ਤਿਉਹਾਰਾਂ ’ਚ ਵਪਾਰੀਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ: ਹਰਪਾਲ ਚੀਮਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਕਤੂਬਰ
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਲੰਘੇ ਸਮੇਂ ਤੋਂ ਟੈਕਸ ਚੋਰੀ ਰੋਕਣ ਲਈ ਨਿੱਤਰੇ ਕਰ ਵਿਭਾਗ ਦੇ ਅਫ਼ਸਰਾਂ ਦੇ ਹੱਥ ਬੰਨ੍ਹ ਦਿੱਤੇ ਹਨ। ਵਿੱਤ ਮੰਤਰੀ ਨੇ ਤਿਉਹਾਰਾਂ ਦੇ ਹਵਾਲੇ ਨਾਲ ਕਰ ਕਮਿਸ਼ਨਰ ਨੂੰ ਹੁਕਮ ਦਿੱਤੇ ਹਨ ਕਿ ਕਰ ਵਿਭਾਗ ਦਾ ਕੋਈ ਵੀ ਅਧਿਕਾਰੀ ਕਿਸੇ ਵੀ ਵਪਾਰੀ ਜਾਂ ਕਾਰੋਬਾਰੀ ਨੂੰ ਪ੍ਰੇਸ਼ਾਨ ਨਾ ਕਰੇ। ਉਨ੍ਹਾਂ ਨੂੰ ਕੁਝ ਰਿਪੋਰਟਾਂ ਮਿਲੀਆਂ ਹਨ ਕਿ ਜੀਐੱਸਟੀ ਵਿਭਾਗ ਦੇ ਕੁਝ ਅਧਿਕਾਰੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਪਾਰੀਆਂ ਜਾਂ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਦੌਰਾਨ ਅੱਜ ਚਰਚਾ ਰਹੀ ਕਿ ਚੀਮਾ ਦੇ ਇਸ ਐਲਾਨ ਮਗਰੋਂ ਸੂਬੇ ਵਿੱਚ ਟੈਕਸ ਚੋਰਾਂ ਨੂੰ ਖੁੱਲ੍ਹੀ ਛੁੱਟੀ ਮਿਲ ਗਈ ਹੈ। ਸੂਤਰ ਆਖਦੇ ਹਨ ਕਿ ਅਸਲ ਵਿੱਚ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ ਅਤੇ ਵਪਾਰੀ ਵਰਗ ਨੂੰ ਖ਼ੁਸ਼ ਕਰਨ ਵਾਸਤੇ ਤਿਉਹਾਰਾਂ ਬਹਾਨੇ ਡੋਰ ਖੋਲ੍ਹ ਦਿੱਤੀ ਗਈ ਹੈ। ਆਉਂਦੇ ਦਿਨਾਂ ਵਿੱਚ ਟੈਕਸ ਵਸੂਲੀ ਵਿੱਚ ਮੁੜ ਗਿਰਾਵਟ ਆਉਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਤਿਉਹਾਰ ਸਾਰਿਆਂ ਲਈ ਖ਼ੁਸ਼ੀ ਨਾਲ ਮਨਾਉਣ ਦਾ ਸਮਾਂ ਹੈ ਅਤੇ ਇਸ ਲਈ ਕਿਸੇ ਨੂੰ ਵੀ ਪ੍ਰੇਸ਼ਾਨ ਨਾ ਕੀਤਾ ਜਾਵੇ। ਚੀਮਾ ਨੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਨੂੰ ਕਰ ਵਿਭਾਗ ਦੇ ਇੰਸਪੈਕਟਰਾਂ ਜਾਂ ਹੋਰ ਅਧਿਕਾਰੀਆਂ ਵੱਲੋਂ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਉਨ੍ਹਾਂ ਦੇ ਦਫ਼ਤਰ ਨੂੰ ਦੇਣ। ਅਜਿਹੀਆਂ ਸ਼ਿਕਾਇਤਾਂ 0175-2921005 ਜਾਂ 2225192 ’ਤੇ ਫੋਨ ਕਰਕੇ ਦਰਜ ਕਰਵਾਈਆਂ ਜਾ ਸਕਦੀਆਂ ਹਨ।