ਸਿਆਚਿਨ ਤੇ ਗਲਵਾਨ ਜੰਗੀ ਮੈਦਾਨਾਂ ’ਚ ਜਾ ਸਕਣਗੇ ਸੈਲਾਨੀ: ਫੌਜ ਮੁਖੀ
ਪੁਣੇ, 27 ਨਵੰਬਰ
ਚੀਫ ਆਫ ਆਰਮੀ ਸਟਾਫ਼ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ ਕਿ ਭਾਰਤੀ ਫੌਜ ਨੇ ਸੈਲਾਨੀਆਂ ਨੂੰ ਸਿਆਚਿਨ ਗਲੇਸ਼ੀਅਰ ਕਾਰਗਿਲ ਅਤੇ ਗਲਵਾਨ ਘਾਟੀ ਦੀਆਂ ਬਰਫੀਲੀਆਂ ਚੋਟੀਆਂ ’ਤੇ ਜਾਣ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ, ਤਾਂ ਉਹ ਮੁਸ਼ਕਲਾਂ ਭਰਪੂਰ ਜੰਗੀ ਮੈਦਾਨਾਂ ’ਚ ਪ੍ਰਤੱਖ ਅਨੁਭਵ ਹਾਸਲ ਕਰ ਸਕਣ।
ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜੰਮੂ ਕਸ਼ਮੀਰ ਦਾ ਮੁੱਖ ਥੀਮ ‘ਅਤਿਵਾਦ ਤੋਂ ਸੈਰ ਸਪਾਟੇ’ ਵਿੱਚ ਬਦਲ ਗਿਆ ਹੈ ਅਤੇ ਫੌਜ ਨੇ ਇਸ ਤਬਦੀਲੀ ਨੂੰ ਸੁਵਿਧਾਜਨਕ ਬਣਾਇਆ ਹੈ। ਜਨਰਲ ਦਿਵੇਦੀ ਨੇ ਇਹ ਗੱਲ ਇੱਥੇ ‘‘ਭਾਰਤ ਦੇ ਵਿਕਾਸ ’ਚ ਭਾਰਤੀ ਫੌਜ ਦੀ ਭੂਮਿਕਾ ਤੇ ਯੋਗਦਾਨ’ ਵਿਸ਼ੇ ’ਤੇ ਭਾਸ਼ਣ ਦੌਰਾਨ ਆਖੀ। ਸਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਦੇ ਰੱਖਿਆ ਤੇ ਰਣਨੀਤਕ ਸਟੱਡੀਜ਼ ਵਿਭਾਗ ਵੱਲੋਂ ਜਨਰਲ ਬੀ.ਸੀ. ਜੋਸ਼ੀ ਯਾਦਗਾਰੀ ਭਾਸ਼ਣ ਲੜੀ ਤਹਿਤ ਕਰਵਾਏ ਪ੍ਰੋਗਰਾਮ ’ਚ ਚੀਫ ਆਫ ਆਰਮੀ ਸਟਾਫ ਦਿਵੇਦੀ ਨੇ ਕਿਹਾ ਕਿ ਜੰਮੂ ਕਸ਼ਮੀਰ ਜਿੱਥੇ ਪਿਛਲੇ ਮਹੀਨੇ ਹੀ ਨਵੀਂ ਸਰਕਾਰ ਨੇ ਸੱਤਾ ਸੰਭਾਲੀ ਹੈ, ਵਿੱਚ ਸੈਰ ਸਪਾਟਾ ਸੈਕਟਰ ’ਚ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ। ਫੌਜ ਮੁਖੀ ਨੇ ਆਖਿਆ, ‘‘ਸੈਰ ਸਪਾਟੇ ਦੀ ਬਹੁਤ ਸੰਭਾਵਨਾਵਾਂ ਹਨ ਤੇ ਹਾਲੀਆ ਸਮੇਂ ਦੌਰਾਨ ਜੰਮੂ ਕਸ਼ਮੀਰ ’ਚ ਸੈਲਾਨੀਆਂ ਦੀ ਗਿਣਤੀ ਵਧੀ ਹੈ। ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ 48 ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਸ਼ੁਰੂਆਤ ਦੇ ਟੀਚੇ ਨਾਲ ਅਸੀਂ ਅਗਲੇ ਪੰਜ ਸਾਲਾਂ ’ਚ ਸੈਲਾਨੀਆਂ ਦੀ ਗਿਣਤੀ ਦੁੱਗਣੀ ਕਰਨ ਦੀ ਸਮਰੱਥਾ ਰੱਖਦੇ ਹਾਂ।’’ ਉਨ੍ਹਾਂ ਕਿਹਾ ਕਿ ਫੌਜ ਸਰਹੱਦੀ ਇਲਕਿਆਂ ਦੇ ਸਾਹਸੀ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਟੂਰ ਪ੍ਰਬੰਧਕਾਂ ਤੇ ਅਪਰੇਟਰਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਲਈ ਵਚਨਬੱਧ ਹੈ। ਜਨਰਲ ਦਿਵੇਦੀ ਮੁਤਾਬਕ, ‘‘ਅਸੀਂ ਸੈਲਾਨੀਆਂ ਨੂੰ ਜੰਗ ਦੇ ਮੈਦਾਨ ਜਿਨ੍ਹਾਂ ’ਚ ਕਾਰਗਿਲ ਤੇ ਗਲਵਾਨ ਸ਼ਾਮਲ ਹਨ, ਜਾਣ ਦੀ ਮਨਜ਼ੂਰੀ ਦੇਣ ਦੀ ਯੋਜਨਾ ਵੀ ਬਣਾ ਰਹੇ ਹਾਂ ਤਾਂ ਜੋ ਉਨ੍ਹਾਂ ਨੂੰ ਅਸਲੀ ਅਨੁਭਵ ਪ੍ਰਾਪਤ ਹੋ ਸਕੇ।’’ -ਪੀਟੀਆਈ