ਟਰੈਕਟਰ ਨੇ ਕਾਰ ਨੂੰ ਮਾਰੀ ਟੱਕਰ; ਲੜਕਾ ਤੇ ਲੜਕੀ ਹਲਾਕ
ਗੁਰਿੰਦਰ ਸਿੰਘ
ਲੁਧਿਆਣਾ, 12 ਜਨਵਰੀ
ਇੱਥੇ ਟਰੈਕਟਰ ਦੀ ਫੇਟ ਕਾਰਨ ਕਾਰ ਸਵਾਰ ਲੜਕਾ ਤੇ ਲੜਕੀ ਹਲਾਕ ਹੋ ਗਏ। ਤਰਸੇਮ ਲਾਲ ਗਾਬਾ ਵਾਸੀ ਢਾਈ ਮਰਲਾ ਕਲੋਨੀ ਨੇੜੇ ਐੱਸਡੀਪੀ ਕਾਲਜ ਸ਼ਿਵਪੁਰੀ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਸ਼ੁਭਮ ਗਾਬਾ (27) ਆਪਣੀ ਦੋਸਤ ਜਗੀਰ ਕੌਰ ਆਹਲੂਵਾਲੀਆ ਨਾਲ ਕਾਰ ਵਿੱਚ ਦੋਰਾਹਾ ਤੋਂ ਲੁਧਿਆਣਾ ਆ ਰਿਹਾ ਸੀ, ਤਾਂ ਟਿੱਬਾ ਨਹਿਰ ਪੁਲ ਕੋਲ ਟਰੈਕਟਰ ਟਰਾਲੀ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਕਾਰ ਸਵਾਰ ਦੋਹਾਂ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਟਰੈਕਟਰ ਚਾਲਕ ਫ਼ਰਾਰ ਹੋ ਗਿਆ। ਹੌਲਦਾਰ ਕਰਮਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਤੇ ਪੋਸਟ ਮਾਰਟਮ ਉਪਰੰਤ ਮ੍ਰਿਤਕ ਦੇਹਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।
ਬੱਸ ਦੀ ਫੇਟ ਵੱਜਣ ਕਾਰਨ ਬਿਰਧ ਦੀ ਮੌਤ
ਇੱਥੋਂ ਦੇ ਨਿਊ ਪੁਨੀਤ ਨਗਰ ਤਾਜਪੁਰ ਰੋਡ ’ਤੇ ਇਕ ਬੱਸ ਨੇ ਪੈਦਲ ਜਾ ਰਹੀ ਬਿਰਧ ਔਰਤ ਨੂੰ ਫੇਟ ਮਾਰ ਦਿੱਤੀ ਜਿਸ ਦੀ ਹਸਪਤਾਲ ਵਿਚ ਮੌਤ ਹੋ ਗਈ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਦੱਸਿਆ ਕਿ ਮੁਨੀ ਮਿਸ਼ਰਾ ਨਵਜੀਵਨ ਹਸਪਤਾਲ ਤੋਂ ਆਪਣੇ ਘਰ ਪੈਦਲ ਆ ਰਹੀ ਸੀ ਤਾਂ ਟਰਾਂਸਪੋਰਟ ਨਗਰ ਮੇਨ ਰੋਡ ਨਾਲੇ ਕੋਲ ਚੀਮਾ ਚੌਕ ਸਾਈਡ ਤੋਂ ਬੱਸ ਚਾਲਕ ਨੇ ਉਸ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਖਮਾਣੋਂ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣੇਦਾਰ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਹਰਿੰਦਰ ਸਿੰਘ ਵਾਸੀ ਪਿੰਡ ਕੋਟ ਕਲਾਂ ਨਾਭਾ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।