਣਦਿਸਦੇ ਪਾਣੀ ਦਾ ਵਪਾਰ ਵੀ ਤਿਉਂ-ਤਿਉਂ ਮਸਲਿਆਂ ਦੀ ਜੜ੍ਹ ਬਣਦਾ ਜਾਂਦਾ ਹੈ।
ਇਸ ਅਣਦਿਸਦੇ ਪਾਣੀ ਦੀ ਸਭ ਤੋਂ ਵੱਡਾ ਨਿਰਯਾਤਕ ਹੈ- ਸੰਯੁਕਤ ਰਾਜ ਅਮਰੀਕਾ। ਇਹ ਆਪਣੀ ਧਰਤੀ ਹੇਠਲੇ ਕੁਦਰਤੀ ਜਲ ਭੰਡਾਰਾਂ ’ਚੋਂ ਕੱਢੇ ਹੋਏ ਪਾਣੀ ਦਾ ਇਕ ਤਿਹਾਈ ਹਿੱਸਾ ਦੂਸਰੇ ਦੇਸ਼ਾਂ ਨੂੰ ਭੇਜਦਾ ਹੈ ਜਿਹਦੇ ਵਿਚੋਂ ਜ਼ਿਆਦਾ ਸਿੱਧੇ ਤੌਰ ’ਤੇ ਅਨਾਜ ਦੇ ਰੂਪ ਵਿਚ ਤੇ ਬਾਕੀ ਅਸਿੱਧੇ ਤੌਰ ’ਤੇ ਮੀਟ ਦੇ ਰੂਪ ਵਿਚ। ਅਮਰੀਕਾ ਆਪਣੇ ਵਿਸ਼ਾਲ ਮੈਦਾਨੀ ਇਲਾਕਿਆਂ ਦੇ ਹੇਠਲੇ ਕੀਮਤੀ ਜਲ ਭੰਡਾਰਾਂ ਵਿਚੋਂ ਅਥਾਹ ਪਾਣੀ ਕੱਢ ਰਿਹਾ ਹੈ, ਬਾਹਰ ਭੇਜਣ ਲਈ ਅਨਾਜ ਉਗਾਉਣ ਵਾਸਤੇ। ਇਹ ਦੇਸ਼ ਮੀਟ ਦੇ ਰੂਪ ਵਿਚ ਵੀ 8 ਕਰੋੜ ਏਕੜ ਫੁੱਟ ਸਾਲਾਨਾ ਅਣਦਿਸਦਾ ਪਾਣੀ ਬਾਹਰ ਭੇਜ (ਨਿਰਯਾਤ ਕਰ ਰਿਹਾ) ਰਿਹਾ ਹੈ। ਅਣਦਿਸਦੇ ਪਾਣੀ ਦੇ ਹੋਰ ਮੁੱਖ ਨਿਰਯਾਤਕ ਨੇ ਕੈਨੇਡਾ (ਅਨਾਜ ਰਾਹੀਂ), ਆਸਟਰੇਲੀਆ (ਕਪਾਹ ਤੇ ਚੀਨੀ ਰਾਹੀਂ), ਅਰਜਨਟੀਨਾ (ਮੀਟ) ਅਤੇ ਥਾਈਲੈਂਡ (ਚੌਲਾਂ ਰਾਹੀਂ)। ਸਪੇਨ ਦੇ ਖੁਸ਼ਕ ਦੱਖਣੀ ਹਿੱਸੇ ’ਚੋਂ ਤੇ ਇਜ਼ਰਾਈਲ ਤੋਂ ਟਮਾਟਰਾਂ ਰਾਹੀਂ ਅਜਿਹਾ ਪਾਣੀ ਮਣਾਂਮੂੰਹੀਂ ਬਾਹਰ ਭੇਜਿਆ ਜਾ ਰਿਹਾ ਹੈ, ਤੇ ਇਉਂ ਹੀ ਇਥੋਪੀਆ ਵਿਚੋਂ ਕੌਫ਼ੀ ਰਾਹੀਂ।
ਐਸੇ ਪਾਣੀ ਦਾ ਬੜੇ ਵੱਡੇ ਫ਼ਰਕ ਨਾਲ ਸਭ ਤੋਂ ਵੱਡਾ ਦਰਾਮਦਕਾਰ ਹੈ ਯੂਰਪੀ ਯੂਨੀਅਨ। ਇਹ ਦੂਜੇ ਮੁਲਕਾਂ ਤੋਂ ਲਿਆਂਦੇ ਉਤਪਾਦਾਂ ਮਗਰ ਕੋਈ ਛੱਬੀ ਕਰੋੜ ਏਕੜ ਫੁੱਟ ਪਾਣੀ ਸਾਲਾਨਾ ਲਿਆਉਂਦਾ ਹੈ। ਇਹ ਉੱਥੇ ਕੁੱਲ ਵਰਤੇ ਜਾਂਦੇ ਉਤਪਾਦਾਂ ਮਗਰ ਲੱਗੇ ਪਾਣੀ ਦਾ 40% ਹੈ। ਬਰਤਾਨੀਆ ਹਰ ਸਾਲ 3.8 ਕਰੋੜ ਏਕੜ ਫੁੱਟ ਪਾਣੀ ਇਸ ਤਰੀਕੇ ਦਰਾਮਦ ਕਰਦਾ ਹੈ ਜਿਹੜਾ ਨੀਲ ਦਰਿਆ ਦੇ ਕੁੱਲ ਵਹਿਣ ਦਾ ਅੱਧਾ ਪਾਣੀ ਬਣਦਾ ਹੈ। ਇੱਥੋਂ ਦੇ ਲੋਕਾਂ ਦੀ ਖੁਰਾਕ ਅਤੇ ਕੱਪੜੇ ਦੀਆਂ ਲੋੜਾਂ ਦੀ ਪੂਰਤੀ ਲਈ ਲੱਗੇ ਕੁੱਲ ਪਾਣੀ ਦਾ 70% ਬਾਹਰਲੇ ਮੁਲਕਾਂ ਵਿਚੋਂ ਪੂਰਿਆ ਜਾਂਦਾ ਹੈ। ਮੱਧ-ਪੂਰਬ ਦੇ ਅਰਬ ਮੁਲਕ, ਸਵਿਟਜ਼ਰਲੈਂਡ, ਨੈਦਰਲੈਂਡਜ਼, ਬੈਲਜੀਅਮ ਤੇ ਮਾਲਟਾ ਵਰਗੇ ਮੁਲਕ ਇਸ ਪ੍ਰਤੀਸ਼ਤ ਖਪਤ ਵਿਚ ਬਰਤਾਨੀਆ ਤੋਂ ਵੀ ਅੱਗੇ ਨੇ।
ਇਹ ਨਹੀਂ ਕਿ ਅਣਦਿਸਦੇ-ਪਾਣੀ ਦਾ ਇਹ ਵਪਾਰ ਬੰਦ ਕਰ ਦੇਣਾ ਚਾਹੀਦਾ ਹੈ ਸਗੋਂ ਇਰਾਨ, ਮਿਸਰ, ਜਾਰਡਨ ਤੇ ਅਲਜੀਰੀਆ ਇਹਦੇ ਬਿਨਾਂ ਭੁੱਖੇ ਮਰ ਜਾਣਗੇ। ‘‘ਅਰਬ-ਮੁਲਕਾਂ ਦਾ ਪਾਣੀ ਕਈ ਸਾਲ ਪਹਿਲਾਂ ਮੁੱਕ ਚੁੱਕਾ ਹੈ। ਦੁਨੀਆਂ ਦੇ ਇਤਿਹਾਸ ਵਿਚ ਅਜਿਹੀ ਸਥਿਤੀ ਵਾਲਾ ਇਹ ਪਹਿਲਾ ਖਿੱਤਾ ਹੈ।’’ ਇਹ ਗੱਲ ਕਿੰਗਜ਼ ਕਾਲਜ ਲੰਦਨ ਦੇ ਮਾਹਰ ਟੋਨੀ ਐਲਨ ਨੇ ਆਖੀ ਜਿਸ ਨੇ ਸਭ ਤੋਂ ਪਹਿਲਾਂ ‘ਅਣਦਿਸਦੇ-ਪਾਣੀ’ ਨੂੰ ਇਹ ਨਾਂ ਦਿੱਤਾ ਸੀ। ਸੋ, ਇਸ ਜਲ-ਵਪਾਰ ਦੀ ਅਣਹੋਂਦ ਵਿਚ ਇਸ ਖਿੱਤੇ ਦੇ ਸਾਰੇ ਮੁਲਕ ਪਾਣੀ ਪਿੱਛੇ ਗਹਿਰੀਆਂ ਜੰਗਾਂ ਵਿਚ ਉਲਝ ਜਾਣਗੇ।
ਅਣਉਚਿਤ ਜਲ-ਵਪਾਰ ਦੀ ਸਪਸ਼ਟ ਉਦਾਹਰਣ ਪੇਸ਼ ਕਰਦੇ ਨੇ ਕਈ ਕਪਾਹ ਉਤਪਾਦਕ ਦੇਸ਼। ਕਪਾਹ ਗਰਮ-ਖੁਸ਼ਕ ਇਲਾਕੇ ਵਿਚ ਵਧੀਆ ਉੱਗਦੀ ਹੈ ਜਿੱਥੇ ਸਾਰਾ ਸਾਲ ਧੁੱਪ ਰਹੇ ਤੇ ਰੇਤ ਗਰਮ ਰਹੇ। ਦੂਸਰੇ ਅਰਥਾਂ ਵਿਚ- ਮਾਰੂਥਲੀ ਇਲਾਕਾ। ਬੀਤੇ ਵਰ੍ਹਿਆਂ ਦੇ ਬਰਤਾਨਵੀ-ਸ਼ਾਸਤ ਮੁਲਕ ਮਿਸਰ, ਸੂਡਾਨ ਤੇ ਪਾਕਿਸਤਾਨ ਅੱਜ ਵੀ ਕਪਾਹ ਪੈਦਾ ਕਰਨ ਲਈ ਆਪਣੇ ਨੀਲ ਤੇ ਸਿੰਧ ਦਰਿਆ ਖ਼ਾਲੀ ਕਰ ਰਹੇ ਹਨ ਜਿਸ ਤਰ੍ਹਾਂ ਉਹ ਬਰਤਾਨਵੀ ਰਾਜ ਵੇਲੇ ਕਰਿਆ ਕਰਦੇ ਸਨ ਜਦੋਂ ਇੰਗਲੈਂਡ ਦੀਆਂ ਕੱਪੜਾ ਮਿੱਲਾਂ ਨੂੰ ਕੱਚਾ ਮਾਲ ਜਾਂਦਾ ਸੀ। ਮੱਧ ਏਸ਼ੀਆ ਦੇ ਯੂਰਾਲ ਸਾਗਰ ਦੇ ਪਤਨ ਦੀ ਨੀਂਹ ਵੀ ਉਦੋਂ ਹੀ ਰੱਖੀ ਗਈ ਜਦੋਂ ਕੋਈ 60 ਸਾਲ ਪਹਿਲਾਂ ਰੂਸ ਨੇ ਇੱਥੋਂ ਦੇ ਮਾਰੂਥਲੀ ਇਲਾਕੇ ਨੂੰ ਵਿਸ਼ਾਲ ਕਪਾਹ-ਪੱਟੀ ਵਿਚ ਤਬਦੀਲ ਕਰ ਦਿੱਤਾ। ਯੂਰਾਲ ਸਾਗਰ ਵਿਚੋਂ ਗਾਇਬ ਹੋਇਆ ਸਾਰਾ ਪਾਣੀ ਦਰਅਸਲ ਪਿਛਲੀ ਅੱਧੀ ਸਦੀ ਦੌਰਾਨ ਸਾਬਕਾ ਰੂਸੀ ਸੰਘ ਦੇ ਮੁਲਕਾਂ ਨੂੰ ਕੱਪੜੇ ਬਣਾਉਣ ਲਈ ਪੈਦਾ ਕੀਤੀ ਕਪਾਹ ਦੇ ਰੂਪ ਵਿਚ ਨਿਰਯਾਤ ਕੀਤਾ ਜਾ ਚੁੱਕਾ ਹੈ।
ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਵਿਸ਼ਵ ਪੱਧਰ ’ਤੇ ਪਾਣੀ ਦਾ ਅਜਿਹਾ ਗੁਪਤ ਵਪਾਰ, ਅਸਲ ਵਿਚ ਫ਼ਸਲਾਂ ਲਈ ਵਰਤੇ ਜਾਣ ਵਾਲੇ ਪਾਣੀ ਦੇ ਮੁਕਾਬਲੇ ਜਲ ਸਰੋਤਾਂ ਉਪਰ ਬੋਝ ਘਟਾਉਂਦਾ ਹੈ। ਕਿਉਂ ਜੋ ਜਿਸ ਜਗ੍ਹਾ ਘੱਟ ਪਾਣੀ ਨਾਲ ਕੋਈ ਫ਼ਸਲ ਉੱਗ ਸਕਦੀ ਹੈ, ਉੱਥੇ ਉਗਾ ਕੇ, ਫ਼ਸਲ ਨੂੰ ਉਸ ਜਗ੍ਹਾ ਭੇਜਣਾ ਫ਼ਾਇਦੇਮੰਦ ਹੈ ਜਿੱਥੇ ਕਿਸੇ ਫ਼ਸਲ ਨੂੰ ਉਗਾਉਣ ਲਈ ਵਧੇਰੇ ਪਾਣੀ ਖ਼ਰਚ ਹੋਣਾ ਸੀ। ਪਹਿਲੀ ਨਜ਼ਰੇ ਇਹ ਠੀਕ ਲੱਗਦਾ ਹੈ। ਪਰ ਕਈ ਫ਼ਸਲਾਂ, ਜਿਵੇਂ ਕਪਾਹ ਤੇ ਚੀਨੀ ਦੇ ਮਾਮਲੇ ਵਿਚ ਅਜਿਹਾ ਵਪਾਰ ਘਾਟੇ ਦਾ ਸੌਦਾ ਪ੍ਰਤੀਤ ਹੁੰਦਾ ਹੈ।
ਮਸਲਨ, ਪਾਕਿਸਤਾਨ ਕਪਾਹ ਪੈਦਾ ਕਰਨ ਲਈ ਸਿੰਧ ਦਰਿਆ ’ਚੋਂ ਸਾਲਾਨਾ 4 ਕਰੋੜ ਏਕੜ ਫੁੱਟ ਪਾਣੀ ਵਰਤਦਾ ਹੈ ਜੋ ਸਿੰਧ ਦਰਿਆ ਨੂੰ ਅਰਬ ਸਾਗਰ ਤੱਕ ਪਹੁੰਚਣੋਂ ਰੋਕਣ ਲਈ ਕਾਫ਼ੀ ਹੈ। ਇਸ ਗੱਲ ਦੀ ਕਿੰਨੀ ਕੁ ਤੁਕ ਬਣਦੀ ਹੈ? ਤੇ ਇਹ ਗੱਲ ਭਲਾ ਕਿੰਨੀ ਕੁ ਵਾਜਬ ਹੈ ਕਿ ਅਮਰੀਕਾ ਆਪਣੇ ਮੈਦਾਨਾਂ ਹੇਠਲੇ ਕੀਮਤੀ ਜਲ ਭੰਡਾਰਾਂ ਵਿਚੋਂ ਅੰਨ੍ਹੇਵਾਹ ਪਾਣੀ ਪੰਪਾਂ ਰਾਹੀਂ ਕੱਢੀ ਜਾਵੇ, ਸਿਰਫ਼ ਵਿਸ਼ਵ ਮੰਡੀ ਵਿਚ ਅੰਨ ਦੀ ਬਹੁਤਾਤ ਵਿਚ ਹੋਰ ਵਾਧਾ ਕਰਨ ਖ਼ਾਤਰ? ਅਣਦਿਸਦੇ ਪਾਣੀ ਦੇ ਇਸ ਵਿਸ਼ਵ ਵਪਾਰ ਦੀਆਂ ਕਦਰਾਂ-ਕੀਮਤਾਂ ਜੋ ਵੀ ਹੋਣ, ਇਹ ਸਾਡੀ ਧਰਤੀ ਉਪਰ ਬਹੁਤ ਜਗ੍ਹਾ ਪੈਦਾ ਹੋਏ ਜਲ ਸੰਕਟਾਂ ਦਾ ਧੁਰਾ ਹੈ।
ਧੰਨਵਾਦ: ਸਤੀਸ਼ ਗੁਲਾਟੀ (ਸੰਪਰਕ: 98152-98459)

Advertisement

ਗੁਰਰੀਤ ਬਰਾੜ

ਜੇ ਪੰਜਾਬ ਦੇ ਦਰਿਆ ਸਾਡੇ ਅੰਦਰ ਧੜਕਦੇ ਨੇ ਤਾਂ ਇਨ੍ਹਾਂ ਦਰਿਆਵਾਂ ਦੇ ਦਰਦ ਵੀ ਹਰ ਪੰਜਾਬੀ ਮਹਿਸੂਸ ਕਰਦਾ ਹੈ। ਸਾਡੇ ਦਰਿਆ ਆਰੀਅਨ ਅਤੇ ਸੀਥੀਅਨ ਲੋਕਾਂ ਦੀ ਆਮਦ ਤੇ ਵਸੇਬੇ ਦੇ ਗਵਾਹ ਬਣੇ ਅਤੇ ਵੇਦਾਂ ਦੀ ਪਿੱਠਭੂਮੀ ਵੀ। ਸਿਕੰਦਰ ਦੇ ਸਿੰਧ ਦਰਿਆ ਪਾਰ ਕਰਨ ਤੋਂ ਲੈ ਕੇ ਅੰਗਰੇਜ਼ਾਂ ਦੇ ਸਤਲੁਜ ਟੱਪਣ ਤਕ ਖੌਰੇ ਕਿੰਨੀ ਵਾਰ ਸਾਡੇ ਲਹੂ ਇਨ੍ਹਾਂ ਦੇ ਪਾਣੀਆਂ ਨਾਲ ਇਕ-ਮਿਕ ਹੁੰਦੇ ਰਹੇ। ’47 ਦੇ ਦੁਖਾਂਤ ਵੇਲੇ ਤਾਂ ਇਨ੍ਹਾਂ ਆਪਣੇ ਘਰ ਦੇ ਜੀਆਂ ਦੇ ਲਹੂ ਨਾਲ ਰੱਤੇ ਹੋਣ ਦਾ ਦਰਦ ਵੀ ਹੰਢਾਇਆ। ਮਗਰੋਂ ਦਰਿਆਈ ਪਾਣੀਆਂ ਦੀ ਕਾਣੀ ਵੰਡ ਦਾ ਦਰਦ ਹੀ ਸੀ ਜਿਹੜਾ ’80ਵਿਆਂ ਵਿਚ ਪੰਜਾਬ ਦੇ ਪੁੱਤਰਾਂ, ਧੀਆਂ, ਮਾਵਾਂ ਤੇ ਬਾਬਲਾਂ ਦੇ ਸੀਨਿਆਂ ’ਚ ਚੀਸ ਬਣ ਕੇ ਉਭਰਿਆ। ਪਰ ਜਿਨ੍ਹਾਂ ਪਾਣੀਆਂ ਨੇ ਹਜ਼ਾਰਾਂ ਵਰ੍ਹਿਆਂ ਤੋਂ ਸਾਨੂੰ ਜ਼ਿੰਦਗੀ ਬਖ਼ਸ਼ੀ, ਜ਼ਰਾ ਸੋਚੀਏ ਕਿ ਅਸੀਂ ਉਨ੍ਹਾਂ ਨਾਲ ਕੀ ਗੁਜ਼ਾਰੀ? ਅਸੀਂ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾ ਛੱਡਿਆ; ਅਸੀਂ ਸਤਲੁਜ ਤੇ ਬਿਆਸ ਦੇ ਅੰਮ੍ਰਿਤ ਜਹੇ ਪਾਣੀਆਂ ਨੂੰ ਫੈਕਟਰੀਆਂ ਤੇ ਖੇਤਾਂ ’ਚੋਂ ਝਰਦੀਆਂ ਜ਼ਹਿਰਾਂ ਦੇ ਹਵਾਲੇ ਕਰ ਦਿੱਤਾ; ਅਸੀਂ ਪਾਣੀ ਡਕਾਰਨ ਵਾਲੀਆਂ ਫ਼ਸਲਾਂ ਪਾਲਣ ਖ਼ਾਤਰ ਰੇਗਿਸਤਾਨ ਵੱਲ ਨੂੰ ਮਣਾਂ-ਮੂੰਹੀਂ ਪਾਣੀ ਰੋੜ੍ਹ ਦਿੱਤਾ।

ਅਸੀਂ ਆਪਣੀ ਮਾਂ-ਧਰਤੀ ਦੇ ਸੀਨੇ ਅਣਗਿਣਤ ਛੇਕ ਕਰ ਕੇ ਮੱਛੀ-ਮੋਟਰਾਂ ਧਰ ਲਈਆਂ ਤੇ ਇੰਜ ਪਾਣੀ ਕੱਢਣ ਲੱਗੇ ਜਿਵੇਂ ਕੱਲ੍ਹ ਕਿਸੇ ਨੇ ਵੇਖਣਾ ਹੀ ਨਾ ਹੋਵੇ। ਆਪਣੇ ਥੋੜ੍ਹ-ਚਿਰੇ ਮੁਫ਼ਾਦਾਂ ਖਾਤਰ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਹੱਥੋਂ ਪਾਣੀ ਖੋਹ ਲਿਆ। ਕਿਸੇ ਘੁੱਗ ਵਸਦੇ, ਕੁਦਰਤੀ ਰਹਿਮਤਾਂ ਨਾਲ ਓਤਪੋਤ ਖਿੱਤੇ ਦੇ ਜੀਅ ਪਾਣੀ ਦੀ ਬੂੰਦ-ਬੂੰਦ ਨੂੰ ਕਿਵੇਂ ਤਰਸ ਸਕਦੇ ਨੇ- ਐਸੇ ਵਰਤਾਰੇ ਅੱਜਕੱਲ੍ਹ ਦੁਨੀਆ ਅੰਦਰ ਕਈ ਥਾਈਂ ਵਾਪਰ ਰਹੇ ਨੇ।
- ਕਿਤਾਬ ‘ਵੈੱਨ ਦਿ ਰਿਵਰਜ਼ ਰਨ ਡਰਾਈ’ ਨੂੰ ਪੰਜਾਬ ਦੇ ਵਿਗਿਆਨੀ ਤੇ ਲੇਖਕ ਗੁਰਰੀਤ ਬਰਾੜ (ਸੰਪਰਕ: +1-559-259-3446, ਈ-ਮੇਲ: gurreet.brar@gmail.com) ਨੇ ‘ਜਦੋਂ ਦਰਿਆ ਸੁਕਦੇ ਨੇ’ (ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ) ਸਿਰਲੇਖ ਹੇਠ ਅਨੁਵਾਦ ਕੀਤਾ ਹੈ।

Advertisement
Author Image

Advertisement