For the best experience, open
https://m.punjabitribuneonline.com
on your mobile browser.
Advertisement

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਟਰੈਕਟਰ ਮਾਰਚ

07:24 AM Feb 27, 2024 IST
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਟਰੈਕਟਰ ਮਾਰਚ
ਅਜ਼ੀਜ਼ਪੁਰ ਨੇੜੇ ਕੌਮੀ ਮਾਰਗ ’ਤੇ ਟਰੈਕਟਰ ਮਾਰਚ ਕਰਦੇ ਹੋਏ ਕਿਸਾਨ। -ਫੋਟੋ: ਰਵੀ ਕੁਮਾਰ
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 26 ਫਰਵਰੀ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਬੀਕੇਯੂ (ਰਾਜੇਵਾਲ) ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਮੁਹਾਲੀ ਏਅਰਪੋਰਟ ਸੜਕ ’ਤੇ ਵਿਸ਼ਵ ਵਪਾਰ ਸੰਘ ਦੀਆਂ ਨੀਤੀਆਂ ਖ਼ਿਲਾਫ਼ ਵਿੱਚ ਪ੍ਰਦਰਸ਼ਨ ਕੀਤਾ ਤੇ ਪੁਤਲਾ ਸਾੜਿਆ।
ਇਸ ਦੌਰਾਨ ਇਲਾਕੇ ਦੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬਿਨਾਂ ਸ਼ਰਤ ਸਾਰੀਆਂ ਫ਼ਸਲਾਂ ’ਤੇ ਐਮਐਸਪੀ ਦੀ ਗਾਰੰਟੀ ਕਾਨੂੰਨ ਲਾਗੂ ਕੀਤਾ ਜਾਵੇੇ।
ਬਨੂੜ (ਕਰਮਜੀਤ ਸਿੰਘ ਚਿੱਲਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਕਿਸਾਨਾਂ ਨੇ ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਅਜ਼ੀਜ਼ਪੁਰ ਦੇ ਟੌਲ ਪਲਾਜ਼ੇ ਉੱਤੇ ਟਰੈਕਟਰ ਪ੍ਰਦਰਸ਼ਨ ਕੀਤਾ। ਟਰੈਕਟਰਾਂ ਉੱਤੇ ਕਿਸਾਨੀ ਝੰਡੇ ਲਾ ਕੇ ਟੌਲ ਪਲਾਜ਼ਾ ’ਤੇ ਪਹੁੰਚੇ ਕਿਸਾਨਾਂ ਨੇ ਕੌਮੀ ਮਾਰਗ ਉੱਤੇ ਗਿਆਰਾਂ ਤੋਂ ਦੋ ਵਜੇ ਤੱਕ ਟਰੈਕਟਰ ਖੜ੍ਹਾ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨਾਂ ਨੇ ਵਿਸ਼ਵ ਵਪਾਰ ਸੰਗਠਨ ਦਾ ਪੁਤਲਾ ਸਾੜਿਆ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਕਿਸਾਨ ਆਗੂਆਂ ਕਿਰਪਾਲ ਸਿੰਘ ਸਿਆਊ, ਗੁਰਦਰਸ਼ਨ ਸਿੰਘ ਖਾਸਪੁਰ, ਜਗਜੀਤ ਸਿੰਘ ਜੱਗੀ, ਯਾਦਵਿੰਦਰ ਸ਼ਰਮਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ 26 ਫਰਵਰੀ ਤੋਂ 29 ਫਰਵਰੀ ਤੱਕ ਆਬੂਧਾਬੀ ਵਿੱਚ ਹੋਣ ਵਾਲੀ ਵਿਸ਼ਵ ਵਪਾਰ ਸੰਗਠਨ ਦੀ ਕਾਨਫਰੰਸ ਵਿੱਚ ਖੇਤੀ ਨੂੰ ਵਿਸ਼ਵ ਵਪਾਰ ਸੰਗਠਨ ਤੋਂ ਬਾਹਰ ਰੱਖਣ ਲਈ ਮਤਾ ਲਿਆਂਦਾ ਜਾਵੇ।
ਘਨੌਲੀ/ਰੂਪਨਗਰ (ਜਗਮੋਹਨ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਮਾਰਗ ਕਿਨਾਰੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਨੂੰ ਖੜ੍ਹੇ ਕਰ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਘਨੌਲੀ ਤੋਂ ਲੈ ਕੇ ਕੁਰਾਲੀ ਤੱਕ ਕਈ ਥਾਵਾਂ ’ਤੇ ਕਿਸਾਨਾਂ ਵੱਲੋਂ ਕੌਮੀ ਮਾਰਗ ਕਿਨਾਰੇ ਬਿਨਾਂ ਆਵਾਜਾਈ ਵਿੱਚ ਰੁਕਾਵਟ ਪਾਇਆਂ ਕਈ ਘੰਟੇ ਟਰੈਕਟਰ ਖੜ੍ਹਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਥਾਵਾਂ ਤੇ ਕਿਸਾਨ ਆਗੂਆਂ ਨੇ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਖਮਾਣੋਂ (ਜਗਜੀਤ ਕੁਮਾਰ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਬਲਾਕ ਖਮਾਣੋਂ ਦੇ ਆਗੂਆਂ ਅਤੇ ਕਿਸਾਨਾਂ ਵਲੋਂ ਨਜ਼ਦੀਕੀ ਪਿੰਡ ਰਾਣਵਾਂ ਵਿਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਮੁੱਖ ਰੋਡ ਉੱਤੇ 26 ਫਰਵਰੀ ਨੂੰ ਦੁਬਈ ਵਿਚ ਡਬਲਿਊਟੀਓ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ ਆਪਣੇ ਟਰੈਕਟਰ ਖੜ੍ਹੇ ਕਰ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਡਬਲਿਊਟੀਓ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹਰਿੰਦਰ ਸਿੰਘ ਲੱਖੋਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ।
ਮੋਰਿੰਡਾ (ਸੰਜੀਵ ਤੇਜਪਾਲ): ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਲਈ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਉੱਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿੱਚ ਨੈਸ਼ਨਲ ਹਾਈਵੇਅ ਉੱਪਰ ਟਰੈਕਟਰ ਖੜ੍ਹੇ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਮੋਰਿੰਡਾ ਬਲਾਕ ਦੇ ਕਿਸਾਨਾਂ ਵੱਲੋਂ ਚੰਡੀਗੜ੍ਹ ਸੜਕ ’ਤੇ 200 ਤੋਂ ਵੱਧ ਟਰੈਕਟਰ ਖੜ੍ਹੇ ਕਰ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਵੀ ਫੂਕਿਆ ਗਿਆ।
ਕੁਰਾਲੀ (ਮਿਹਰ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਸੰਘਰਸ਼ ਦੌਰਾਨ ਅੱਜ ਇਲਾਕੇ ਵਿੱਚ ਰੋਸ ਵਜੋਂ ਟਰੈਕਟਰ ਮਾਰਚ ਕੱਢਿਆ ਗਿਆ। ਕੇਂਦਰ ਅਤੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਵਧੀਕੀਆਂ ਦੇ ਰੋਸ ਵਜੋਂ ਕੱਢੇ ਇਸ ਟਰੈਕਟਰ ਮਾਰਚ ਵਿੱਚ ਭਾਰੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਲਾਲੜੂ (ਸਰਬਜੀਤ ਸਿੰਘ ਭੱਟੀ): ਬੀਕੇਯੂ ਏਕਤਾ ਉਗਰਾਹਾਂ ਬਲਾਕ ਡੇਰਾਬਸੀ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਿਕ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਸਰਸੀਣੀ ਨੇੜੇ ਟਰੈਕਟਰ ਖੜ੍ਹੇ ਕਰ ਕੇ ਪ੍ਰਦਰਸ਼ਨ ਕੀਤਾ। ਇਸ ਵਿੱਚ ਵੱਡੀ ਗਿਣਤੀ ਜਥੇਬੰਦੀ ਦੇ ਆਗੂ ਤੇ ਇਲਾਕੇ ਦੇ ਕਿਸਾਨਾਂ ਨੇ ਆਪਣੇ ਟਰੈਕਟਰ ਲੈ ਕੇ ਹਾਜ਼ਰੀ ਲਗਵਾਈ ਤੇ ਬਾਅਦ ਵਿੱਚ ਡਬਲਿਊਟੀਓ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ।
ਪੀਯੂ ਵਿੱਚ ਐੱਸਐੱਫਐੱਸ ਨੇ ਪੁਤਲਾ ਫੂਕਿਆ
ਚੰਡੀਗੜ੍ਹ (ਕੁਲਦੀਪ ਸਿੰਘ): ਕਿਸਾਨ-ਮਜ਼ਦੂਰ ਮੋਰਚੇ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਥਿਤ ਸਟੂਡੈਂਟਸ ਵਿੱਚ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਵਿਸ਼ਵ ਵਪਾਰ ਸੰਸਥਾ (ਡਬਲਿਯੂਟੀਓ) ਅਤੇ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਵਿਦਿਆਰਥੀ ਆਗੂ ਕਰਨਵੀਰ ਦੀ ਕੋਆਰਡੀਨੇਸ਼ਨ ਹੇਠ ਹੋਏ ਇਸ ਪ੍ਰਦਰਸ਼ਨ ਵਿੱਚ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨੀ ਚਾਹੀਦੀ ਹੈ ਅਤੇ ਸਮਾਜ ਦੇ ਹੋਰਨਾਂ ਵਰਗਾਂ ਨੂੰ ਲਾਮਬੰਦ ਕਰ ਕੇ ਇਸ ਸੰਘਰਸ਼ ਨੂੰ ਹੋਰ ਵਿਸ਼ਾਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

Advertisement

Advertisement
Author Image

Advertisement
Advertisement
×