ਦਿੱਲੀ ਮੋਰਚੇ ਦੀ ਤਿਆਰੀ ਲਈ ਟਰੈਕਟਰ ਮਾਰਚ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਫਰਵਰੀ
ਉੱਤਰੀ ਭਾਰਤ ਦੀਆਂ ਅਠਾਰਾਂ ਕਿਸਾਨ ਜਥੇਬੰਦੀਆਂ ਸਮੇਤ ਦੇਸ਼ ਭਰ ਦੀਆਂ ਦੋ ਸੌ ਦੇ ਕਰੀਬ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ 13 ਫਰਵਰੀ ਤੋਂ ਲਗਾਤਾਰ ਲਗਾਏ ਜਾਣ ਵਾਲੇ ਦਿੱਲੀ ਮੋਰਚੇ ਦੀ ਤਿਆਰੀ ਵਜੋਂ ਅੱਜ ਇਥੇ ਇਲਾਕੇ ‘ਚ ਕਈ ਪਿੰਡਾਂ ‘ਚ ਟਰੈਕਟਰ ਮਾਰਚ ਕੀਤਾ ਗਿਆ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਟਰੈਕਟਰਾਂ ਸਣੇ ਮਾਰਚ ‘ਚ ਹਿੱਸਾ ਲਿਆ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਸਾਰੀਆਂ ਫ਼ਸਲਾਂ ‘ਤੇ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਫੌਰੀ ਬਣਾਉਣ, ਪਿਛਲੇ ਦਿੱਲੀ ਮੋਰਚੇ ਤੋਂ ਲੈ ਕੇ ਹੁਣ ਤੱਕ ਮੜ੍ਹੇ ਪੁਲੀਸ ਕੇਸ ਵਾਪਸ ਕਰਵਾਉਣ, ਲਖੀਮਪੁਰ ਖੀਰੀ ਦੇ ਮੁੱਖ ਸਾਜਿਸ਼ਕਾਰ ਕੇਂਦਰੀ ਮੰਤਰੀ ਅਜ ਮਿਸ਼ਰਾ ਟੈਨੀ ਨੂੰ ਗ੍ਰਿਫ਼ਤਾਰ ਕਰਵਾਉਣ ਤੇ ਕਿਸਾਨਾਂ, ਮਜ਼ਦੂਰਾਂ ਸਿਰ ਚੜ੍ਹੇ 13 ਲੱਖ ਕਰੋੜ ਦੇ ਕਰਜ਼ੇ ‘ਤੇ ਲਕੀਰ ਮਰਵਾਉਣ ਸਮੇਤ ਮੰਨੀਆਂ ਮੰਗਾਂ ਮੰਨਵਾਉਣ ਵਾਸਤੇ 13 ਫਰਵਰੀ ਤੋਂ ਅਣਮਿਥੇ ਸਮੇਂ ਲਈ ਨਵੀਂ ਦਿੱਲੀ ਵਿਚ ਨਵਾਂ ਮੋਰਚਾ ਆਰੰਭ ਕੀਤਾ ਜਾ ਰਿਹਾ ਹੈ। ਇਸੇ ਦੀ ਲਾਮਬੰਦੀ ਲਈ ਅੱਜ ਨੇੜਲੇ ਪਿੰਡਾਂ ‘ਚ ਕਿਸਾਨਾਂ ਨੂੰ ਲਾਮਬੰਦ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ‘ਚ ਪਹਿਲੇ ਦਿੱਲੀ ਮੋਰਚੇ ਵਾਲਾ ਉਤਸ਼ਾਹ ਹੈ ਅਤੇ ਐਤਕੀਂ ਦਾ ਮੋਰਚਾ ਲਾਮਿਸਾਲ ਹੋਵੇਗਾ। ਇਹ ਟਰੈਕਟਰ ਮਾਰਚ ਪਿੰਡ ਸਵੱਦੀ ਕਲਾਂ ਤੋਂ ਚੱਲ ਕੇ ਵਿਰਕ, ਬਰਸਾਲ, ਸੰਗਤਪੁਰਾ ਢੈਪਈ, ਸਿੱਧਵਾਂ ਕਲਾਂ, ਸਿੱਧਵਾਂ ਖੁਰਦ, ਗੁੜੇ, ਚੌਕੀਮਾਨ, ਕੁਲਾਰ, ਢੱਟ, ਮੋਰਕਰੀਮਾਂ ਹੁੰਦਾ ਹੋਇਆ ਤਲਵੰਡੀ ਕਲਾਂ ਵਿਖੇ ਸਮਾਪਤ ਹੋਇਆ। ਇਨ੍ਹਾਂ ਪਿੰਡਾਂ ‘ਚ ਜੁੜੇ ਕਿਸਾਨਾਂ ਨੂੰ ਜਸਦੇਵ ਸਿੰਘ ਲਲਤੋਂ, ਗੁਰਸੇਵਕ ਸਿੰਘ ਸੋਨੀ ਸਵੱਦੀ, ਰਣਜੀਤ ਸਿੰਘ ਗੁੜੇ, ਡਾ. ਗੁਰਮੇਲ ਸਿੰਘ ਕੁਲਾਰ, ਗੁਰਮੇਲ ਸਿੰਘ ਢੱਟ, ਨੰਬਰਦਾਰ ਬਲਜੀਤ ਸਿੰਘ ਸਵੱਦੀ, ਜਰਨੈਲ ਸਿੰਘ ਮੁੱਲਾਂਪੁਰ, ਹਰਦੇਵ ਸਿੰਘ ਮੁੱਲਾਂਪੁਰ, ਸਤਵਿੰਦਰ ਸੋਨੂੰ, ਅਵਤਾਰ ਸਿੰਘ ਬਿੱਲੂ ਵਲੈਤੀਆ, ਗੁਰਦਿਆਲ ਸਿੰਘ ਤਲਵੰਡੀ ਨੇ ਸੰਬੋਧਨ ਕੀਤਾ ਅਤੇ 13 ਫਰਵਰੀ ਨੂੰ ਦਿੱਲੀ ਮੋਰਚੇ ਲਈ ਵਹੀਰਾਂ ਘੱਤ ਕੇ ਦਿੱਲੀ ਕੂਚ ਦਾ ਸੱਦਾ ਦਿੱਤਾ।
ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਗੁਰੂਸਰ ਸੁਧਾਰ (ਸੰਤੋਖ ਗਿੱਲ): ਦਿੱਲੀ ਮੋਰਚੇ ਦੀ ਸਫਲਤਾ ਲਈ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਵੱਲੋਂ ਪਿੰਡ ਮੁੱਲਾਂਪੁਰ ਤੋਂ ਟਰੈਕਟਰ ਮਾਰਚ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ ਵਿੱਚ ਦਰਜਨ ਦੇ ਕਰੀਬ ਪਿੰਡਾਂ ਲਈ ਆਰੰਭ ਕੀਤਾ ਗਿਆ। ਇਹ ਮਾਰਚ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ਉਪਰ ਪਿੰਡ ਪੰਡੋਰੀ ਦੇ ਲੰਗਰ ਸਥਾਨ ‘ਤੇ ਪੜਾਅ ਕਰਨ ਤੋਂ ਬਾਅਦ ਅੱਗੇ ਰਵਾਨਾ ਹੋਇਆ। ਕਿਸਾਨਾਂ ਨੇ ਮਸਲੇ ਹੱਲ ਨਾ ਹੋਣ ’ਤੇ ਕੇਂਦਰ ਸਰਕਾਰ ਖ਼ਿਲਾਫ਼ ਲਾਮਬੰਦੀ ਕੀਤੀ। ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਆਗੂਆਂ ਨੇ ਕਿਸਾਨਾਂ-ਮਜ਼ਦੂਰਾਂ ਨੂੰ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ। ਟਰੈਕਟਰ ਮਾਰਚ ਪਿੰਡ ਮੰਡਿਆਣੀ, ਮੁੱਲਾਂਪੁਰ ਸ਼ਹਿਰ ਪੁੱਜਿਆ, ਜਿੱਥੇ ਕਿਸਾਨ ਆਗੂ ਜਰਨੈਲ ਸਿੰਘ ਮੁੱਲਾਂਪੁਰ ਦੀ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ।