For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿਚ ਸੈਰ-ਸਪਾਟਾ ਸਨਅਤ

08:44 AM Sep 16, 2023 IST
ਪੰਜਾਬ ਵਿਚ ਸੈਰ ਸਪਾਟਾ ਸਨਅਤ
Advertisement

ਡਾ. ਰਣਜੀਤ ਸਿੰਘ

ਸੈਰ ਸਪਾਟਾ ਅਜਿਹੀ ਸਨਅਤ ਜਿਸ ਨਾਲ ਆਮਦਨ ਵਿਚ ਵਾਧਾ ਹੁੰਦਾ ਹੈ, ਰੁਜ਼ਗਾਰ ਦੇ ਵਸੀਲੇ ਬਣਦੇ ਹਨ, ਵਿਦੇਸ਼ੀ ਮੁਦਰਾ ਕਮਾਈ ਜਾ ਸਕਦੀ ਹੈ, ਆਪਸੀ ਵਪਾਰ ਅਤੇ ਸਭਿਆਚਾਰਕ ਵਿਕਾਸ ਹੁੰਦਾ ਹੈ। ਇਹ ਅਜਿਹੀ ਸਨਅਤ ਹੈ ਜਿਹੜੀ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀ ਕਰਦੀ ਸਗੋਂ ਚੌਗਿਰਦੇ ਨੂੰ ਨਿਖਾਰਦੀ ਹੈ। ਇਸ ਸਨਅਤ ਦੀ ਸਫਲਤਾ ਲਈ ਪ੍ਰਾਹੁਣਾਚਾਰੀ, ਜਾਣਕਾਰੀ, ਯਾਤਰੀਆਂ ਦੀ ਸੁਰੱਖਿਆ, ਲੋੜੀਂਦੀਆਂ ਸਹੂਲਤਾਂ ਅਤੇ ਸਾਫ ਸੁਥਰੇ ਚੌਗਿਰਦੇ ਦੀ ਲੋੜ ਪੈਂਦੀ ਹੈ।
ਪੰਜਾਬ ਵਿਚ ਸੈਰ ਸਪਾਟਾ ਸਨਅਤ ਨੂੰ ਵਿਕਸਤ ਕਰਨ ਦੀਆਂ ਚੋਖੀਆਂ ਸੰਭਾਵਨਾਵਾਂ ਹਨ ਪਰ ਇਸ ਪਾਸੇ ਸਰਕਾਰ ਜਾਂ ਕਿਸੇ ਨਿਜੀ ਅਦਾਰੇ ਵਲੋਂ ਯਤਨ ਨਹੀਂ ਕੀਤੇ। ਵਿਤੀ ਸੰਕਟ ਵਿਚ ਫਸੀ ਸਰਕਾਰ ਇਸ ਰਾਹੀਂ ਆਪਣੀ ਆਮਦਨ ਵਿਚ ਵਾਧਾ ਹੀ ਨਹੀਂ ਕਰ ਸਕਦੀ ਸਗੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਵੀ ਪੈਦਾ ਕਰ ਸਕਦੀ ਹੈ।
ਸਾਡੇ ਗੁਆਂਢੀ ਰਾਜਾਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿਚ ਇਹ ਸਨਅਤ ਚੋਖੀ ਵਿਕਸਤ ਹੋ ਚੁੱਕੀ ਹੈ। ਸਾਡੇ ਨਾਲੋਂ ਤਾਂ ਹਰਿਆਣਾ ਵੀ ਅੱਗੇ ਹੈ। ਜੇ ਰਾਜਸਥਾਨ ਆਪਣੇ ਰੇਤ ਦੇ ਟਿੱਬਿਆਂ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾ ਸਕਦਾ ਹੈ ਤਾਂ ਪੰਜਾਬ ਦੀ ਹਰਿਆਲੀ ਅਜਿਹਾ ਕਿਉਂ ਨਹੀਂ ਕਰ ਸਕਦੀ। ਪੰਜਾਬ ਦੀ ਸਾਰੀ ਧਰਤੀ ਸਾਲ ਵਿਚ ਘੱਟੋ-ਘੱਟ 10 ਮਹੀਨੇ ਹਰਿਆਲੀ ਨਾਲ ਢਕੀ ਰਹਿੰਦੀ ਹੈ ਜਿਵੇਂ ਹਰੇ ਰੰਗ ਦਾ ਸਾਗਰ ਮਚਲ ਰਿਹਾ ਹੋਵੇ। ਇਸੇ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ। ਪੰਜਾਬ ਵਿਚ ਸੜਕਾਂ ਦਾ ਚੰਗਾ ਜਾਲ ਵੀ ਹੈ ਅਤੇ ਹਰ ਪਾਸੇ ਖੁਸ਼ਹਾਲੀ ਝਲਕਦੀ ਹੈ। ਅਜਿਹਾ ਨਜ਼ਾਰਾ ਹੋਰ ਕਿਸੇ ਸੂਬੇ ਵਿਚ ਨਹੀਂ ਮਿਲਦਾ। ਹਰ ਪਿੰਡ ਵਿਚ ਬਿਜਲੀ, ਪਾਣੀ ਅਤੇ ਕਈ ਵਧੀਆ ਫਾਰਮ ਹਾਊਸ ਹਨ। ਪੰਜਾਬ ਵਿਚ ਪਟਿਆਲਾ, ਕਪੂਰਥਲਾ, ਸੰਗਰੂਰ ਆਦਿ ਰਿਆਸਤੀ ਸ਼ਹਿਰ ਵੀ ਹਨ। ਇਨ੍ਹਾਂ ਨੂੰ ਸੈਲਾਨੀ ਕੇਂਦਰ ਬਣਾਇਆ ਜਾ ਸਕਦਾ ਹੈ। ਜਲੰਧਰ ਤੋਂ ਸਾਇੰਸ ਸਿਟੀ, ਕਪੂਰਥਲਾ, ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਤੇ ਤਰਨ ਤਾਰਨ ਦਾ ਇਕ ਰੋਜ਼ਾ ਟੂਰ ਬਣ ਸਕਦਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ, ਹਰੀ ਕਾ ਪਤਣ, ਵਾਹਗਾ ਸਰਹੱਦ, ਲੁਧਿਆਣਾ ਦਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ। ਛੱਤਬੀੜ, ਸਰਹਿੰਦ, ਨਾਭਾ, ਲਾਂਗੜੀਆਂ, ਮਲੇਰਕੋਟਲਾ ਅਤੇ ਲੁਧਿਆਣਾ ਦਾ ਰਾਹ ਹੈ। ਪੰਜਾਬ ਵਿਚ ਸਿੱਖ ਧਰਮ ਦੇ ਤਿੰਨ ਤਖਤ ਸਾਹਿਬਾਨ ਹਨ। ਹਿੰਦੂਆਂ ਤੇ ਮੁਸਲਮਾਨਾਂ ਦੇ ਇਤਿਹਾਸਕ ਸਥਾਨ ਵੀ ਹਨ। ਪੰਜਾਬ ਦੇ ਅੰਗੂਰਾਂ, ਅੰਬਾਂ ਅਤੇ ਕਿੰਨੂਆਂ ਦੀ ਬਗੀਚੇ ਵੀ ਖਿੱਚ ਦਾ ਕੇਂਦਰ ਬਣ ਸਕਦੇ ਹਨ। ਗੁਰੂ ਗੋਬਿੰਦ ਸਿੰਘ ਮਾਰਗ ਨੂੰ ਵਿਕਸਤ ਕਰ ਕੇ ਇਸ ਨੂੰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ। ਭਾਖੜਾ, ਨੰਗਲ, ਅਨੰਦਪੁਰ ਸਾਹਿਬ ਤੇ ਰੋਪੜ ਵਧੀਆ ਸੈਰਗਾਹਾਂ ਹਨ। ਪੰਜਾਬ ਵਿਚ ਸੈਰ ਸਪਾਟਾ ਵਿਭਾਗ ਅਤੇ ਕਾਰਪੋਰੇਸ਼ਨ ਵੀ ਹੈ। ਡਾ. ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਮੁੱਖ ਸੜਕਾਂ ਉਤੇ ਫੁਲ ਬੂਟਿਆਂ ਦੇ ਨਾਮ ’ਤੇ ਸੁੰਦਰ ਰੈਸਟੋਰੈਂਟ ਬਣਾਏ ਸਨ ਅਤੇ ਸੜਕਾਂ ਨੂੰ ਫੁੱਲਾਂ ਵਾਲੇ ਰੁੱਖਾਂ ਨਾਲ ਸ਼ਿੰਗਾਰਿਆ ਗਿਆ ਸੀ ਪਰ ਮੁੜ ਇਸ ਪਾਸਿਉਂ ਧਿਆਨ ਹਟਾ ਲਿਆ ਗਿਆ। ਕਾਰਪੋਰੇਸ਼ਨ ਦੇ ਮੁੱਖ ਦਰਸ਼ਨੀ ਥਾਵਾਂ ਉਤੇ ਦਫ਼ਤਰ ਨਹੀਂ ਹਨ ਅਤੇ ਨਾ ਹੀ ਇਸ ਵੱਲੋਂ ਯੋਜਨਾਬੱਧ ਢੰਗ ਨਾਲ ਯਾਤਰਾਵਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਵਿਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਜਿਹੜੇ ਵੀ ਯਤਨ ਕੀਤੇ ਗਏ ਹਨ, ਉਹ ਪੂਰੇ ਉਤਸ਼ਾਹ ਅਤੇ ਦੂਰ ਅੰਦੇਸ਼ੀ ਯੋਜਨਾ ਬਣਾ ਕੇ ਸ਼ੁਰੂ ਨਹੀਂ ਕੀਤੇ ਗਏ। ਵਿਦੇਸ਼ਾਂ ਤੋਂ ਆਉਂਦੇ ਨਿਤ ਹਜ਼ਾਰਾਂ ਪੰਜਾਬੀਆਂ ਦੀ ਸਹੂਲਤ ਲਈ ਦਿੱਲੀ ਹਵਾਈ ਅੱਡੇ ਤੋਂ ਨਿੱਜੀ ਅਤੇ ਸਰਕਾਰੀ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸ ਦਾ ਲੋਕਾਂ ਨੂੰ ਲਾਭ ਵੀ ਹੋਇਆ ਹੈ ਪਰ ਕਈ ਸਾਲਾਂ ਦੇ ਤਜਰਬੇ ਪਿੱਛੋਂ ਵੀ ਇਸ ਨੂੰ ਸਨਅਤ ਵਾਂਗ ਵਿਕਸਤ ਨਹੀਂ ਕੀਤਾ ਗਿਆ। ਲੋਕ ਸੰਪਰਕ ਅਤੇ ਕੈਟਰਿੰਗ ਵਿਚ ਸਿਖਲਾਈ ਪ੍ਰਾਪਤ ਮੁੰਡੇ ਕੁੜੀਆਂ ਨੂੰ ਬਸਾਂ ਦੇ ਗਾਈਡ ਬਣਾਇਆ ਜਾਵੇ। ਬਸ ਵਿਚ ਹੀ ਪਾਣੀ ਅਤੇ ਸੂਚਨਾ ਦੀ ਸੇਵਾ ਇਨ੍ਹਾਂ ਤੋਂ ਕਰਵਾਈ ਜਾਵੇ। ਇਹ ਬਸਾਂ ਰਾਤ ਨੂੰ ਚਲਦੀਆਂ ਹਨ ਅਤੇ ਸਵੇਰੇ ਵੇਲੇ ਚਾਹ ਪਾਣੀ ਲਈ ਕਿਸੇ ਢਾਬੇ ਉਤੇ ਰੋਕੀਆਂ ਜਾਂਦੀਆਂ ਹਨ ਜਿਥੇ ਹਥ ਮੂੰਹ ਧੋਣ ਅਤੇ ਜੰਗਲ ਪਾਣੀ ਦੀ ਕੋਈ ਵਧੀਆ ਸਹੂਲਤ ਨਹੀਂ ਹੁੰਦੀ। ਮੁਸਾਫ਼ਰ ਹਵਾਈ ਜਹਾਜ਼ ਦੀ ਯਾਤਰਾ ਕਰ ਕੇ ਆਏ ਹੁੰਦੇ ਹਨ, ਉਹ ਬਸ ਵਿਚ ਹੀ ਉਹੋ ਜਿਹੀ ਸਹੂਲਤ ਦੀ ਉਮੀਦ ਕਰਦੇ ਹਨ। ਕਾਰਪੋਰੇਸ਼ਨ ਦੇ ਸ਼ੰਭੂ ਸਥਿਤ ਅਤੇ ਸਰਹਿੰਦ ਨਹਿਰ ਵਾਲੇ ਕੇਂਦਰਾਂ ਨੂੰ ਹੋਰ ਵਿਕਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਥੇ ਨਾਸ਼ਤੇ ਦਾ ਵੀ ਪ੍ਰਬੰਧ ਕੀਤਾ ਜਾਵੇ।
ਕਾਰਪੋਰੇਸ਼ਨ ਵਲੋਂ ਯਾਤਰੀ ਟੂਰ ਪ੍ਰੋਗਰਾਮ ਅਤੇ ਟੂਰ ਪੈਕੇਜ ਬਣਾਏ ਜਾਣ ਜਿਨ੍ਹਾਂ ਵਿਚ ਸਫ਼ਰ, ਰਹਿਣ ਅਤੇ ਖਾਣੇ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਹੋਵੇ। ਇਹ ਪ੍ਰੋਗਰਾਮ ਵੱਖੋ-ਵੱਖਰੇ ਦਿਨਾਂ ਅਤੇ ਯਾਤਰੂਆਂ ਦੀ ਲੋੜ ਅਨੁਸਾਰ ਬਣਾਏ ਜਾਣ। ਇਸ ਵਿਚ ਨਿਜੀ ਕੰਪਨੀਆਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਦੀ ਸਫਲਤਾ ਲਈ ਵਧੀਆ ਸਹੂਲਤਾਂ ਅਤੇ ਸਾਫ ਸੁਥਰੀਆਂ ਥਾਵਾਂ ਦੀ ਲੋੜ ਹੈ। ਯਾਤਰਾ ਦੌਰਾਨ ਯਾਤਰੂਆਂ ਨੂੰ ਵਿਸ਼ੇਸ਼ ਮਹਿਮਾਨ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਉਹ ਯਾਤਰਾ ਦਾ ਪੂਰਾ ਅਨੰਦ ਮਾਣ ਸਕਣ ਅਤੇ ਇਥੋਂ ਖੁਸ਼ੀ ਖੁਸ਼ੀ ਵਾਪਸ ਜਾਣ। ਪੰਜਾਬ ਵਿਚ ਬਣੇ ਉਤਪਾਦਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਜੋ ਯਾਤਰੂ ਇਨ੍ਹਾਂ ਨੂੰ ਸੋਵੀਨਰ ਦੇ ਰੂਪ ਵਿਚ ਖਰੀਦ ਕੇ ਲਿਜਾ ਸਕਣ। ਵਾਪਸ ਜਾ ਕੇ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਦਸਣਗੇ। ਇੰਝ ਹੋਰ ਲੋਕ ਪੰਜਾਬ ਵਿਚ ਸੈਰ ਸਪਾਟੇ ਲਈ ਆਉਣਗੇ। ਸੈਰ ਸਪਾਟਾ ਸਨਅਤ ਦੇ ਵਿਕਾਸ ਲਈ ਵਧੀਆ ਸਹੂਲਤਾਂ ਅਤੇ ਕਰਮਚਾਰੀਆਂ ਦੇ ਚੰਗੇਰੇ ਵਤੀਰੇ ਦੀ ਲੋੜ ਹੈ।
ਉਮੀਦ ਹੈ ਕਿ ਪੰਜਾਬ ਜਿਹੜਾ ਸੰਸਾਰ ਵਿਚ ਸਭਿਅਤਾ ਦੇ ਵਿਕਾਸ ਦੇ ਮੁੱਢਲੇ ਕੇਂਦਰਾਂ ਵਿਚੋਂ ਹੈ; ਜਿਥੇ ਵੇਦਾਂ, ਰਮਾਇਣ, ਗੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ; ਜਿਥੇ ਹਰੇ ਇਨਕਲਾਬ ਦੀ ਧਰਤੀ ਨੂੰ ਭਾਰਤੀ ਹੀ ਨਹੀਂ ਸਗੋਂ ਵਿਦੇਸ਼ੀ ਵੀ ਵੱਡੀ ਗਿਣਤੀ ਵਿਚ ਦੇਖਣ ਆਉਣਗੇ। ਸਾਰਾ ਸਾਲ ਮੌਸਮ ਅਨੁਸਾਰ ਪਿੰਡਾਂ ਵਿਚ ਸਭਿਆਚਾਰਕ ਮੇਲੇ ਲਗਾਏ ਜਾ ਸਕਦੇ ਹਨ ਜਿਵੇਂ ਸਾਗ, ਮੱਕੀ ਦੀ ਰੋਟੀ, ਲੱਸੀ ਮੱਖਣ, ਗੁੜ, ਸ਼ੱਕਰ, ਮੇਲਾ, ਕਿੰਨੂ ਮੇਲਾ, ਅੰਬ ਮੇਲਾ ਆਦਿ। ਪਿੰਡਾਂ ਵਿਚ ਕਈ ਵਧੀਆ ਘਰ ਹਨ। ਲੋਕੀਂ ਇਨ੍ਹਾਂ ਨੂੰ ਮਹਿਮਾਨ ਲਈ ਖੁਸ਼ੀ ਖੁਸ਼ੀ ਖੋਲ੍ਹ ਦੇਣਗੇ। ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਉਮੀਦ ਹੈ ਕਿ ਲੋਕੀਂ ਇਥੋਂ ਦੀ ਸੁਹਾਵੀ ਧਰਤੀ, ਧਾਰਮਿਕ ਸਥਾਨ, ਪੇਂਡੂ ਜੀਵਨ ਅਤੇ ਸੈਰਗਾਹਾਂ ਤੋਂ ਬਹੁਤ ਪ੍ਰਭਾਵਿਤ ਹੋਣਗੇ। ਲੋੜ ਕੇਵਲ ਹਿੰਮਤ, ਕੁਝ ਨਵਾਂ ਕਰਨ ਦੀ ਲਗਨ ਅਤੇ ਸੰਜੀਦਗੀ ਨਾਲ ਪ੍ਰੋਗਰਾਮ ਉਲੀਕਣ ਅਤੇ ਉਨ੍ਹਾਂ ਨੂੰ ਨੇਪਰੇ ਚਾੜ੍ਹਨ ਦੀ ਹੈ। ਪੈਸੇ ਦੀ ਥੁੜ੍ਹ ਅਤੇ ਬੇਰੁਜ਼ਗਾਰੀ ਦੇ ਮਾਰੇ ਸੂਬੇ ਵਿਚ ਸੈਰ ਸਪਾਟੇ ਨੂੰ ਸਨਅਤ ਦੇ ਰੂਪ ਵਿਚ ਵਿਕਸਤ ਕਰਨ ਦੀ ਲੋੜ ਹੈ। ਜੇ ਸਰਕਾਰ ਆਪਣੇ ਵਸੀਲਿਆਂ ਨਾਲ ਸਾਰਾ ਕੁਝ ਨਹੀਂ ਕਰ ਸਕਦੀ ਤਾਂ ਨਿਜੀ ਅਦਾਰਿਆਂ ਨੂੰ ਸਹਿਯੋਗੀ ਬਣਾਇਆ ਜਾ ਸਕਦਾ ਹੈ। ਪੰਜਾਬ ਵਿਚੋਂ ਲੰਘ ਸਾਰਾ ਸਾਲ ਬਹੁਤ ਸਾਰੇ ਸੈਲਾਨੀ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ਜਾਂਦੇ ਹਨ। ਜੇ ਲੋੜੀਂਦੀਆਂ ਸਹੂਲਤਾਂ ਵਿਕਸਤ ਕੀਤੀਆਂ ਜਾਣ ਤਾਂ ਸੈਲਾਨੀ ਕੁਝ ਸਮਾਂ ਪੰਜਾਬ ਵਿਚ ਵੀ ਗੁਜ਼ਾਰਨਾ ਚਾਹੁਣਗੇ। ਇਸ ਲਈ ਰੋਪੜ ਵਿਖੇ ਵਧੀਆ ਸੈਲਾਨੀ ਕੇਂਦਰ ਬਣਾਉਣਾ ਚਾਹੀਦਾ ਹੈ।
ਪੰਜਾਬ ਦੀ ਪ੍ਰਾਹੁਣਾਚਾਰੀ ਪ੍ਰਸਿੱਧ ਹੈ ਪਰ ਇਸ ਆਮ ਕਰ ਕੇ ਖਾਣ ਪੀਣ ਤਕ ਹੀ ਸੀਮਤ ਹੈ। ਪੰਜਾਬੀਆਂ ਦਾ ਖੁੱਲ੍ਹਾ ਡੁੱਲ੍ਹਾ ਸੁਭਾਅ ਹੋਣ ਕਰ ਕੇ ਸਲੀਕੇ ਦੀ ਘਾਟ ਹੈ। ਸੈਰ ਸਪਾਟਾ ਜਦੋਂ ਸਨਅਤ ਬਣ ਜਾਂਦੀ ਹੈ ਤਾਂ ਗੈਰ-ਰਸਮੀ ਦੀ ਥਾਂ ਰਸਮੀ ਆਉ-ਭਗਤ ਦੀ ਲੋੜ ਪੈਂਦੀ ਹੈ। ਸੈਲਾਨੀਆਂ ਦਾ ਇਸ ਢੰਗ ਨਾਲ ਸਵਾਗਤ ਕੀਤਾ ਜਾਵੇ ਕਿ ਉਹ ਆਪਣੇ ਆਪ ਨੂੰ ਮਹੱਤਵਪੂਰਨ ਜੀਅ ਮਹਿਸੂਸ ਕਰਨ। ਸਲੀਕੇ ਦੇ ਨਾਲ ਨਾਲ ਸਫ਼ਾਈ ਅਤੇ ਸਾਂਭ ਸੰਭਾਲ ਦੀ ਵੀ ਵਿਸ਼ੇਸ਼ ਮਹੱਤਤਾ ਹੈ। ਪੰਜਾਬ ਵਿਚ ਦੂਜੇ ਸੂਬਿਆਂ ਦੇ ਮੁਕਾਬਲੇ ਗਰੀਬੀ ਘਟ ਹੈ। ਪਿੰਡਾ ਅਤੇ ਸ਼ਹਿਰਾਂ ਦੇ ਨੇੜਿਉਂ ਲੰਘਦਿਆਂ ਖੁਸ਼ਹਾਲੀ ਨਜ਼ਰ ਆਉਂਦੀ ਹੈ ਪਰ ਸਾਡੀਆਂ ਦਰਸ਼ਨੀ ਥਾਵਾਂ ਨੇੜੇ ਸਫਾਈ ਦੀ ਘਾਟ ਹੈ। ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਹਨ। ਇਨ੍ਹਾਂ ਦੀ ਯਾਤਰਾ ਲਈ ਰੋਜ਼ਾਨਾ ਕੇਵਲ ਸਿੱਖ ਹੀ ਨਹੀਂ, ਹੋਰ ਲੋਕ ਵੀ ਵੱਡੀ ਗਿਣਤੀ ਵਿਚ ਆਉਂਦੇ ਹਨ ਪਰ ਇਨ੍ਹਾਂ ਪਵਿੱਤਰ ਸਥਾਨਾਂ ਨੂੰ ਜਾਣ ਵਾਲੇ ਰਾਹਾਂ ਵਿਚ ਲੋੜੀਂਦੀ ਸੁੰਦਰਤਾ ਦਿਖਾਈ ਨਹੀਂ ਦਿੰਦੀ। ਇਨ੍ਹਾਂ ਰਾਹਾਂ ਨੂੰ ਸੁੰਦਰ ਫੁੱਲਾਂ ਵਾਲੇ ਰੁੱਖ ਬੂਟਿਆਂ ਅਤੇ ਗੁਰਬਾਣੀ ਦੇ ਸ਼ਬਦਾਂ ਨਾਲ ਸਜਾਇਆ ਜਾਵੇ।
ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਵਸੇ ਹੋਏ ਹਨ। ਉਹ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਯਤਨ ਕਰਦੇ ਹਨ। ਸਾਫ ਸੁਥਰੇ ਮਾਹੌਲ ਵਿਚ ਪਲੇ ਇਨ੍ਹਾਂ ਬੱਚਿਆਂ ਨੂੰ ਜੇ ਰੁਖੇਪਣ ਅਤੇ ਗੰਦਗੀ ਦਾ ਸਾਹਮਣਾ ਕਰਨਾ ਪਾਵੇ ਤਾਂ ਉਹ ਆਪਣੇ ਵਿਰਸੇ ਨਾਲ ਜੁੜਨ ਦੀ ਥਾਂ ਦੂਰ ਹੋਣਗੇ। ਸੈਰ ਸਪਾਟੇ ਦੀ ਸਫਲਤਾ ਲਈ ਵਧੀਆ ਗਾਈਡ ਦਾ ਹੋਣਾ ਵੀ ਜ਼ਰੂਰੀ ਹੈ। ਗਾਈਡ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਆਪਣੀਆਂ ਗੱਲਾਂ ਨਾਲ ਸੈਲਾਨੀਆਂ ਦਾ ਮਨ ਵੀ ਪਰਚਾਈ ਜਾਵੇ ਅਤੇ ਲੋੜੀਂਦੀ ਜਾਣਕਾਰੀ ਵੀ ਦੇ ਸਕੇ। ਉਸ ਦੀ ਗਲਬਾਤ ਦਾ ਸਲੀਕਾ ਪ੍ਰਭਾਵਸ਼ਾਲੀ ਅਤੇ ਗਿਆਨ ਭਰਪੂਰ ਹੋਣਾ ਚਾਹੀਦਾ ਹੈ। ਸੈਰ ਸਪਾਟੇ ਦੇ ਵਿਕਾਸ ਲਈ ਸੈਰ ਸਪਾਟਾ ਪੈਕੇਜ ਬਣਾਏ ਜਾਣ। ਇਹ ਪੈਕੇਜ ਇਕ ਦਿਨ ਦੇ ਪ੍ਰੋਗਰਾਮ ਨੂੰ ਲੈ ਕੇ ਇਕ ਹਫ਼ਤੇ ਜਾਂ ਪੰਦਰਾਂ ਦਿਨਾਂ ਦੇ ਹੋ ਸਕਦੇ ਹਨ। ਇਹ ਪੱਕਾ ਕੀਤਾ ਜਾਵੇ ਕਿ ਸੈਲਾਨੀਆਂ ਨੂੰ ਸਾਫ ਸੁਥਰੀਆਂ ਗੱਡੀਆਂ ਰਾਹੀਂ ਸਾਫ ਸੁਥਰੇ ਹੋਟਲਾਂ ਵਿਚ ਠਹਿਰਾ ਕੇ ਸ਼ੁੱਧ ਭੋਜਨ ਦਾ ਪ੍ਰਬੰਧ ਕੀਤਾ ਜਾਵੇ। ਸੈਰ ਸਪਾਟਾ ਪੈਕੇਜਾਂ ਬਾਰੇ ਸਚਿੱਤਰ ਕਿਤਾਬਚੇ ਛਾਪੇ ਜਾਣ ਅਤੇ ਇਨ੍ਹਾਂ ਦਾ ਦੇਸ਼ ਅਤੇ ਪ੍ਰਦੇਸ਼ਾਂ ਵਿਚ ਪ੍ਰਚਾਰ ਕੀਤਾ ਜਾਵੇ। ਪੰਜਾਬ ਦੀ ਖੂਬਸੂਰਤੀ ਅਤੇ ਇਥੋਂ ਦੇ ਉਤਪਾਦਾਂ ਦਾ ਪ੍ਰਚਾਰ ਕੀਤਾ ਜਾਵੇ।
ਸੰਪਰਕ: 94170-87328

Advertisement

Advertisement
Advertisement
Author Image

joginder kumar

View all posts

Advertisement