ਮਲਟੀ ਸਟੋਰੀ ਪਾਰਕਿੰਗ ਦੇ ਠੇਕੇਦਾਰ ਖ਼ਿਲਾਫ਼ ਇਕਜੁੱਟ ਹੋੋਇਆ ਵਪਾਰੀ ਵਰਗ
ਪੱਤਰ ਪ੍ਰੇਰਕ
ਬਠਿੰਡਾ, 11 ਅਗਸਤ
ਬਠਿੰਡਾ ਦੀ ਮਲਟੀ ਸਟੋਰੀ ਪਾਰਕਿੰਗ ਦੇ ਠੇਕੇਦਾਰ ਦੀਆਂ ਟੋਹ ਵੈਨਾਂ ਖ਼ਿਲਾਫ਼ ਸ਼ਹਿਰ ਦੇ ਵਪਾਰੀ ਵਰਗ ਰੋਹ ਹੈ। ਇਸੇ ਕਾਰਨ ਕਈ ਮਹੀਨਿਆਂ ਤੋਂ ਅੱਕੇ ਵਪਾਰੀ ਵਰਗ ਨੇ ਵਪਾਰ ਅਤੇ ਭਾਈਚਾਰਕ ਸਾਂਝ ਬਚਾਓ ਸੰਘਰਸ਼ ਕਮੇਟੀ ਤਹਿਤ ਮੋਰਚਾ ਖੋਲ੍ਹ ਦਿੱਤਾ ਹੈ। ਕਮੇਟੀ ਦੇੇ ਆਗੂਆਂ ਦਾ ਕਹਿਣਾ ਹੈ ਪਾਰਕਿੰਗ ਦੇ ਠੇਕੇਦਾਰ ਦੀ ਧੱਕੇਸ਼ਾਹੀ, ਨਿਯਮਾਂ ਅਤੇ ਸ਼ਰਤਾਂ ਦੇ ਉਲਟ ਗੱਡੀਆਂ ਨੂੰ ਚੁੱਕਣ ਅਤੇ ਮੋਟਾ ਜੁਰਮਾਨਾ ਵਸੂਲਣ ਅਤੇ ਲੜਾਈ ਝਗੜੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮਜੂਬਰਨ ਸੜਕਾਂ ’ਤੇ ਉਤਰਨਾ ਪਿਆ ਹੈ। ਇਸ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਵਪਾਰੀ ਵਰਗ ਵੱਲੋਂ ਅੱਜ ਮੀਟਿੰਗ ਉਪਰੰਤ ਡੀਸੀ ਨੂੰ ਮੰਗ ਪੱਤਰ ਭੇਜਿਆ ਗਿਆ। ਇਕੱਠੇ ਵਪਾਰੀਆਂ ਨੇ ਠੇਕੇਦਾਰ ਦਾ ਠੇਕਾ ਰੱਦ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਬੀਤੇ ਵਰ੍ਹੇ ਸ਼ਹਿਰ ਦੀ ਟਰੈਫ਼ਿਕ ਪ੍ਰਣਾਲੀ ਵਿੱਚ ਸੁਧਾਰ ਲਈ ਮਲਟੀ ਸਟੋਰੀ ਪਾਰਕਿੰਗ ਨੂੰ ਠੇਕੇ ’ਤੇ ਦਿੱਤਾ ਸੀ। ਅੱਜ ਇੱਥੇ ਧਰਮਸ਼ਾਲਾ ਵਿੱਚ ਰੱਖੀ ਗਈ ਮੀਟਿੰਗ ਦੌਰਾਨ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਵਪਾਰੀ ਵਰਗ ਅਤੇ ਭਾਈਚਾਰਕ ਸਾਂਝ ਬਚਾਓ ਸੰਘਰਸ਼ ਕਮੇਟੀ ਵੱਲੋਂ ਅਪੀਲ ਕੀਤੀ ਗਈ ਕਿ ਸ਼ਹਿਰ ਵਾਸੀ ਫਾਇਰ ਬ੍ਰਿਗੇਡ ਚੌਕ ਵਿਚ ਰੱਖੇ ਗਏ ਧਰਨੇ ਦੌਰਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ। ਦੂਜੇ ਪਾਸੇ ਠੇਕੇਦਾਰ ਰਾਮ ਸਿੰਘ ਵਿਰਕ ਦਾ ਕਹਿਣਾ ਹੈ ਕਿ ਉਹ ਆਪਣਾ ਕੰਮ ਕਰ ਰਹੇ ਹਨ ਅਤੇ ਸ਼ਹਿਰ ਦੀ ਟਰੈਫ਼ਿਕ ਪ੍ਰਣਾਲੀ ਨੂੰ ਚੁਸਤ ਦਰੁਸਤ ਬਣਾ ਕੇ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਇੱਕ ਪਾਸੜ ਵਿਰੋਧ ਕਰ ਰਹੇ ਹਨ ਜੋ ਬਿਲਕੁਲ ਸਹੀ ਨਹੀਂ। ਉਹ ਸ਼ਹਿਰ ਦਾ ਭਲਾ ਚਾਹੁੰਦੇ ਹਨ।