ਆਰਡੀਨੈਂਸਾਂ ਵਿਰੁੱਧ ਕਿਸਾਨਾਂ ਵੱਲੋਂ ਟਰੈਕਟਰ ਮਾਰਚ
ਲਾਜਵੰਤ ਸਿੰਘ
ਨਵਾਂਸ਼ਹਿਰ, 27 ਜੁਲਾਈ
ਇਥੇ ਪੰਜਾਬ ਦੀਆਂ 13 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਅਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਇਸ ਟਰੈਕਟਰ ਮਾਰਚ ਦੌਰਾਨ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਫਿਲੌਰ(ਸਰਬਜੀਤ ਗਿੱਲ): ਅੱਜ ਫਗਵਾੜਾ ਨੂੰ ਜਾਣ ਵਾਲਾ ਇੱਕ ਜਥਾ ਗੁਰਾਇਆ ਅਤੇ ਫਿਲੌਰ ਦੇ ਵਿਚਕਾਰ ਸਥਿਤ ਆਰਸੀ ਪਲਾਜ਼ਾ ਕੋਲੋਂ ਰਵਾਨਾ ਹੋਇਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਅਤੇ ਤਹਿਸੀਲ ਸਕੱਤਰ ਸਰਬਜੀਤ ਸੰਗੋਵਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦੇ ਘਿਰਾਓ ਕਰਨ ਲਈ ਕਿਸਾਨ ਟਰੈਕਟਰਾਂ ’ਤੇ ਸਵਾਰ ਹੋ ਕੇ ਇੱਥੋਂ ਰਵਾਨਾ ਹੋਏ।
ਸ੍ਰੀ ਹਰਗੋਬਿੰਦਪੁਰ(ਗੁਰਭੇਜ ਸਿੰਘ ਰਾਣਾ): ਇਥੇ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਸ੍ਰੀ ਹਰਗੋਬਿੰਦਪੁਰ ਤੋਂ ਟਰੈਕਟਰ ’ਤੇ ਮਾਰਚ ਸ਼ੁਰੂ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਮੇਜ ਸਿੰਘ ਚੀਮਾ ਖੁੱਡੀ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਘੁਮਾਣ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਡੋਗਰ ਮਹੇਸ਼ ਦੀ ਅਗਵਾਈ ਕੀਤੀ।
ਅਜਨਾਲਾ(ਅਸ਼ੋਕ ਕੁਮਾਰ ਸ਼ਰਮਾ): ਇਥੇ ਜ਼ਿਲ੍ਹਾ ਪ੍ਰਧਾਨ ਡਾ. ਕੁਲਦੀਪ ਸਿੰਘ ਦੀ ਅਗਵਾਈ ਹੇਠ ਸ਼ਹਿਰ ਅੰਦਰ ਟਰੈਕਟਰ ਮਾਰਚ ਕਰਕੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਸ਼ਹਿਰ ਵਿਚਲੀ ਨਿੱਜੀ ਰਿਹਾਇਸ਼ ਦਾ ਘਿਰਾਓ ਕੀਤਾ। ਇਸ ਮੌਕੇ ਹੀਰਾ ਸਿੰਘ ਚੱਕ ਸਿਕੰਦਰ , ਗੁਰਚਰਨ ਸਿੰਘ , ਗੁਰਮੀਤ ਸਿੰਘ ਮੱਤੇਨੰਗਲ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਕਿਸਾਨਾਂ ਨੇ ਸਰਕਾਰ ਦਾ ਪੁਤਲਾ ਫੂਕਣ ਤੋਂ ਪਹਿਲਾਂ ਸ਼ਹਿਰ ਅੰਦਰ ਰੋਸ ਮਾਰਚ ਕੀਤਾ।
ਫਤਿਹਗੜ੍ਹ ਚੂੜੀਆਂ(ਹਰਪਾਲ ਸਿੰਘ ਨਾਗਰਾ): ਇਥੇ ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਸਾਹਿਬ ਸਿੰਘ ਦੀ ਅਗਵਾਈ ਵਿੱਚ ਪਿੰਡ ਦਾਦੂਜੋਧ ਵਿੱਚ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਘਰ ਅੱਗੇ ਧਰਨਾ ਦਿੱਤਾ ਅਤੇ ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋਂ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ।
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਨੇੜੇ ਮੁਜ਼ਾਹਰਾ
ਫਗਵਾੜਾ(ਜਸਬੀਰ ਸਿੰਘ ਚਾਨਾ): ਇਥੇ ਭਾਰਤੀ ਕਿਸਾਨ ਯੂਨੀਅਨ ਦੋਆਬਾ, ਜਮਹੂਰੀ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ’ਚ ਦਾਣਾ ਮੰਡੀ ਫਗਵਾੜਾ ਵਿੱਚ ਕਿਸਾਨਾਂ ਦਾ ਭਾਰੀ ਇਕੱਠ ਹੋਇਆ। ਇਸ ਮੌਕੇ ਕਰੋਨਾ ਮਹਾਂਮਾਰੀ ਕਾਰਨ ਕਿਸਾਨ ਟਰੈਕਟਰਾ ’ਤੇ ਸਵਾਰ ਹੋ ਕੇ ਕਾਫ਼ਲਿਆ ਦੇ ਰੂਪ ’ਚ ਵੱਖ-ਵੱਖ ਇਲਾਕਿਆਂ ਤੋਂ ਪੁੱਜੇ। ਇਸ ਮੌਕੇ ਲਗਪਗ 1500 ਟਰੈਕਟਰਾ ’ਤੇ ਸਵਾਰ ਹੋ ਕੇ ਪੁੱਜੇ ਕਿਸਾਨਾ ਵੱਲੋਂ ਦਾਣਾ ਮੰਡੀ ’ਚ ਰੈਲੀ ਕਰਨ ਤੋਂ ਬਾਅਦ ਕਿਸਾਨਾ ਦਾ ਵਿਸ਼ਾਲ ਰੋਸ ਮਾਰਚ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਜੀਟੀਰੋਡ ਫਗਵਾੜਾ ਰਾਹੀਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼ ਤੱਕ ਨਾਅਰੇਬਾਜ਼ੀ ਤੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਾ ਪੁੱਜਾ।