ਗ਼ਦਰੀ ਬਾਬਿਆਂ ਦੀ ਯਾਦ ਵਿੱਚ ਟੂਰਨਾਮੈਂਟ
ਹਰਦਮ ਮਾਨ
ਸਰੀ: ਖ਼ਾਲਸਾ ਦੀਵਾਨ ਸੁਸਾਇਟੀ ਵੈਨਕੁਵਰ ਵੱਲੋਂ ਗ਼ਦਰੀ ਬਾਬਿਆਂ ਅਤੇ ਬੱਬਰ ਅਕਾਲੀਆਂ ਦੀ ਯਾਦ ਵਿੱਚ 56ਵਾਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਫੁੱਟਬਾਲ, ਕਬੱਡੀ, ਕੁਸ਼ਤੀ ਅਤੇ ਬੱਚਿਆਂ ਦੀਆਂ ਦੌੜਾਂ ਦੇ ਰੌਚਕ ਮੁਕਾਬਲੇ ਹੋਏ। ਟੂਰਨਾਮੈਂਟ ਦੀ ਸ਼ੁਰੂਆਤ ਫੁੱਟਬਾਲ ਮੁਕਾਬਲਿਆਂ ਨਾਲ ਹੋਈ। ਫੁੱਟਬਾਲ ਦੀਆਂ 80 ਟੀਮਾਂ ਇਸ ਮੁਕਾਬਲੇ ਵਿੱਚ ਸ਼ਾਮਲ ਹੋਈਆਂ। ਗੋਲਡਨ ਡਵੀਜ਼ਨ ਦੇ ਮੁਕਾਬਲੇ ਵਿੱਚ ਸਿੱਖ ਟੈਂਪਲ ਨੇ ਬੀ.ਸੀ. ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਸਿਲਵਰ ਡਵੀਜ਼ਨ ਮੁਕਾਬਲੇ ਵਿੱਚ ਸਿੱਖ ਟੈਂਪਲ ਨੇ ਵੈਨਕੂਵਰ ਸਿਟੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਕੁਸ਼ਤੀ ਮੁਕਾਬਲਿਆਂ ਵਿੱਚ 200 ਦੇ ਕਰੀਬ ਪਹਿਲਵਾਨਾਂ ਨੇ ਭਾਗ ਲਿਆ। ਪਟਕੇ ਦੀ ਕੁਸ਼ਤੀ ਮੁਕਾਬਲੇ ਵਿੱਚ ਗੁਰੂ ਗੋਬਿੰਦ ਸਿੰਘ ਐਬਸਫੋਰਡ ਕਲੱਬ ਦੇ ਜ਼ੋਰਾਵਰ ਢੀਂਡਸਾ ਨੇ ਰੁਸਤਮ ਕਲੱਬ ਸਰੀ ਦੇ ਬਲਤੇਜ ਮੁੰਡੀ ਨੂੰ ਹਰਾ ਕੇ ਪਟਕਾ ਜਿੱਤਿਆ। ਲੜਕੀਆਂ ਦੇ ਕੈਨੇਡਾ ਕੇਸਰੀ ਮੁਕਾਬਲੇ ਵਿੱਚ ਐਬਸਫੋਰਡ ਦੀ ਰੁਪਿੰਦਰ ਕੌਰ ਜੌਹਲ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਬਾਲਾ ਜੀ ਰੈਸਲਿੰਗ ਕਲੱਬ ਦੀ ਅੰਬਿਕਾ ਸ਼ੇਖਾਵਤ ਦੂਜੇ ਸਥਾਨ ’ਤੇ ਰਹੀ। ਬਾਲ ਕੇਸਰੀ ਵਿੱਚ ਗੁਰਲੀਨ ਪਹਿਲੇ ਸਥਾਨ ’ਤੇ ਅਤੇ ਪਾਰੀ ਦੂਜੇ ਸਥਾਨ ’ਤੇ ਰਹੀ।
ਕਬੱਡੀ ਦੇ ਮੈਚਾਂ ਵਿੱਚ ਕੈਨੇਡਾ ਦੇ ਜੰਮਪਲ ਬੱਚਿਆਂ ਦੇ ਤਿੰਨ ਮੁਕਾਬਲੇ ਕਰਵਾਏ ਗਏ ਅਤੇ 6 ਹੋਰ ਮੈਚ ਕਰਵਾਏ ਗਏ। ਫਾਈਨਲ ਮੈਚ ਕੈਨੇਡਾ ਦੇ ਜੰਮਪਲ ਬੱਚਿਆਂ ਦਾ ਕਰਵਾਇਆ ਗਿਆ। ਸਾਰੇ ਮੈਚ ਕਬੱਡੀ ਫੈਡਰੇਸ਼ਨ ਆਫ ਬੀ.ਸੀ. ਐਸੋਸੀਏਸ਼ਨ ਵੱਲੋਂ ਕਰਵਾਏ ਗਏ ਜਿਸ ਦੀ ਜ਼ਿੰਮੇਵਾਰੀ ਲਾਲੀ ਢੇਸੀ ਤੇ ਭੋਲਾ ਸੰਧੂ ਨੇ ਬਾਖ਼ੂਬੀ ਨਿਭਾਈ। ਫਾਈਨਲ ਮੈਚ ਵਿੱਚ ਪੰਜਾਬ ਕੇਸਰੀ ਆਜ਼ਾਦ ਨੇ ਸ਼ਹੀਦ ਭਗਤ ਸਿੰਘ ਸਰਹਾਲਾ ਰਣੂੰਆ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਬਾ ਸੁਰਸਿੰਘ ਵਾਲਾ ਨੂੰ ਵਧੀਆ ਰੇਡਰ ਅਤੇ ਸੱਤੂ ਖਡੂਰ ਸਾਹਿਬ ਵਾਲਾ ਨੂੰ ਸਰਵੋਤਮ ਜਾਫੀ ਐਲਾਨਿਆ ਗਿਆ। ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਵੀ ਬੇਹੱਦ ਰੌਚਕ ਰਹੇ। ਇਨ੍ਹਾਂ ਖੇਡ ਮੁਕਾਬਲਿਆਂ ਨੂੰ ਸੈਂਕੜੇ ਦਰਸ਼ਕਾਂ ਨੇ ਮਾਣਿਆ।
ਟੂਰਨਾਮੈਂਟ ਦੌਰਾਨ ਫੈਡਰਲ ਮੰਤਰੀ ਹਰਜੀਤ ਸਿੰਘ ਸੱਜਣ, ਬੀ.ਸੀ. ਯੂਨਾਈਟਡ ਆਗੂ ਕੇਵਿਨ ਫਾਲਕਨ ਅਤੇ ਬੀ.ਸੀ. ਕੰਜ਼ਰਵੇਟਿਵ ਆਗੂ ਜੌਹਨ ਰਸਟਡ ਨੇ ਸ਼ਮੂਲੀਅਤ ਕਰ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਖੇਡ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨੇ ਟੂਰਨਾਮੈਂਟ ਸਫਲ ਬਣਾਉਣ ਲਈ ਸਮੂਹ ਖਿਡਾਰੀਆਂ, ਸਪਾਂਸਰਾਂ ਅਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ। ਟੂਰਨਾਮੈਂਟ ਦੌਰਾਨ ਲੰਗਰ ਕਮੇਟੀ ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ।
ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਕਾਰਜਕਾਰਨੀ ਦੀ ਚੋਣ
ਸਰੀ: ਕੈਨੇਡਾ ਦੇ ਵੱਖ ਵੱਖ ਸੂਬਿਆਂ ਦੀਆਂ ਤਰਕਸ਼ੀਲ ਸੁਸਾਇਟੀਆਂ ਦੇ ਨੁਮਾਇੰਦਿਆਂ ਦੀ ਜ਼ੂਮ ਮੀਟਿੰਗ ਹੋਈ ਜਿਸ ਵਿੱਚ ਬੀਤੇ ਦੋ ਸਾਲਾਂ ਦੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ। ਇਸ ਦੌਰਾਨ ਸੰਵਿਧਾਨ ਤੇ ਐਲਾਨਨਾਮੇ ’ਤੇ ਵਿਚਾਰ ਚਰਚਾ ਕੀਤੀ ਗਈ ਅਤੇ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਡਾ. ਬਲਜਿੰਦਰ ਸੇਖੋਂ ਨੇ ਦੱਸਿਆ ਕਿ ਸਕੱਤਰ ਬਲਦੇਵ ਰਹਿਪਾ ਵੱਲੋਂ ਬੀਤੇ ਦੋ ਸਾਲਾਂ ਦੇ ਕੰਮਾਂ ਦੀ ਵਿਸਥਾਰਤ ਰਿਪੋਰਟ ਪੇਸ਼ ਕੀਤੀ ਗਈ। ਇਸ ਵਿੱਚ ਸੁਸਾਇਟੀ ਵੱਲੋਂ ਕਿਸਾਨੀ ਅੰਦੋਲਨ ਵਿੱਚ ਪਾਏ ਯੋਗਦਾਨ, ਮੂਲ ਨਿਵਾਸੀਆਂ ਲਈ ਬਣਾਏ ਰਿਹਾਇਸ਼ੀ ਸਕੂਲਾਂ ਵਿੱਚ ਵੱਡੇ ਪੱਧਰ ’ਤੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਏ ਬੱਚਿਆਂ ਦੀਆਂ ਲੱਭੀਆਂ ਕਬਰਾਂ ਬਾਰੇ ਕੀਤੇ ਸੈਮੀਨਾਰ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਘੋਲ ਵਿੱਚ ਕੀਤੇ ਸਹਿਯੋਗ ਅਤੇ ਕੈਨੇਡਾ ਪੱਧਰ ’ਤੇ ਕਰਵਾਏ ਗਏ ਨਾਟਕਾਂ ਦਾ ਖ਼ਾਸ ਵਰਣਨ ਸੀ।
ਸੁਸਾਇਟੀ ਦੇ ਐਲਾਨਨਾਮੇ ਅਤੇ ਸੰਵਿਧਾਨ ਵਿੱਚ ਸੁਝਾਈਆਂ ਗਈਆਂ ਤਬਦੀਲੀਆਂ ’ਤੇ ਭਰਵੀਂ ਬਹਿਸ ਕਰਕੇ ਸੋਧਾਂ ਕੀਤੀਆਂ ਗਈਆਂ। ਇਸ ਵਿੱਚ ਨਵਕਿਰਨ ਦਾ ਖ਼ਾਸ ਯੋਗਦਾਨ ਰਿਹਾ। ਉਪਰੰਤ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਵਿੱਚ ਬਲਦੇਵ ਰਹਿਪਾ (ਓਂਟਾਰੀਓ) ਪ੍ਰਧਾਨ, ਬੀਰਬਲ ਭਦੌੜ (ਕੈਲਗਰੀ) ਜਨਰਲ ਸਕੱਤਰ, ਜਗਰੂਪ ਧਾਲੀਵਾਲ (ਬੀ.ਸੀ.) ਵਿੱਤ ਸਕੱਤਰ, ਬਲਵਿੰਦਰ ਬਰਨਾਲਾ (ਓਂਟਾਰੀਓ) ਮੀਤ ਪ੍ਰਧਾਨ ਅਤੇ ਡਾ. ਬਲਜਿੰਦਰ ਸੇਖੋਂ ਪ੍ਰੈੱਸ ਤੇ ਸਿੱਖਿਆ ਸਕੱਤਰ ਚੁਣੇ ਗਏ। ਬਲਰਾਜ ਸ਼ੌਕਰ (ਓਂਟਾਰੀਓ), ਸੁਰਿੰਦਰ ਚਾਹਲ (ਬੀ.ਸੀ.), ਕਰਮਜੀਤ ਮੰਡ (ਅਲਬਰਟਾ), ਗੁਰਨਾਮ ਸਿੰਘ ਮਾਨ (ਅਲਬਰਟਾ) ਅਤੇ ਗੁਰਮੇਲ ਗਿੱਲ (ਬੀ.ਸੀ.) ਕਾਰਜਕਾਰੀ ਮੈਂਬਰ ਚੁਣੇ ਗਏ। ਬਾਈ ਅਵਤਾਰ ਗਿੱਲ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸੁਸਾਇਟੀ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ।
ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚਲੀਆਂ ਤਰਕਸ਼ੀਲ ਸੁਸਾਇਟੀ ਦੀਆਂ ਇਕਾਈਆਂ ਵਿਗਿਆਨਕ ਸਮਝ ਦੇ ਪਾਸਾਰ ਲਈ ਆਪਣੀ ਸਮਰੱਥਾ ਅਨੁਸਾਰ ਕੰਮ ਕਰਦੀਆਂ ਹੋਈਆਂ ਪਖੰਡੀ ਸਾਧਾਂ-ਸੰਤਾਂ, ਵਹਿਮ-ਭਰਮ ਫੈਲਾਉਂਦੇ ਪੀਰਾਂ ਫਕੀਰਾਂ ਅਤੇ ਧਰਮ ਦੇ ਠੇਕੇਦਾਰਾਂ ਆਦਿ ਵੱਲੋਂ ਫੈਲਾਏ ਜਾ ਰਹੇ ਅੰਧਵਿਸ਼ਵਾਸਾਂ ਦਾ ਪਰਦਾਫਾਸ਼ ਕਰਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਮਿਹਨਤਕਸ਼ ਜਮਾਤ ਦੀ ਹੋ ਰਹੀ ਲੁੱਟ ਬਾਰੇ ਅਤੇ ਪੈਦਾਵਾਰ ਦੀ ਉਚਿੱਤ ਵੰਡ ਲਈ ਲੋਕਾਂ ਨੂੰ ਜਾਗਰੂਕ ਕਰਦੇ ਹੋਏ, ਪੈਦਾਵਾਰ ਦੀ ਤਰਕ ਸੰਗਤ ਵੰਡ ਲਈ ਹੋ ਰਹੇ ਸੰਘਰਸ਼ਾਂ ਵਿੱਚ ਆਪਣਾ ਸਹਿਯੋਗ ਦਿੰਦੀਆਂ ਰਹਿਣਗੀਆਂ।
ਸੁਸਾਇਟੀ ਵੱਲੋਂ ਪਾਸ ਕੀਤੇ ਮਤਿਆਂ ਵਿੱਚ ਸ਼ਾਇਰ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਦਾ ਸੰਚਾਲਨ ਨਵਕਿਰਨ ਸਿੱਧੂ ਅਤੇ ਬਾਈ ਅਵਤਾਰ ਗਿੱਲ ਨੇ ਕੀਤਾ।
ਸੰਪਰਕ: +1 604 308 6663
ਰਜ਼ਾ ਸ਼ਾਹ ਦਾ ਕਾਵਿ ਸੰਗ੍ਰਹਿ ‘ਠੱਲ’ ਰਿਲੀਜ਼
ਦਲਜਿੰਦਰ
ਮਿਲਾਨ (ਇਟਲੀ): ਪਿਛਲੇ ਦਿਨੀਂ ਇਟਲੀ ਦੇ ਸ਼ਹਿਰ ਮਿਲਾਨ ਵਿਖੇ ਇਟਲੀ ਵੱਸਦੇ ਲਹਿੰਦੇ ਪੰਜਾਬ ਦੇ ਉੱਘੇ ਸ਼ਾਇਰ ਰਜ਼ਾ ਸ਼ਾਹ ਦੇ ਤੀਜੇ ਕਾਵਿ ਸੰਗ੍ਰਹਿ ‘ਠੱਲ’ ਦਾ ਲੋਕ ਅਰਪਣ ਦੋਵੇਂ ਪੰਜਾਬਾਂ ਦੇ ਸਾਂਝੇ ਸ਼ਾਇਰਾਂ ਵੱਲੋਂ ਕੀਤਾ ਗਿਆ। ਮਿਲਾਨ ਸ਼ਹਿਰ ਦੇ ਦੋ ਕੌਂਸਲਰ ਵੀਚੈਂਨਸੀ ਅਤੇ ਅਮੀਕੇਲੇ ਸਮੇਤ ਇਟਲੀ ਵਿੱਚ ਪਾਕਿਸਤਾਨ ਅੰਬੈਸੀ ਦੇ ਰਾਜਦੂਤ ਮੁਹੰਮਦ ਵਾਲਿਕ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਜਿਨ੍ਹਾਂ ਸਾਹਿਤ ਦੇ ਸਾਂਝੇ ਯਤਨਾਂ ਦੀ ਸਰਾਹਨਾ ਕਰਦਿਆਂ ਭਵਿੱਖੀ ਸਹਿਯੋਗ ਦਾ ਵਾਅਦਾ ਵੀ ਕੀਤਾ।
ਇਸ ਮੌਕੇ ਇਕੱਤਰ ਹੋਏ ਇਟਲੀ ਦੇ ਪੰਜਾਬੀ ਲੇਖਕਾਂ ਵੱਲੋਂ ਪੁਸਤਕ ’ਤੇ ਵਿਚਾਰ ਚਰਚਾ ਕਰਦਿਆਂ ਕਿਹਾ ਗਿਆ ਕਿ ਰਜ਼ਾ ਸ਼ਾਹ ਆਪਣੀ ਧਰਤੀ ਅਤੇ ਲੋਕਾਂ ਨਾਲ ਜੁੜਿਆ ਲੋਕ ਕਵੀ ਹੈ ਜੋ ਵਿਦੇਸ਼ੀ ਧਰਤੀ ’ਤੇ ਰਹਿੰਦਿਆਂ ਵੀ ਆਪਣੀ ਮਿੱਟੀ ਦੀ ਮਹਿਕ ਤੋਂ ਵੱਖ ਨਹੀਂ ਹੋਇਆ। ਉਹ ਸਦਾ ਆਪਣੀ ਜੰਮਣ ਭੋਇੰ ਦੀ ਚੜ੍ਹਦੀ ਕਲਾ ਲਈ ਤਤਪਰ ਹੈ। ਉਸ ਦੀ ਕਵਿਤਾ ਦੇਸ ਤੋਂ ਪ੍ਰਦੇਸ ਦਾ ਸਫ਼ਰ ਤੈਅ ਕਰਦਿਆਂ ਅਨੇਕਾਂ ਸਵਾਲ ਖੜ੍ਹੇ ਕਰਦੀ ਹੈ। ਪੁਸਤਕ ਦੀ ਵਿਚਾਰ ਚਰਚਾ ਵਿੱਚ ਮਲਿਕ, ਗੌਰੀ, ਮਹਿਮੂਦ ਅਸ਼ਗਰ ਚੌਧਰੀ ਅਤੇ ਦਲਜਿੰਦਰ ਰਹਿਲ ਸਮੇਤ ਪ੍ਰੋ. ਜਸਪਾਲ ਸਿੰਘ ਇਟਲੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਜਿਨ੍ਹਾਂ ਨੇ ਕਿਹਾ ਕਿ ਰਜ਼ਾ ਸ਼ਾਹ ਦਾ ਸ਼ਾਹਮੁਖੀ ਵਿੱਚ ਪ੍ਰਕਾਸ਼ਿਤ ਕਾਵਿ ਸੰਗ੍ਰਹਿ ਗੁਰਮੁਖੀ ਵਿੱਚ ਵੀ ਅਨੁਵਾਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਗਲੋਬਲੀ ਯੁੱਗ ਵਿੱਚ ਸਾਰਥਿਕ ਸਾਹਿਤ ਦਾ ਅਨੁਵਾਦ ਹੀ ਵਿਸ਼ਵ ਨੂੰ ਸਾਂਝੀਵਾਲਤਾ ਦੀ ਇੱਕ ਮਾਲਾ ਵਿੱਚ ਪਰੋ ਸਕਦਾ ਹੈ।
ਯੂਰਪੀ ਪੱਧਰ ’ਤੇ ਹੋਏ ਇਸ ਸਾਹਿਤਕ ਸਮਾਗਮ ਵਿੱਚ ਇਟਲੀ ਸਮੇਤ ਫਰਾਂਸ, ਸਵੀਡਨ ਅਤੇ ਯੂਕੇ ਤੋਂ ਵੀ ਪੰਜਾਬੀ ਲੇਖਕ ਸ਼ਾਮਿਲ ਹੋਏ ਜਿਨ੍ਹਾਂ ਵਿਦੇਸ਼ੀ ਧਰਤੀ ’ਤੇ ਹੋਏ ਮਾਂ ਬੋਲੀ ਪੰਜਾਬੀ ਦੇ ਇਸ ਸਾਂਝੇ ਸਹਿਤਕ ਸਮਾਗਮ ਦੀ ਸਰਾਹਨਾ ਕੀਤੀ।
ਇਕੱਤਰ ਹੋਏ ਲੇਖਕਾਂ ਵੱਲੋਂ ਕੀਤੇ ਮੁਸ਼ਾਇਰੇ ਵਿੱਚ ਰਜ਼ਾ ਸ਼ਾਹ, ਜ਼ਫ਼ਰ ਮੀਰ, ਮੁਹੰਮਦ ਸ਼ਰੀਫ਼ ਚੀਮਾ, ਅਹਿਮਦ ਮੁਮਤਾਜ਼, ਜੀਮ ਫੇ ਗੌਰੀ, ਬਿਸਾਰਤ ਜਗਵੀ, ਪ੍ਰੋ. ਜਸਪਾਲ ਸਿੰਘ, ਦਲਜਿੰਦਰ ਰਹਿਲ, ਫੈਸਲ ਬੱਟ, ਨਵਾਜ਼, ਮਹਿਮੂਦ ਅਸ਼ਗਰ ਚੌਧਰੀ ਅਤੇ ਮੁਹੰਮਦ ਵਾਲੀਕ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੁਸ਼ਾਇਰੇ ਦਾ ਸਰੋਤਿਆਂ ਨੇ ਭਰਪੂਰ ਆਨੰਦ ਮਾਣਿਆ।