ਕਿਸਾਨਾਂ ਵੱਲੋਂ 21 ਜ਼ਿਲ੍ਹਿਆਂ ਵਿੱਚ ਟਰੈਕਟਰ ਮਾਰਚ ਅੱਜ
ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਜੁਲਾਈ
ਖੇਤੀ ਵਿਰੋਧੀ ਤਿੰਨ ਆਰਡੀਨੈਂਸ ਜਾਰੀ ਕਰਨ, ਬਿਜਲੀ ਐਕਟ 2020 ਵਾਪਸ ਲੈਣ, ਤੇਲ ਦੀਆਂ ਕੀਮਤਾਂ ਅੱਧੀਆਂ ਕਰਨ ਅਤੇ ਜੇਲ੍ਹ ਡੱਕੇ ਜਮਹੂਰੀ ਕਾਰਕੁਨਾਂ ਦੀ ਰਿਹਾਈ ਦੀ ਮੰਗ ਲਈ ਪੰਜਾਬ ਦੀਆਂ 12 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਹਫ਼ਤਾ ਭਰ ਚੱਲੇ ਅਰਥੀ ਫੂਕ ਮੁਜ਼ਾਹਰਿਆਂ ਦੇ ਪ੍ਰੋਗਰਾਮ ਅੱਜ ਮੁਕੰਮਲ ਹੋਣ ਮਗਰੋਂ ਹੁਣ 27 ਜੁਲਾਈ ਨੂੰ ਕੇਂਦਰ ਸਰਕਾਰ ਖ਼ਿਲਾਫ਼ ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ ਟਰੈਕਟਰ ਮਾਰਚ ਕੀਤੇ ਜਾਣਗੇ। ਇਸ ਮੌਕੇ ਹਜ਼ਾਰਾਂ ਕਿਸਾਨ ਦਸ ਹਜ਼ਾਰ ਤੋਂ ਵੱਧ ਟਰੈਕਟਰਾਂ ’ਤੇ ਮੋਦੀ ਸਰਕਾਰ ਦੇ ਮੰਤਰੀਆਂ ਅਤੇ ਅਕਾਲੀ-ਭਾਜਪਾ ਵਿਧਾਇਕਾਂ ਸਮੇਤ ਇਸ ਗੱਠਜੋੜ ਦੇ ਹੋਰ ਪ੍ਰਮੁੱਖ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਧਰਨੇ ਵੀ ਦੇਣਗੇ ਜਿਸ ਸਬੰਧੀ ਤਿਆਰੀਆਂ ਮੁਕੰਮਲ ਹਨ।
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੂਬਾਈ ਕਨਵੀਨਰ ਡਾ. ਦਰਸ਼ਨਪਾਲ ਪਟਿਆਲਾ ਨੇ ਦੱਸਿਆ ਕਿ ਇਹ ਮਾਰਚ ਤੇ ਧਰਨੇ ਕਿਸਾਨ ਯੂਨੀਅਨ ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ), ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਅਤੇ ਜੈ ਕਿਸਾਨ ਅੰਦੋਲਨ ’ਤੇ ਆਧਾਰਿਤ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨਾਲ ਸਬੰਧਤ ਦਸ ਕਿਸਾਨ ਜਥੇਬੰਦੀਆਂ ਸਮੇਤ ਕਿਸਾਨ ਯੂਨੀਅਨ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸਾਂਝੇ ਤੌਰ ’ਤੇ ਕੀਤੇ ਜਾਣਗੇ ਜਿਸ ਦੀ ਅਗਵਾਈ ਇਨ੍ਹਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨਪਾਲ, ਸਤਨਾਮ ਅਜਨਾਲਾ, ਭੁਪਿੰਦਰ ਸਾਂਭਰ, ਮੇਜਰ ਪੁੰਨ੍ਹਾਂਵਾਲ, ਰੁਲਦੂ ਸਿੰਘ ਮਾਨਸਾ, ਨਿਰਭੈ ਸਿੰਘ ਢੁੱਡੀਕੇ, ਇੰਦਰਜੀਤ ਸਿੰਘ ਕੋਟਬੁੱਢਾ, ਹਰਜਿੰਦਰ ਟਾਂਡਾ, ਗੁਰਬਖ਼ਸ਼ ਸਿੰਘ ਬਰਨਾਲਾ, ਜੋਗਿੰਦਰ ਸਿੰਘ ਉਗਰਾਹਾਂ ਅਤੇ ਸੁਰਜੀਤ ਸਿੰਘ ਫੂਲ ਵੱਲੋਂ ਕੀਤੀ ਜਾਵੇਗੀ।
ਕਿੱਥੇ-ਕਿੱਥੇ ਪੁੱਜਣਗੇ ਟਰੈਕਟਰ ਮਾਰਚ
ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਭਲਕੇ ਪਟਿਆਲਾ ’ਚ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ ਸਮੇਤ ਘਰ ਅੱਗੇ ਵੀ ਰੋਸ ਮਾਰਚ ਕੀਤਾ ਜਾਵੇਗਾ। ਬਠਿੰਡਾ ਵਿੱਚ ਸਿਕੰਦਰ ਸਿੰਘ ਮਲੂਕਾ ਸਮੇਤ ਪ੍ਰ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਬਾਦਲ ਸਥਿਤ ਦਫ਼ਤਰ ਵਿੱਚ ਵੀ ਕਿਸਾਨਾਂ ਦੇ ਕਾਫ਼ਲੇ ਪੁੱਜਣਗੇ। ਜ਼ਿਲ੍ਹਾ ਤਰਨ ਤਾਰਨ ਵਿੱਚ ਆਦੇਸ਼ ਪ੍ਰਤਾਪ ਕੈਰੋਂ, ਫਗਵਾੜਾ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਨਕੋਦਰ ਵਿੱਚ ਸ੍ਰੀ ਵਡਾਲਾ, ਮਾਨਸਾ ਵਿੱਚ ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਕੋਟਕਪੂਰਾ ’ਚ ਮਨਤਾਰ ਬਰਾੜ ਤੇ ਫ਼ਰੀਦਕੋਟ ਵਿੱਚ ਬੰਟੀ ਰੋਮਾਣਾ ਦੇ ਦਫ਼ਤਰਾਂ ਤੇ ਘਰਾਂ ਵੱਲ ਕਿਸਾਨ ਟਰੈਕਟਰ ਮਾਰਚ ਕਰਨਗੇ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਸੁਖਪਾਲ ਨੰਨੂ ਅਤੇ ਜਨਮੇਜਾ ਸਿੰਘ ਸੇਖੋਂ, ਜ਼ੀਰਾ ਵਿੱਚ ਹਰੀ ਸਿੰਘ ਜ਼ੀਰਾ, ਮੋਗਾ ’ਚ ਤੋਤਾ ਸਿੰਘ ਤੇ ਤਰਲੋਚਨ ਸਿੰਘ, ਅੰਮ੍ਰਿਤਸਰ ਵਿੱਚ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਕਪੂਰਥਲਾ ਵਿੱਚ ਪਰਮਜੀਤ ਸਿੰਘ, ਨਵਾਂ ਸ਼ਹਿਰ ਵਿੱਚ ਸੁਖਵਿੰਦਰ ਸੁੱਖੀ, ਮੁੱਲਾਂਪੁਰ ’ਚ ਮਨਪ੍ਰੀਤ ਇਆਲੀ, ਫ਼ਾਜ਼ਿਲਕਾ ਵਿੱਚ ਸੁਰਜੀਤ ਜਿਆਣੀ, ਪਠਾਨਕੋਟ ਵਿੱਚ ਦਨਿੇਸ਼ ਬੱਬੂ, ਸੰਗਰੂਰ ਵਿੱਚ ਪ੍ਰਕਾਸ਼ ਚੰਦ ਗਰਗ ਦੇ ਘਰਾਂ ਤੇ ਦਫ਼ਤਰਾਂ ਤੱਕ ਟਰੈਕਟਰ ਮਾਰਚ ਹੋਣਗੇ ਜਦਕਿ ਗੁਰਦਾਸਪੁਰ ਵਿੱਚ ਸੱਤ ਥਾਂ ਮਾਰਚ ਹੋਣਗੇ।