ਸੰਯੁਕਤ ਕਿਸਾਨ ਮੋਰਚਾ ਵੱਲੋਂ ਟਰੈਕਟਰ ਮਾਰਚ ਅੱਜ
* ਕਿਸਾਨਾਂ ਵੱਲੋਂ ਤਿਆਰੀਆਂ ਮੁਕੰਮਲ * ਡਬਲਿਊਟੀਓ ਦੇ ਪੁਤਲੇ ਫੂਕਣ ਦਾ ਐਲਾਨ * ਪੰਜਵੇਂ ਦਿਨ ਵੀ ਨਾ ਹੋਇਆ ਸ਼ੁਭਕਰਨ ਦਾ ਪੋਸਟਮਾਰਟਮ
ਟ੍ਰਿਬਿਊਨ ਨਿਊਜ਼ ਸਰਵਿਸ/ਖੇਤਰੀ ਪ੍ਰਤੀਨਿਧ
ਚੰਡੀਗੜ੍ਹ/ਪਟਿਆਲਾ, 25 ਫਰਵਰੀ
ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰਨਾਂ ਕਿਸਾਨੀ ਮੰਗਾਂ ਦੇ ਹੱਲ ਲਈ ਭਲਕੇ 26 ਫਰਵਰੀ ਨੂੰ ਪੰਜਾਬ ਭਰ ਵਿੱਚ ਟਰੈਕਟਰ ਮਾਰਚ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਐੱਸਕੇਐੱਮ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਭਲਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸੂਬਾਈ ਤੇ ਕੌਮੀ ਮਾਰਗਾਂ ’ਤੇ ਟਰੈਕਟਰ ਮਾਰਚ ਕੱਢੇ ਜਾਣਗੇ ਅਤੇ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਸੜਕ ਕੰਢੇ ਟਰੈਕਟਰ ਖੜ੍ਹੇ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸੂਬੇ ਭਰ ਵਿੱਚ 100 ਤੋਂ ਵੱਧ ਥਾਵਾਂ ’ਤੇ ਕਿਸਾਨਾਂ ਵੱਲੋਂ ਡਬਲਿਊਟੀਓ ਦੇ ਪੂਤਲੇ ਵੀ ਫੂਕੇ ਜਾਣਗੇ। ਦੂਜੇ ਪਾਸੇ ਪਟਿਆਲਾ ਦੇ ਰਾਜਿੰਦਰ ਹਸਪਤਾਲ ’ਚ ਰੱਖੀ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਲਾਸ਼ ਦਾ ਅੱਜ ਪੰਜਵੇਂ ਦਿਨ ਵੀ ਸਸਕਾਰ ਨਹੀਂ ਹੋ ਸਕਿਆ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। 26 ਫਰਵਰੀ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਆਪੋ-ਆਪਣੇ ਟਰੈਕਟਰ ਲੈ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਹਰ ਸਮੇਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸੇ ਕਰਕੇ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਸਮੇਂ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਅੱਜ ਦੋ ਸਾਲ ਬਾਅਦ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ।
ਕਿਸਾਨ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਅਹਿਮ ਮੰਗ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਹੈ। ਉਹ ਸਰਕਾਰ ਨੂੰ ਜਲਦੀ ਤੋਂ ਜਲਦੀ ਪੂਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਵਿਰੁੱਧ ਦਰਜ ਪੁਲੀਸ ਕੇਸ ਰੱਦ ਕਰਨ, ਕਿਸਾਨਾਂ ਦੀ ਕਰਜ਼ਾ ਮੁਆਫੀ, ਲਖੀਮਪੁਰੀ ਖੀਰੀ ਹਿੰਸਾ ’ਚ ਇਨਸਾਫ ਸਣੇ ਹੋਰ ਮੰਗਾਂ ਜਲਦੀ ਪੂਰੀਆਂ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ 21 ਫਰਵਰੀ ਨੂੰ ਪੁਲੀਸ ਦੀ ਗੋਲੀ ਲੱਗਣ ਕਾਰਨ ਫੌਤ ਹੋਏ 23 ਸਾਲਾ ਕਿਸਾਨ ਸ਼ੁਭਕਰਨ ਸਿੰਘ ਦਾ ਅੱਜ ਪੰਜਵੇਂ ਦਿਨ ਵੀ ਪੋਸਟਮਾਰਟਮ ਨਾ ਹੋ ਸਕਿਆ। ਉਸ ਦੇ ਪਰਿਵਾਰਕ ਮੈਂਬਰ ਅਤੇ ਕਿਸਾਨ ਆਗੂ ਉਸ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਤਲ ਕੇਸ ਦਰਜ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਇਸੇ ਦੌਰਾਨ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜ਼ੋਰਾਵਰ ਸਿੰਘ ਬਲਬੇੜਾ ਤੇ ਸੱਤਪਾਲ ਮਹਿਮਦਪੁਰ ਦੀ ਅਗਵਾਈ ਹੇਠ ਇੱਥੇ ਖਾਣ-ਪੀਣ ਤੇ ਰਹਿਣ-ਸਹਿਣ ਦੇ ਸਾਮਾਨ ਸਣੇ ਆਏ ਕਿਸਾਨਾਂ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਦੇ ਗੇਟ ’ਤੇ ਖੜ੍ਹਾਈਆਂ ਟਰਾਲੀਆਂ ’ਚ ਹੀ ਠਾਹਰ ਬਣਾ ਲਈ ਹੈ।
ਪੁਲੀਸ ਨੇ ਸਿੰਘੂ ਤੇ ਟਿਕਰੀ ਹੱਦ ਤੋਂ ਕੁਝ ਰੋਕਾਂ ਹਟਾਈਆਂ
ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਵੱਲ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਮਾਰਚ ਨੂੰ ਰੋਕਣ ਲਈ ਸਿੰਘੂ ਤੇ ਟਿਕਰੀ ਹੱਦਾਂ ’ਤੇ ਲਾਈਆਂ ਰੋਕਾਂ ਅੱਜ ਸੜਕ ਦੇ ਇੱਕ ਪਾਸੇ ਤੋਂ ਹਟਾ ਕੇ ਆਮ ਲੋਕਾਂ ਲਈ ਰਸਤਾ ਖੋਲ੍ਹ ਦਿੱਤਾ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਅਸੀਂ ਯਾਤਰੀਆਂ ਲਈ ਪੁਆਇੰਟ ਏ ਤੋਂ ਪੁਆਇੰਟ ਬੀ ਤੱਕ ਬੈਰੀਅਰ ਦਾ ਇੱਕ ਹਿੱਸਾ ਹਟਾ ਰਹੇ ਹਾਂ। ਪੁਲੀਸ ਤੇ ਨੀਮ ਫੌਜੀ ਦਸਤਿਆਂ ਦੀ 24 ਘੰਟੇ ਤਾਇਨਾਤੀ ਯਕੀਨੀ ਹੋਵੇਗੀ। ਫਿਲਹਾਲ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਨਹੀਂ ਹੋਵੇਗੀ। ਅੱਜ ਸ਼ਹਿਰ ਦੀ ਪੁਲੀਸ ਨੇ ਉਨ੍ਹਾਂ ਮੁਸਾਫਰਾਂ ਲਈ ਦੋ ਵੱਡੇ ਸੀਮਿੰਟ ਦੇ ਅੜਿੱਕੇ ਹਟਾ ਦਿੱਤੇ ਜੋ ਸਿੰਘੂ ਤੇ ਟਿਕਰੀ ਹੱਦਾਂ ’ਤੇ ਇੱਕ ਛੋਟੇ ਜਿਹੇ ਰਾਹ ਦੀ ਵਰਤੋਂ ਕਰਕੇ ਦਿੱਲੀ ਵੱਲ ਆਉਂਦੇ ਹਨ।’ -ਪੀਟੀਆਈ
ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਮੋਬਾਈਲ, ਇੰਟਰਨੈਟ ਸੇਵਾ ਬਹਾਲ
ਚੰਡੀਗੜ੍ਹ (ਟਨਸ): ਹਰਿਆਣਾ ਸਰਕਾਰ ਨੇ ਸੂਬੇ ਦੇ 7 ਜ਼ਿਲ੍ਹਿਆਂ ਵਿੱਚ ਮੋਬਾਈਲ, ਇੰਟਰਨੈੱਟ ਤੇ ਐੱਸਐੱਮਐੱਸ ਸੇਵਾਵਾਂ 15 ਦਿਨ ਬਾਅਦ ਬਹਾਲ ਕਰ ਦਿੱਤੀਆਂ ਹਨ। ਇਹ ਸੇਵਾਵਾਂ ਹਰਿਆਣਾ ਸਰਕਾਰ ਨੇ ਸੂਬੇ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਆਬਾਦ ਅਤੇ ਸਿਰਸਾ ਵਿੱਚ 11 ਫਰਵਰੀ ਨੂੰ 48 ਘੰਟਿਆਂ ਲਈ ਸਵੇਰੇ 6 ਵਜੇ ਤੋਂ ਬੰਦ ਕਰ ਦਿੱਤੀਆਂ ਸਨ ਪਰ ਬਾਅਦ ਵਿੱਚ ਇਕ-ਇਕ ਦਿਨ ਕਰਕੇ ਮੋਬਾਈਲ, ਇੰਟਰਨੈੱਟ ਤੇ ਐੱਸਐੱਮਐੱਸ ਸੇਵਾ ਬੰਦ ਦੇ ਆਦੇਸ਼ ਜਾਰੀ ਕੀਤੇ ਜਾਂਦੇ ਰਹੇ। ਅੱਜ ਸਰਕਾਰ ਨੇ 15 ਦਿਨਾਂ ਬਾਅਦ ਸਾਰੇ ਸੱਤ ਜ਼ਿਲ੍ਹਿਆਂ ਵਿੱਚ ਇਹ ਸੇਵਾ ਬਹਾਲ ਕਰ ਦਿੱਤੀ ਹੈ।