ਦੁਕਾਨਾਂ ਅੱਗੇ ਸਫ਼ਾਈ ਨਾ ਹੋਣ ਕਾਰਨ ਵਪਾਰੀ ਪ੍ਰੇਸ਼ਾਨ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 29 ਜਨਵਰੀ
ਇੱਥੋਂ ਦੀ ਫਤਿਆਬਾਦ ਰੋਡ ’ਤੇ ਦੋ ਨਹਿਰਾਂ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਸਫਾਈ ਨਾ ਹੋਣ ਕਾਰਨ ਪ੍ਰੇਸ਼ਾਨ ਦੁਕਾਨਦਾਰਾਂ ਨੇ ਅੱਜ ਧਰਨਾ ਦਿੱਤਾ ਅਤੇ ਸੀਐੱਮ ਵਿੰਡੋ ਵਿੱਚ ਸਫਾਈ ਕਰਮਚਾਰੀਆਂ ਬਾਰੇ ਸ਼ਿਕਾਇਤ ਕੀਤੀ। ਇਸ ਮੌਕੇ ਉਨ੍ਹਾਂ ਸਫਾਈ ਕਰਮਚਾਰੀਆਂ ਦੀ ਤਬਾਦਲੇ ਦੀ ਵੀ ਮੰਗ ਕੀਤੀ। ਦੁਕਾਨਦਾਰ ਜੀਤਰਾਮ, ਦਵਿੰਦਰ ਸਿੰਘ, ਵਿੱਕੀ ਸਿੰਗਲਾ, ਅਮਰ ਸਿੰਗਲਾ, ਸੁਰੇਸ਼ ਕੁਮਾਰ, ਸੁਖਬੀਰ ਸਿੰਘ, ਨਿਰਮਲ ਸਿੰਘ, ਯੋਗੇਸ਼ ਕੁਮਾਰ ਭਰਤ ਅਤੇ ਹੋਰਾਂ ਨੇ ਦੱਸਿਆ ਕਿ ਫਤਿਹਾਬਾਦ ਰੋਡ ’ਤੇ ਨਵੀਂ ਸੜਕ ਬਣਾਈ ਗਈ ਹੈ, ਜਿਸ ’ਤੇ ਬਹੁਤ ਸਾਰਾ ਚਿੱਕੜ ਇਕੱਠਾ ਹੋ ਗਿਆ ਹੈ, ਪਰ ਠੇਕੇਦਾਰ ਨੇ ਚਿੱਕੜ ਸਾਫ਼ ਨਹੀਂ ਕਰਵਾਇਆ। ਨਾ ਹੀ ਨਗਰ ਨਿਗਮ ਦੇ ਸਫਾਈ ਕਰਮਚਾਰੀ ਸਮੇਂ ਸਿਰ ਸਫਾਈ ਕਰਦੇ ਹਨ। ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਕੰਮ ’ਤੇ ਆਉਣ ਦੀ ਬਜਾਏ, ਸਫਾਈ ਕਰਮਚਾਰੀ ਦੁਕਾਨਾਂ ਦੇ ਸਾਹਮਣੇ ਬੈਠ ਜਾਂਦੇ ਹਨ ਅਤੇ ਜਦੋਂ ਦੁਕਾਨਦਾਰ ਉਨ੍ਹਾਂ ਨੂੰ ਸਫਾਈ ਕਰਨ ਲਈ ਕਹਿੰਦੇ ਹਨ, ਤਾਂ ਉਹ ਸਫਾਈ ਨਹੀਂ ਕਰਦੇ। ਜਦੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਦੀ ਸਫਾਈ ਕਰਕੇ ਹਟਦੇ ਹਨ, ਤਾਂ ਨਗਰ ਪਾਲਿਕਾ ਦੇ ਸਫਾਈ ਕਰਮਚਾਰੀ ਧੂੜ ਉਡਾਉਂਦੇ ਹਨ। ਇਸ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਫਾਈ ਦੇ ਢੁਕਵੇਂ ਪ੍ਰਬੰਧ ਕਰਵਾਉਣ ਲਈ ਸ਼ਿਕਾਇਤ ਭੇਜੀ ਹੈ ਅਤੇ ਸਫਾਈ ਕਰਮਚਾਰੀਆਂ ਦੇ ਤਬਾਦਲੇ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਸਫਾਈ ਇੰਸਪੈਕਟਰ ਓਮਕਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੜਕ ’ਤੇ ਸਫਾਈ ਵਿਵਸਥਾ ਬਹਾਲ ਕਰ ਦਿੱਤੀ ਜਾਵੇਗੀ।