ਰੇਲਿੰਗ ਨਾ ਹੋਣ ਕਾਰਨ ਟਰੈਕਟਰ-ਟਰਾਲੀ ਪਲਟੀ
ਐੱਨਪੀ ਧਵਨ
ਪਠਾਨਕੋਟ, 25 ਦਸੰਬਰ
ਸੁਜਾਨਪੁਰ ਦੇ ਪੁਲ ਨੰਬਰ-5 ਕੋਲ ਅੱਜ ਦੁਪਹਿਰ ਸਮੇਂ ਇੱਕ ਟਰੈਕਟਰ ਟਰਾਲੀ ਉਸ ਵੇਲੇ ਪਲਟ ਗਈ ਜਦ ਸਾਹਮਣੇ ਤੋਂ ਆ ਰਹੇ ਦੂਸਰੇ ਵਾਹਨ ਨੂੰ ਟਰੈਕਟਰ ਚਾਲਕ ਸਾਈਡ ਦੇਣ ਲੱਗਿਆ ਤਾਂ ਟਰੈਕਟਰ ਟਰਾਲੀ ਨਿਕਾਸੀ ਨਾਲੇ ਵੱਲ ਚਲੀ ਗਈ ਤੇ ਪਲਟ ਗਈ। ਇਹ ਹਾਦਸਾ ਸੜਕ ਕਿਨਾਰੇ ਰੇਲਿੰਗ ਨਾ ਹੋਣ ਕਰਕੇ ਵਾਪਰਿਆ। ਜਦ ਕਿ ਟਰੈਕਟਰ ਚਾਲਕ ਵਾਲ-ਵਾਲ ਬਚ ਗਿਆ। ਟਰੈਕਟਰ ਚਾਲਕ ਰੌਸ਼ਨਦੀਨ ਵਾਸੀ ਪਿੰਡ ਮੁੱਦੇ ਨੇ ਦੱਸਿਆ ਕਿ ਉਹ ਪੁਲ ਨੰਬਰ-5 ਤੋਂ ਮਲਿਕਪੁਰ ਵੱਲ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ ਕਿ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਜਦ ਸਾਈਡ ਦੇਣ ਲਈ ਸੜਕ ਕਿਨਾਰੇ ਕੀਤਾ ਤਾਂ ਨਿਕਾਸੀ ਨਾਲੇ ਵੱਲ ਡੰਗਾ ਨਾ ਹੋਣ ਕਾਰਨ ਟਰੈਕਟਰ ਟਰਾਲੀ ਨਾਲੇ ਵਿੱਚ ਲੁੜਕ ਗਈ। ਉਨ੍ਹਾਂ ਮੰਗ ਕੀਤੀ ਕਿ ਸੜਕ ਕਿਨਾਰੇ ਰੇਲਿੰਗ ਲਾਈ ਜਾਵੇ ਤਾਂ ਕਿ ਹਾਦਸੇ ਨਾ ਵਾਪਰਨ।
ਨਗਰ ਕੌਂਸਲ ਸੁਜਾਨਪੁਰ ਦੇ ਉਪ-ਪ੍ਰਧਾਨ ਸੁਰਿੰਦਰ ਮਿਨਹਾਸ ਨੇ ਕਿਹਾ ਕਿ ਮੰਡੀ ਬੋਰਡ ਵਿਭਾਗ ਵੱਲੋਂ ਸੜਕ ਤਾਂ ਬਣਾ ਦਿੱਤੀ ਗਈ ਪਰ ਇਸ ਕੰਮ ਨੂੰ ਅਧੂਰਾ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਿਨਾਂ ਦੇਰੀ ਇਸ ਕੰਮ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਘਟਨਾ ਨਾ ਵਾਪਰ ਸਕੇ। ਮੰਡੀ ਬੋਰਡ ਵਿਭਾਗ ਦੇ ਐਸਡੀਓ ਰੋਹਨ ਕੋਹਾਲ ਨੇ ਕਿਹਾ ਕਿ ਸੜਕ ’ਤੇ ਜੋ ਵੀ ਕੰਮ ਅਧੂਰਾ ਪਿਆ ਹੈ, ਉਸ ਨੂੰ ਜਲਦੀ ਪੂਰਾ ਕਰਵਾ ਦਿੱਤਾ ਜਾਵੇਗਾ।