Jammu-Srinagar ਹਾਈਵੇਅ ’ਤੇ ਸੈਲਾਨੀ ਦੀ ਮੌਤ; ਬਰਫਬਾਰੀ ਦੌਰਾਨ ਮੁਗਲ ਰੋਡ ਤੋਂ ਛੇ ਨੂੰ ਬਚਾਇਆ ਗਿਆ
ਸ੍ਰੀਨਗਰ, 28 ਦਸੰਬਰ
ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਇੱਕ ਮਹਿਲਾ ਸੈਲਾਨੀ ਦੀ ਮੌਤ ਹੋ ਗਈ ਜਦੋਂਕਿ ਪੁਲੀਸ ਨੇ ਮੁਗਲ ਰੋਡ ਉੱਤੇ ਬਰਫ਼ ਵਿੱਚ ਫਸੇ ਛੇ ਲੋਕਾਂ ਨੂੰ ਬਚਾਇਆ| ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ ਜ਼ਿਲ੍ਹੇ ਦੇ ਮੇਹਰ ਖੇਤਰ ’ਚ ਜੰਮੂ-ਸ਼੍ਰੀਨਗਰ ਕੌਮੀ ਮਾਰਗ ’ਤੇ ਪਹਾੜੀ ਤੋਂ ਇਕ ਵੱਡਾ ਪੱਥਰ ਡਿੱਗ ਗਿਆ ਅਤੇ ਇਕ ਮਿੰਨੀ ਬੱਸ ਨਾਲ ਟਕਰਾ ਗਿਆ, ਜਿਸ ਕਾਰਨ ਇਕ ਮਹਿਲਾ ਸੈਲਾਨੀ ਗੰਭੀਰ ਰੂਪ ਵਿਚ ਜ਼ਖਮੀ ਹੋਣ ਕਾਰਨ ਉਸਦੀ ਮੌਤ ਹੋ ਗਈ।
ਦੂਜੇ ਪਾਸੇ ਪੁਲੀਸ ਨੇ ਪੁੰਛ ਜ਼ਿਲ੍ਹੇ ਦੇ ਮੁਗਲ ਰੋਡ ’ਤੇ ਬਰਫ਼ ਵਿੱਚ ਫਸੇ ਛੇ ਵਿਅਕਤੀਆਂ ਨੂੰ ਬਚਾਇਆ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਦੋ ਵਾਹਨ ਸ਼ੋਪੀਆਂ ਤੋਂ ਸੂਰਨਕੋਟ ਜਾ ਰਹੇ ਸਨ ਜਦੋਂ ਮੁਗਲ ਰੋਡ ‘ਤੇ ਛਟਾਪਾਨੀ ਵਿਖੇ ਦੋਵੇਂ ਵਾਹਨ ਬਰਫ ਵਿੱਚ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਪੁਲੀਸ ਟੀਮ ਮੌਕੇ 'ਤੇ ਪਹੁੰਚੀ ਅਤੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਕੱਢਣ ਵਿੱਚ ਕਾਮਯਾਬ ਰਹੀ।
ਇਸ ਦੌਰਾਨ ਸ਼੍ਰੀਨਗਰ-ਜੰਮੂ ਕੌਮੀ ਮਾਰਗ ਮੁਗਲ ਰੋਡ ਅਤੇ ਸ਼੍ਰੀਨਗਰ-ਲੇਹ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਬਾਂਦੀਪੋਰਾ ਦੇ ਗੁਰੇਜ਼, ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਅਤੇ ਘਾਟੀ ਦੇ ਅਨੰਤਨਾਗ ਜ਼ਿਲੇ ਤੋਂ ਕਿਸ਼ਤਵਾੜ ਵੱਲ ਜਾਣ ਵਾਲੇ ਸਿੰਥਨ ਰੋਡ ਨੂੰ ਵੀ ਭਾਰੀ ਬਰਫਬਾਰੀ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਟਰੈਫਿਕ ਵਿਭਾਗ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਇਨ੍ਹਾਂ ਸੜਕਾਂ ’ਤੇ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਹੈ।
ਭਾਰੀ ਬਰਫ਼ਬਾਰੀ ਨੇ ਘਾਟੀ ਵਿੱਚ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਵਿਭਾਗ ਵੱਲੋਂ ਸ੍ਰੀਨਗਰ ਸ਼ਹਿਰ ਅਤੇ ਘਾਟੀ ਵਿੱਚ ਹੋਰ ਥਾਵਾਂ ’ਤੇ ਬਿਜਲੀ ਸਪਲਾਈ ਅਤੇ ਆਵਾਜਾਈ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੌਸਮ ਵਿਭਾਗ ਨੇ ਹੁਣ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਆਈਏਐੱਨਐੱਸ