ਸੈਰ-ਸਪਾਟੇ ਨੂੰ ਪੂਰੀ ਤਰ੍ਹਾਂ ਵਿਕਸਿਤ ਕੀਤਾ ਜਾਵੇਗਾ: ਅਨਮੋਲ ਗਗਨ ਮਾਨ
ਸੰਜੀਵ ਬੱਬੀ
ਚਮਕੌਰ ਸਾਹਿਬ, 12 ਮਾਰਚ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਈਕੋ-ਟੂਰਿਜ਼ਮ, ਐਡਵੈਂਚਰ ਤੇ ਵਾਟਰ ਸਪੋਰਟਸ ਅਤੇ ਸੈਰ-ਸਪਾਟੇ ਨੂੰ ਸਮੁੱਚੇ ਰੂਪ ਵਿੱਚ ਵਿਕਸਿਤ ਕਰਨ ਨੂੰ ਮੁੱਖ ਤਰਜੀਹ ਦੇ ਰਹੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਵਿਭਾਗ ਅਨਮੋਲ ਗਗਨ ਮਾਨ ਨੇ ਇੱਥੇ ‘ਪੈਸੇਂਜਰ ਟਰਮੀਨਲ’ ਸਮੇਤ ਲਗਪਗ 10 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਚੁੱਕੇ ਪ੍ਰਾਜੈਕਟਾਂ ਨੂੰ ਲੋਕ ਅਰਪਣ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਇਸ ਤਿੰਨ ਮੰਜ਼ਿਲਾ ਪੈਸੇਂਜਰ ਟਰਮੀਨਲ ਦੀ ਇਮਾਰਤ ਅਤਿ ਆਧੁਨਿਕ ਤਰੀਕੇ ਨਾਲ 3.65 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਨਮੋਹਕ ਇਮਾਰਤ ਵਿੱਚ ਆਮ ਲੋਕਾਂ ਲਈ ਕੈਫੇਟੇਰੀਆ, ਵਿਸ਼ਰਾਮ ਘਰ, ਦੁਕਾਨਾਂ, ਲਿਫਟ, ਪਖ਼ਾਨਾ ਬਲਾਕ ਤੇ ਪਾਰਕਿੰਗ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚਮਕੌਰ ਸਾਹਿਬ ਵਿੱਚ ਹੀ ਦੋ ਮੰਜ਼ਿਲਾਂ ‘ਵਿਆਖਿਆ ਕੇਂਦਰ’ ਦੀ ਇਮਾਰਤ ਦਾ ਨਿਰਮਾਣ ਲਗਪਗ 3 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਇਆ ਗਿਆ ਹੈ, ਜਿਸ ਵਿੱਚ ਆਮ ਲੋਕਾਂ ਵਾਸਤੇ ਲਾਈਬਰੇਰੀ, ਲਿਫਟ, ਪਖ਼ਾਨਾ ਬਲਾਕ ਤੇ ਪਾਰਕਿੰਗ ਆਦਿ ਤਿਆਰ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਇਤਹਾਸਿਕ ਪੰਜ ਗੁਰਧਾਮਾਂ ਵਿੱਚ ਮਨਮੋਹਕ ਦਿੱਖ ਦੇ ਲਈ 2.64 ਕਰੋੜ ਰੁਪਏ ਦੀ ਲਾਗਤ ਦੇ ਨਾਲ ਲਾਈਟਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਗੜੀ ਸਾਹਿਬ, ਗੁਰਦੁਆਰਾ ਸ੍ਰੀ ਤਾੜੀ ਸਾਹਿਬ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ ਸ਼ਾਮਲ ਹਨ। ਉਹ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਵੀ ਹੋਏ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਚਮਕੌਰ ਸਾਹਿਬ ਦੇ ਵਿਕਾਸ ’ਚ ਕਸਰ ਨਹੀਂ ਛੱਡਾਂਗੇ: ਡਾ. ਚਰਨਜੀਤ ਸਿੰਘ
ਚਮਕੌਰ ਸਾਹਿਬ: ਇਸੇ ਤਰ੍ਹਾਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਇੱਥੇ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਤਹਿਸੀਲ ਕੰਪਲੈਕਸ ਦੀ ਇਮਾਰਤ ਦੇ ਨਵੀਨੀਕਰਨ ਤੇ ਅੱਪਗਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਇਸ ਕਾਰਜ ਲਈ 5 ਕਰੋੜ 70 ਲੱਖ ਰੁਪਏ ਦੀ ਦਿੱਤੀ ਗਈ ਗ੍ਰਾਂਟ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਕ੍ਰਾਂਤੀ ਦੀ ਲਹਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚਲਾਈ ਹੈ ਉਸ ਦੀ ਝਲਕ ਚਮਕੌਰ ਸਾਹਿਬ ਵਿੱਚੋਂ ਸਾਫ਼ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿੱਚ ਦੋ ਹੋਰ ਫਲੋਰ ਬਣਾਏ ਜਾਣੇ ਹਨ ਅਤੇ ਪੁਰਾਣੇ ਦਫ਼ਤਰ ਨੂੰ ਵੀ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਮੰਜ਼ਿਲ ਤੇ ਤਹਿਸੀਲਦਾਰ ਦਾ ਦਫ਼ਤਰ, ਨਾਇਬ ਤਹਿਸੀਲਦਾਰ ਦਾ ਦਫ਼ਤਰ ਅਤੇ ਤਹਿਸੀਲਦਾਰ ਦੀ ਕੋਰਟ ਦੀ ਉਸਾਰੀ ਕੀਤੀ ਜਾਵੇਗੀ।