ਸੈਲਾਨੀਆਂ ਦੀ ਸੁਰੱਖਿਆ
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿ਼ਲੇ ਦੇ ਬੀੜ ਬਿਲਿੰਗ ਇਲਾਕੇ ਵਿਚ ਦਿਲਕੰਬਾਊ ਘਟਨਾ ਵਾਪਰੀ ਹੈ। ਬਰਫ਼ਬਾਰੀ ਦਾ ਲੁਤਫ਼ ਲੈਣ ਲਈ ਦੋ ਨੌਜਵਾਨ ਸੈਲਾਨੀ ਉਸ ਇਲਾਕੇ ਵਿਚ ਪੁੱਜੇ ਸਨ ਪਰ ਸਮੁੰਦਰੀ ਸਤਹਿ ਤੋਂ 9 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਇਸ ਇਲਾਕੇ ਵਿਚ ਉਹ ਕਿਸੇ ਹਾਦਸੇ ਕਾਰਨ ਹੱਡ ਚੀਰਵੀਂ ਠੰਢ ਦੇ ਮੌਸਮ ਵਿਚ ਫਸ ਗਏ ਅਤੇ ਉੱਥੇ ਹੀ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚੋਂ ਇਕ ਪਠਾਨਕੋਟ ਦਾ ਵਸਨੀਕ ਸੀ ਅਤੇ ਦੂਜੀ ਲੜਕੀ ਪੁਣੇ ਦੀ ਰਹਿਣ ਵਾਲੀ ਸੀ। ਜੰਗਲੀ ਜਾਨਵਰਾਂ ਨੇ ਹਮਲਾ ਕਰ ਕੇ ਉਨ੍ਹਾਂ ਦੀਆਂ ਲਾਸ਼ਾਂ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਮ੍ਰਿਤਕਾਂ ਦੇ ਪਾਲਤੂ ਕੁੱਤੇ ਨੇ ਪੂਰੇ ਦੋ ਦਿਨ ਆਦਮਖੋਰ ਜਾਨਵਰਾਂ ਨੂੰ ਨੇੜੇ ਆਉਣ ਤੋਂ ਰੋਕੀ ਰੱਖਿਆ ਅਤੇ ਆਪਣੇ ਮਾਲਕ ਦੀ ਰਾਖੀ ਲਈ ਉਨ੍ਹਾਂ ਆਪਣੀ ਪੂਰੀ ਵਾਹ ਲਾ ਦਿੱਤੀ। ਉਸ ਕੁੱਤੇ ਦੀਆਂ ਆਵਾਜ਼ਾਂ ਸੁਣ ਕੇ ਹੀ ਪੁਲੀਸ ਕਰਮੀ ਉਸ ਜਗ੍ਹਾ ਪਹੁੰਚੇ। ਪਤਾ ਲੱਗਿਆ ਹੈ ਕਿ ਉਹ ਉਸ ਇਲਾਕੇ ਵਿਚ ਬਰਫ਼ ਦੀ ਕਿਸੇ ਢਲਾਣ ਤੋਂ ਡਿੱਗ ਕੇ ਕਿਸੇ ਗਹਿਰੀ ਖੱਡ ਵਿਚ ਫਸ ਗਏ ਸਨ ਅਤੇ ਠੰਢ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਿਸ ਤਰ੍ਹਾਂ ਦੀ ਇਹ ਅਫ਼ਸੋਸਨਾਕ ਘਟਨਾ ਵਾਪਰੀ ਹੈ, ਉਸ ਤੋਂ ਇਸ ਪਹਾੜੀ ਰਾਜ ਵਿਚ ਸੈਲਾਨੀਆਂ ਦੀ ਹਿਫ਼ਾਜ਼ਤ ਨਾਲ ਜੁੜੀਆਂ ਨੀਤੀਆਂ ਦਾ ਮੁਤਾਲਿਆ ਕਰਨ ਦੀ ਲੋੜ ਹੈ।
ਪਹਾੜੀ ਖੇਤਰਾਂ ਵਿਚ ਰਿੱਛਾਂ ਅਤੇ ਬਾਘਾਂ ਦੇ ਹਮਲਿਆਂ ਬਾਰੇ ਅਕਸਰ ਸੁਣਨ ਨੂੰ ਮਿਲਦਾ ਹੈ। ਛੁੱਟੀਆਂ ਮਨਾਉਣ ਗਏ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਕਿ ਉਹ ਦੂਰ ਦਰਾਜ਼ ਅਤੇ ਸੁੰਨੇ ਖੇਤਰਾਂ ਵਿਚ ਇਕੱਲੇ ਘੁੰਮਣ ਨਾ ਜਾਣ ਪਰ ਅਧਿਕਾਰੀਆਂ ਨੂੰ ਸੈਲਾਨੀਆਂ ਦੀ ਸੁਰੱਖਿਆ ਲਈ ਮੁਸਤੈਦੀ ਵਧਾਉਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਜਗ੍ਹਾ ਜਗ੍ਹਾ ਚਿਤਾਵਨੀ ਬੋਰਡ ਲਾਉਣੇ ਚਾਹੀਦੇ ਹਨ ਜਿਨ੍ਹਾਂ ’ਤੇ ਸੈਲਾਨੀਆਂ ਨੂੰ ਚੌਕਸ ਰਹਿਣ ਬਾਰੇ ਲਿਖਿਆ ਜਾਣਾ ਚਾਹੀਦਾ ਹੈ। ਸੈਰ-ਸਪਾਟਾ ਸਨਅਤ ਨੂੰ ਇਹ ਪੂਰੀ ਤਰ੍ਹਾਂ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹੋਟਲਾਂ ਵਾਲਿਆਂ ਵਲੋਂ ਪੈਰਾ-ਗਲਾਈਡਿੰਗ, ਆਈਸ ਸਕੇਟਿੰਗ ਅਤੇ ਜਲ ਖੇਡਾਂ ਜਿਹੀਆਂ ਸਾਹਸਿਕ ਸਰਗਰਮੀਆਂ ਮੁਤੱਲਕ ਸੁਰੱਖਿਆ ਦੇ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਖ਼ਾਸਕਰ ਬਰਫ਼ਬਾਰੀ ਦੇ ਸੀਜ਼ਨ ਵਿਚ ਜਦੋਂ ਸੈਲਾਨੀਆਂ ਦੀ ਚੋਖੀ ਆਮਦ ਹੁੰਦੀ ਹੈ, ਅਜਿਹੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਢਿਲਮੱਠ ਖ਼ਤਰਨਾਕ ਸਿੱਧ ਹੋ ਸਕਦੀ ਹੈ ਕਿਉਂਕਿ ਬਰਫ਼ ਦੀ ਚਿੱਟੀ ਚਾਦਰ ਵਿਛਣ ਕਰ ਕੇ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ ਜਿਵੇਂ ਉਪਰੋਕਤ ਘਟਨਾ ਵਿਚ ਹੋਇਆ ਜਾਪਦਾ ਹੈ।
ਹਿਮਾਚਲ ਪ੍ਰਦੇਸ਼ ਦੇ ਅਰਥਚਾਰੇ ਵਿਚ ਸੈਰ-ਸਪਾਟੇ ਤੋਂ ਹੋਣ ਵਾਲੀ ਕਮਾਈ ਦਾ ਅੰਦਾਜ਼ਨ 10 ਫ਼ੀਸਦ ਯੋਗਦਾਨ ਹੁੰਦਾ ਹੈ। ਸੂਬਾ ਸਰਕਾਰ ਨੇ ਸੈਰ-ਸਪਾਟੇ ਨੂੰ ਵਿਕਸਤ ਕਰਨ ਲਈ ਏਸ਼ਿਆਈ ਵਿਕਾਸ ਬੈਂਕ (ਏਡੀਬੀ) ਤੋਂ ਮਿਲੀ ਇਮਦਾਦ ਨਾਲ 2500 ਕਰੋੜ ਰੁਪਏ ਖਰਚ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਰਕਮ ਦਾ ਇਕ ਹਿੱਸਾ ਸੈਲਾਨੀਆਂ ਦੀ ਸੁਰੱਖਿਆ ਦੇ ਬਿਹਤਰ ਪ੍ਰਬੰਧ ਕਰਨ ’ਤੇ ਲਾਉਣਾ ਚਾਹੀਦਾ ਹੈ।