For the best experience, open
https://m.punjabitribuneonline.com
on your mobile browser.
Advertisement

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ

06:58 AM Feb 27, 2024 IST
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ਟਰੈਕਟਰ ਮਾਰਚ ਕਰਦੇ ਹੋਏ ਕਿਸਾਨ। -ਫੋਟੋ: ਵਿਸ਼ਾਲ ਕੁਮਾਰ
Advertisement

* ਆਲਮੀ ਸੰਸਥਾ ਦੇ ਪੁਤਲੇ ਫੂਕੇ; ਭਾਰਤ ਦੇ ਖੇਤੀ ਸੈਕਟਰ ਨੂੰ ਡਬਲਯੂਟੀਓ ਦੇ ਸਮਝੌਤੇ ਤੋਂ ਬਾਹਰ ਰੱਖਣ ਦੀ ਕੀਤੀ ਮੰਗ

Advertisement

ਚੰਡੀਗੜ੍ਹ/ਲਖਨਊ, 26 ਫਰਵਰੀ
ਖੇਤੀ ਸੈਕਟਰ ਨੂੰ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਸਮਝੌਤੇ ਤੋਂ ਬਾਹਰ ਕਰਨ ਦੀ ਮੰਗ ਕਰਦਿਆਂ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ’ਚ ਕਈ ਥਾਵਾਂ ’ਤੇ ਟਰੈਕਟਰ ਰੈਲੀਆਂ ਕੀਤੀਆਂ ਤੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ। ਇਨ੍ਹਾਂ ਰੈਲੀਆਂ ਤੇ ਰੋਸ ਮੁਜ਼ਾਹਰਿਆਂ ਕਾਰਨ ਕਈ ਥਾਵਾਂ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਜ਼ਿਕਰਯੋਗ ਹੈ ਕਿ ਯੂਏਈ ਵਿੱਚ ਡਬਲਯੂਟੀਏ ਦਾ 13ਵਾਂ ਮੰਤਰੀ ਪੱਧਰੀ ਸੰਮੇਲਨ ਹੋ ਰਿਹਾ ਹੈ।
ਸਾਲ 2020-21 ਦੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਕਈ ਕਿਸਾਨ ਜਥੇਬੰਦੀਆਂ ਦੇ ਸਮੂਹ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਸੱਦੇ ’ਤੇ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ’ਚ ਕਈ ਥਾਵਾਂ ’ਤੇ ਕੌਮੀ ਮਾਰਗਾਂ ਕਿਨਾਰੇ ਆਪਣੇ ਟਰੈਕਟਰ ਖੜ੍ਹੇ ਕਰ ਦਿੱਤੇ। ਹਰਿਆਣਾ ਨਾਲ ਲੱਗਦੀਆਂ ਪੰਜਾਬ ਦੀਆਂ ਸ਼ੰਭੂ ਤੇ ਖਨੌਰੀ ਹੱਦਾਂ ’ਤੇ ਵੀ ਡਬਲਯੂਟੀਓ ਦੇ ਪੁਤਲੇ ਸਾੜੇ ਗਏ ਜਿੱਥੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਨੇ ਸੁਰੱਖਿਆ ਬਲਾਂ ਵੱਲੋਂ ਦਿੱਲੀ ਜਾਣ ਤੋਂ ਰੋਕੇ ਜਾਣ ਮਗਰੋਂ ਡੇਰੇ ਲਾਏ ਹੋਏ ਹਨ।

Advertisement

ਸ਼ੰਭੂ ਹੱਦ ’ਤੇ ਸੋਮਵਾਰ ਨੂੰ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਕਿਸਾਨ। -ਫੋਟੋ: ਪੀਟੀਆਈ

ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਡਬਲਯੂਟੀਓ ਦਾ ਮਕਸਦ ਖੇਤੀ ਸਬਸਿਡੀ ਖਤਮ ਕਰਨਾ ਹੈ ਅਤੇ ਜੇਕਰ ਭਾਰਤ ਨੇ ਇਸ ਦਾ ਪਾਲਣ ਕੀਤਾ ਇਸ ਦੇ ਨਤੀਜੇ ਖਤਰਨਾਕ ਹੋਣਗੇ। ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ, ਜਗਮੋਹਨ ਸਿੰਘ ਪਟਿਆਲਾ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਡਾ. ਦਰਸ਼ਨ ਪਾਲ, ਪ੍ਰੇਮ ਸਿੰਘ ਭੰਗੂ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਦੇ ਪੁਤਲਾ ਫੂਕ ਮੁਜ਼ਾਹਰਿਆਂ ਵਿੱਚ ਹਜ਼ਾਰਾਂ ਕਿਸਾਨ ਟਰੈਕਟਰਾਂ ਸਮੇਤ ਸ਼ਾਮਲ ਹੋਏ ਜਿਨ੍ਹਾਂ ਵਿਚ ਵੱਡੀ ਗਿਣਤੀ ਵਿੱਚ ਨੌਜਵਾਨ, ਔਰਤਾਂ ਸਮੇਤ ਕਿਸਾਨ-ਮਜ਼ਦੂਰ ਵੀ ਸ਼ਾਮਲ ਸਨ। ਹੁਸ਼ਿਆਰਪੁਰ ’ਚ ਕਿਸਾਨਾਂ ਨੇ ਜਲੰਧਰ-ਜੰਮੂ ਕੌਮੀ ਮਾਰਗ ਸਮੇਤ ਕਈ ਥਾਵਾਂ ’ਤੇ ਆਪਣੇ ਟਰੈਕਟਰ ਖੜ੍ਹੇ ਕੀਤੇ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਅਜਨਾਲਾ, ਜੰਡਿਆਲਾ ਗੁਰੂ, ਰਈਆ ਤੇ ਬਿਆਸ ਅਤੇ ਲੁਧਿਆਣਾ ’ਚ ਕਈ ਥਾਵਾਂ ’ਤੇ ਕਿਸਾਨਾਂ ਨੇ ਟਰੈਕਟਰ ਮਾਰਚ ਕੀਤੇ। ਪੱਛਮੀ ਉੱਤਰ ਪ੍ਰਦੇਸ਼ ’ਚ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਕਿਸਾਨਾਂ ਨੇ ਟਰੈਕਟਰ ਮਾਰਚ ਤੇ ਰੋਸ ਮੁਜ਼ਾਹਰੇ ਕੀਤੇ। ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਅਸਲ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਫਸਲਾਂ ਲਈ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਵੱਖ ਵੱਖ ਮੰਗਾਂ ਲਈ ਕੇਂਦਰ ’ਤੇ ਦਬਾਅ ਬਣਾਉਣ ਲਈ ਪੰਜਾਬ-ਹਰਿਆਣਾ ਦੀਆਂ ਹੱਦਾਂ ’ਤੇ ਮੋਰਚਿਆਂ ’ਤੇ ਬੈਠੇ ਕਿਸਾਨਾਂ ’ਤੇ ਕੀਤੇ ਗਏ ਜ਼ੁਲਮ ਦੀ ਨਿੰਦਾ ਕੀਤੀ। -ਪੀਟੀਆਈ

ਸ਼ੁਭਕਰਨ ਦਾ ਛੇਵੇਂ ਦਿਨ ਵੀ ਨਾ ਹੋਇਆ ਪੋਸਟਮਾਰਟਮ

ਪਟਿਆਲਾ (ਖੇਤਰੀ ਪ੍ਰਤੀਨਿਧ): ਕਿਸਾਨ ਸੰਘਰਸ਼ ਦੌਰਾਨ ਫੌਤ ਹੋਏ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ 23 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਲਾਸ਼ ਦਾ ਅੱਜ ਛੇਵੇਂ ਦਿਨ ਵੀ ਪੋਸਟਮਾਰਟਮ ਨਾ ਹੋ ਸਕਿਆ ਕਿਉਂਕਿ ਮ੍ਰਿਤਕ ਦੇ ਪਰਿਵਾਰ ਅਤੇ ਕਿਸਾਨ ਨੇਤਾਵਾਂ ਵੱਲੋਂ ਕੀਤੀ ਜਾ ਰਹੀ ਮੰਗ ਅਨੁਸਾਰ ਪੰਜਾਬ ਪੁਲੀਸ ਨੇ ਅਜੇ ਤੱਕ ਕਤਲ ਦਾ ਕੇਸ ਦਰਜ ਨਹੀਂ ਕੀਤਾ ਹੈ। ਸ਼ੁਭਕਰਨ ਦੀ ਲਾਸ਼ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ’ਚ ਹੀ ਪਈ ਹੈ। ਮੁਰਦਾਘਰ ਦੇ ਬਾਹਰ ਜਿੱਥੇ ਪੰਜਾਬ ਪੁਲੀਸ ਨੇ ਪਹਿਰਾ ਲਾਇਆ ਹੋਇਆ ਹੈ ਉਥੇ ਹੀ ਕਿਸਾਨਾਂ ਨੇ ਵੀ ਡੇਰੇ ਲਾਏ ਹੋਏ ਹਨ।

Advertisement
Author Image

joginder kumar

View all posts

Advertisement