ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਟਰੈਕਟਰ ਮਾਰਚ
ਜਤਿੰਦਰ ਬੈਂਸ
ਗੁਰਦਾਸਪੁਰ, 27 ਜੁਲਾਈ
ਪੰਜਾਬ ਦੀਆਂ 13 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਭਰ ਵਿੱਚ ਟਰੈਕਟਰ ਮਾਰਚ ਕਰਕੇ ਕੇਂਦਰ ਵਿੱਚ ਸਾਂਝੇ ਤੌਰ ’ਤੇ ਸਰਕਾਰ ਚਲਾ ਰਹੀਆਂ ਪਾਰਟੀਆਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਉਲੀਕੇ ਪ੍ਰੋਗਰਾਮ ਤਹਿਤ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ, ਪੰਜਾਬ ਕਿਸਾਨ ਯੂਨੀਅਨ ਤੇ ਕੁੱਲ ਹਿੰਦ ਕਿਸਾਨ ਸਭਾ ਪੁੰਨਾਵਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਇਲਾਕੇ ਦੇ ਪਿੰਡਾਂ ਵਿੱਚ ਟਰੈਕਟਰ ਰੋਸ ਮਾਰਚ ਕੀਤਾ ਗਿਆ। ਮਗਰੋਂ ਰੈਲੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਕਿਸਾਨ ਆਗੂ ਬਲਵੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੇ ਅੱਜ ਦਾ ਇਹ ਸੱਦਾ ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਕਿਸਾਨ ਤੇ ਦੇਸ਼ ਵਿਰੋਧੀ ਆਰਡੀਨੈਂਸਾਂ, ਬਿਜਲੀ ਸੋਧ ਬਿਲ, ਲੋਕ ਪੱਖੀ ਬੁਧੀਜੀਵੀਆਂ, ਲੇਖਕਾਂ ਤੇ ਹੋਰ ਵਿਦਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹ ਵਿੱਚ ਡੱਕਣ ਅਤੇ ਡੀਜ਼ਲ ਤੇ ਪੈਟਰੋਲ ਨੂੰ ਆਏ ਰੋਜ਼ ਅੱਤ ਦਾ ਮਹਿੰਗਾ ਕਰੀ ਜਾਣ ਦੇ ਵਿਰੋਧ ਵਿੱਚ ਦਿੱਤਾ ਗਿਆ ਸੀ। ਰੈਲੀ ਨੂੰ ਸੰਬੋਧਨ ਕਰਦਿਆਂ ਸਤਬੀਰ ਸਿੰਘ ਸੁਲਤਾਨੀ, ਬਲਬੀਰ ਸਿੰਘ ਰੰਧਾਵਾ ਆਦਿ ਬੁਲਾਰਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿਲ ਦੇ ਲਾਗੂ ਹੋ ਜਾਣ ਉਪਰੰਤ ਪੈਦਾ ਹੋਣ ਵਾਲੇ ਹਾਲਾਤ ਵਿੱਚ ਪੰਜਾਬ ਦੀ ਕਿਸਾਨੀ ਦਾ ਮੁੱਖ ਹਿੱਸਾ 85 ਫੀਸਦ ਛੋਟੀ ਤੇ ਦਰਮਿਆਨੀ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ।
ਪਠਾਨਕੋਟ (ਜਤਿੰਦਰ ਬੈਂਸ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ 3 ਆਰਡੀਨੈਂਸਾਂ ਦੇ ਵਿਰੋਧ ਵਿੱਚ ਸੁਜਾਨਪੁਰ ਹਲਕੇ ਦੇ ਭਾਜਪਾ ਵਿਧਾਇਕ ਦਨਿੇਸ਼ ਸਿੰਘ ਬੱਬੂ ਦੇ ਘਰ ਸਾਹਮਣੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀਆਂ ਮੈਂਬਰ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਪਰ ਵਿਧਾਇਕ ਦਨਿੇਸ਼ ਸਿੰਘ ਬੱਬੂ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕੁਝ ਮਿੰਟ ਪਹਿਲਾਂ ਹੀ ਘਰੋਂ ਚਲਦੇ ਬਣੇ। ਕਾਫੀ ਸਮਾਂ ਇੰਤਜ਼ਾਰ ਕਰਨ ਬਾਅਦ ਦੁਬਾਰਾ ਧਰਨਾ ਦੇਣ ਦੇ ਐਲਾਨ ਨਾਲ ਧਰਨਾ ਸਮਾਪਤ ਕਰ ਦਿੱਤਾ ਗਿਆ। ਧਰਨੇ ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਬਲਵੰਤ ਘੋਹ, ਪ੍ਰਧਾਨ ਬਲਦੇਵ ਰਾਜ, ਰਘਬੀਰ ਸਿੰਘ ਧਲੌਰੀਆ, ਕਿਸਾਨ ਸਭਾ ਪੰਜਾਬ ਦੇ ਸੱਤਿਆ ਦੇਵ ਸੈਣੀ, ਕਿਰਤੀ ਕਿਸਾਨ ਯੂਨੀਅਨ ਦੇ ਉਤਮਚੰਦ, ਮੁਖਤਿਆਰ ਸਿੰਘ, ਗੁਰਬਚਨ ਸਿੰਘ ਅਤੇ ਕਾਮਰੇਡ ਸ਼ਿਵ ਕੁਮਾਰ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਇਥੇ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ, ਬਿਜਲੀ ਸੋਧ ਬਿੱਲ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦੇ ਵਿਰੋਧ ਵਿੱਚ ਅੱਜ ਇੱਥੇ ਟਰੈਕਟਰ-ਟਰਾਲੀਆਂ ਨਾਲ ਸੜਕਾਂ ’ਤੇ ਰੋਸ ਮਾਰਚ ਕੀਤਾ। ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖੁਣਖੁਣ, ਕਿਸਾਨ ਸਭਾ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ, ਕਿਸਾਨ ਮੰਚ (ਅਜ਼ਾਦ) ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਕੁੱਲ ਹਿੰਦ ਕਿਸਾਨ ਸਭਾ (ਸਾਭਰ) ਦੇ ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ ਸੱਗਲ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਵਰਨ ਸਿੰਘ ਧੁੱਗਾ ਦੀ ਅਗਵਾਈ ਹੇਠ ਇਹ ਮਾਰਚ ਟਾਂਡਾ ਬਾਈਪਾਸ ਤੋਂ ਚੱਲ ਕੇ ਦਾਣਾ ਮੰਡੀ ਫ਼ਗਵਾੜਾ ਰੋਡ ਤੱਕ ਪਹੁੰਚਿਆ। ਇਸ ਮੌਕੇ ਆਗੂਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਕੋਠੀ ਤੱਕ ਮਾਰਚ ਕੱਢਿਆ
ਤਰਨ ਤਾਰਨ (ਗੁਰਬਖਸ਼ਪੁਰੀ): ਇਥੇ ਜ਼ਿਲ੍ਹੇ ਦੇ ਸੈਂਕੜੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਕਿਸਾਨੀ ਕਿੱਤੇ ਨਾਲ ਸਬੰਧਿਤ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਖਿਲਾਫ਼ ਰੋਸ ਜ਼ਾਹਰ ਕਰਨ ਲਈ ਭਾਜਪਾ ਦੀ ਸਹਿਯੋਗੀ ਜਮਾਤ ਅਕਾਲੀ ਦਲ ਦੇ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਕੈਰੋਂ ਪਿੰਡ ਸਥਿਤ ਕੋਠੀ ਤੱਕ ਇਕ ਟਰੈਕਟਰ ਮਾਰਚ ਕੀਤਾ। ਇਸ ਮਾਰਚ ਦੀ ਅਗਵਾਈ ਜਮਹੂਰੀ ਕਿਸਾਨ ਪੰਜਾਬ ਦੇ ਆਗੂ ਜਸਪਾਲ ਸਿੰਘ ਝਬਾਲ, ਮੁਖਤਾਰ ਸਿੰਘ ਮੱਲਾ, ਜਸਬੀਰ ਸਿੰਘ ਗੰਡਵਿੰਡ, ਕੁੱਲ ਹਿੰਦ ਕਿਸਾਨ ਸਭਾ ਦੇ ਬਲਦੇਵ ਸਿੰਘ ਧੂੰਦਾ, ਦਵਿੰਦਰ ਸੋਹਲ, ਅਜਾਦ ਸੰਘਰਸ਼ ਕਮੇਟੀ ਦੇ ਨਿਰਵੈਲ ਸਿੰਘ ਡਾਲੇਕੇ, ਭੁਪਿੰਦਰ ਸਿੰਘ ਪੰਡੋਰੀ ਤਖਤ ਮੱਲ, ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਦੇ ਹਰਜੀਤ ਸਿੰਘ ਰਵੀ ਨੇ ਕੀਤੀ।
ਪ੍ਰਦਰਸ਼ਨਕਾਰੀ ਕਿਸਾਨ ਆਗੂਆਂ ਖ਼ਿਲਾਫ਼ ਕੇਸ ਦਰਜ
ਪਠਾਨਕੋਟ (ਐੱਨਪੀ ਧਵਨ): ਇੱਥੇ ਬੀਤੇ ਕੱਲ੍ਹ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਮੰਗ ਪੱਤਰ ਦੇਣ ਲਈ ਕਾਫਲੇ ਦੇ ਰੂਪ ਵਿੱਚ ਪੁੱਜਣ ਵਾਲੇ ਮਾਝਾ ਸੰਘਰਸ਼ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਦੇ ਆਗੂਆਂ ਖਿਲਾਫ ਡਵੀਜ਼ਨ ਨੰਬਰ ਇਕ ਦੀ ਪੁਲੀਸ ਨੇ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਲੱਗੀਆਂ ਹੋਈਆਂ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਹ ਰੋਸ ਮਾਰਚ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ 3 ਆਰਡੀਨੈਂਸਾਂ ਦੇ ਵਿਰੋਧ ਵਿੱਚ ਹਰਚੋਵਾਲ ਤੋਂ ਲੈ ਕੇ ਪਠਾਨਕੋਟ ਤੱਕ ਕੱਢਿਆ ਸੀ। ਇਸ ਬਾਰੇ ਡੀਐੱਸਪੀ (ਸਿਟੀ) ਰਾਜਿੰਦਰ ਸਿੰਘ ਮਨਹਾਸ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਚਿੱਟੀ ਥਾਣਾ ਦੋਰਾਂਗਲਾ, ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਜਸਵੰਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਕੋਠੇ ਪ੍ਰੇਮ ਸਿੰਘ ਤਾਰਾਗੜ੍ਹ, ਬਲਵਿੰਦਰ ਸਿੰਘ ਰਾਜੂ ਪੁੱਤਰ ਕੁੰਨਣ ਸਿੰਘ ਵਾਸੀ ਪਿੰਡ ਔਲਖ ਬੇਟ ਸ੍ਰੀ ਹਰਗੋਬਿੰਦਪੁਰ, ਬਲਕਾਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਫੁੱਲੜਾ (ਗੁਰਦਾਸਪੁਰ) ਅਤੇ 300 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।