For the best experience, open
https://m.punjabitribuneonline.com
on your mobile browser.
Advertisement

ਕਸ਼ਮੀਰ ਘਾਟੀ ਦੀ ਸੈਰ

11:45 AM Apr 21, 2024 IST
ਕਸ਼ਮੀਰ ਘਾਟੀ ਦੀ ਸੈਰ
ਘੜੀ ਦੀਆਂ ਸੂਈਆਂ ਦੇ ਰੁਖ਼ ਫੋਟੋ: ਲੇਖਕ
Advertisement

ਯਸ਼ਪਾਲ ਮਾਨਵੀ

Advertisement

ਕਸ਼ਮੀਰ ਬਾਰੇ ਅਮੀਰ ਖੁਸਰੋ ਨੇ ਕਿਹਾ ਸੀ: ਜੇ ਧਰਤੀ ’ਤੇ ਕੋਈ ਸਵਰਗ ਹੈ ਤਾਂ ਇਹੀ ਹੈ। 2012 ਵਿੱਚ ਕੰਨਿਆਕੁਮਾਰੀ ਜਾਣ ਉਪਰੰਤ 1 ਤੋਂ 7 ਅਪਰੈਲ 2024 ਵਿੱਚ ਕਸ਼ਮੀਰ ਘਾਟੀ ਦੀਆਂ ਬਰਫ਼ ਲੱਦੀਆਂ ਚੋਟੀਆਂ ਤੱਕ ਘੁੰਮ ਕੇ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਆਪਣਾ ਦੇਸ਼ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇਖ ਲਿਆ ਹੈ। ਪੂਰਬ ਵਿੱਚ ਮਨੀਪੁਰ ਤੋਂ ਲੈ ਕੇ ਰਾਜਸਥਾਨ ਦੇ ਜੈਸਲਮੇਰ ਤੱਕ ਪਹਿਲਾਂ ਦੇਸ਼ ਦੇ ਵੱਖ ਵੱਖ ਹਿੱਸੇ ਦੇਖ ਚੁੱਕੇ ਹਾਂ। ਬਚਪਨ ਤੋਂ ਸੁਣਦੇ ਆ ਰਹੇ ਸੀ ਕਿ ਕਸ਼ਮੀਰ ਖ਼ੁਦਾ ਦੀ ਬਣਾਈ ਜੰਨਤ ਹੈ। ਹੁਣ ਕੁਦਰਤ ਦੀ ਅਮੀਰੀ ਨਾਲ ਭਰੀ ਇਸ ਵਾਦੀ ਨੂੰ ਸ਼ਹਿਰੀਕਰਨ ਅਤੇ ਸੂਚਨਾ ਤਕਨਾਲੋਜੀ ਦੇ ਦੌਰ ਵਿੱਚ ਦੇਖਣ ਦਾ ਮੌਕਾ ਮਿਲਿਆ ਹੈ। ਭਾਈ ਵੀਰ ਸਿੰਘ ਜਦੋਂ ਕਸ਼ਮੀਰ ਗਏ ਤਾਂ ਇੱਕ ਚਸ਼ਮੇ ਨਾਲ ਸਵਾਲ ਜਵਾਬ ਕਰਦੇ ਸਮੇਂ ਹੀ ਉਨ੍ਹਾਂ ਦੇ ਅੰਦਰੋਂ ਇਹ ਅਮਰ ਕਵਿਤਾ ਫੁੱਟੀ ਸੀ: ‘ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਅਰਾਮ ਨਹੀਂ ਬਹਿੰਦੇ...।’ ਕਸ਼ਮੀਰ ਦਾ ਅਨੁਭਵ ਉਨ੍ਹਾਂ ਮਟਕ ਹੁਲਾਰੇ ਕਾਵਿ ਸੰਗ੍ਰਹਿ ਵਿੱਚ ਦਿੱਤਾ ਹੈ।
ਚੰਡੀਗੜ੍ਹ ਤੋਂ ਸ੍ਰੀਨਗਰ ਦਾ 567 ਕਿਲੋਮੀਟਰ ਰਸਤਾ ਕਾਰ ਰਾਹੀਂ 13 ਘੰਟਿਆਂ ਵਿੱਚ ਤੈਅ ਕੀਤਾ ਜਾ ਸਕਦਾ ਹੈ। 416 ਕਿਲੋਮੀਟਰ ਦਾ ਹਵਾਈ ਸਫ਼ਰ ਮਹਿਜ਼ ਡੇਢ ਘੰਟੇ ਵਿੱਚ ਤੈਅ ਹੋ ਜਾਂਦਾ ਹੈ। ਅਸੀਂ ਚੰਡੀਗੜ੍ਹ ਤੋਂ ਸਵੇਰੇ ਹੀ ਹਵਾਈ ਰਸਤੇ ਦੁਪਹਿਰ ਤੋਂ ਪਹਿਲਾਂ ਸ੍ਰੀਨਗਰ ਪਹੁੰਚ ਗਏ। ਹਵਾਈ ਜਹਾਜ਼ ਦੀ ਖਿੜਕੀ ਵਿੱਚੋਂ ਤੱਕਦਿਆਂ ਬਰਫ਼ ਲੱਦੀਆਂ ਦੁੱਧ ਚਿੱਟੀਆਂ ਪਹਾੜੀਆਂ ਦਾ ਦ੍ਰਿਸ਼ ਮਨ ਨੂੰ ਮੋਹ ਲੈਂਦਾ ਹੈ। ਦੂਰ-ਦੁਰਾਡੇ ਦੀ ਨਵੀਂ ਥਾਂ ’ਤੇ ਜਾ ਕੇ ਉੱਥੋਂ ਦੀ ਵੱਖਰੀ ਬਨਸਪਤੀ ਅਤੇ ਵੱਖਰੇ ਸੱਭਿਆਚਾਰ ਕਾਰਨ ਮਨ ’ਚ ਨਵਾਂ ਅਹਿਸਾਸ ਜਾਗਦਾ ਹੈ। ਪਹਿਲੀ ਰਾਤ ਡਲ ਝੀਲ ’ਤੇ ਸਥਿਤ ਹਾਊਸਬੋਟ ਵਿੱਚ ਗੁਜ਼ਾਰਨੀ ਸੀ। ਹਵਾਈ ਅੱਡੇ ਤੋਂ ਸਿੱਧਾ ਡਲ ਝੀਲ ਦੇ ਘਾਟ ਨੰਬਰ 13 ਉੱਤੇ ਪਹੁੰਚ ਗਏ। ਸ਼ਿਕਾਰੇ ਵਿੱਚ ਸਾਮਾਨ ਰੱਖਣ ਉਪਰੰਤ ਸ਼ਿਕਾਰਾ ਸਾਨੂੰ ਝੀਲ ਦੇ ਦੂਜੇ ਪਾਸੇ ਕਿਨਾਰੇ ’ਤੇ ਬਣੇ ਹਾਊਸਬੋਟ ਵਿੱਚ ਲੈ ਗਿਆ। ਸ਼ਿਕਾਰਾ ਡਲ ਝੀਲ ਦੇ ਪਾਣੀ ਉੱਤੇ ਚੱਲਿਆ ਤਾਂ ਪਿਕਨਿਕ ਵਰਗਾ ਆਨੰਦ ਆਇਆ। ਹਾਊਸਬੋਟ ਵਿੱਚ ਜਾਣ ਤੋਂ ਪਹਿਲਾਂ ਸ੍ਰੀਨਗਰ ਅਤੇ ਡਲ ਝੀਲ ਬਾਰੇ ਕੁਝ ਜਾਣਕਾਰੀ ਟੂਰ ਦੇ ਮਜ਼ੇ ਵਿੱਚ ਵਾਧਾ ਕਰਦੀ ਹੈ। ਪਹਿਲੀ ਗੱਲ ਤਾਂ ਇਸ ਦੇ ਨਾਂ ਸਬੰਧੀ ਹੀ ਹੈ। ਕਸ਼ਮੀਰੀ ਭਾਸ਼ਾ ਵਿੱਚ ਡਲ ਦਾ ਅਰਥ ਹੀ ਝੀਲ ਹੁੰਦਾ ਹੈ। ਇਸ ਤਰ੍ਹਾਂ ‘ਡਲ ਝੀਲ’ ਸਹੂਲਤ ਲਈ ਬਣਿਆ ਨਾਂ ਬਣ ਗਿਆ ਹੈ। ਕਸ਼ਮੀਰ ਦੇ ਕੇਂਦਰ ਵਿੱਚ ਵਸਿਆ ਸ੍ਰੀਨਗਰ ਕੇਂਦਰੀ ਸਾਸ਼ਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਹੈ। ਸ੍ਰੀਨਗਰ ਜਿਹਲਮ ਦਰਿਆ ਦੇ ਕਿਨਾਰਿਆਂ ਦੇ ਦੋਵਾਂ ਪਾਸਿਆਂ ਉੱਤੇ ਵਸਿਆ ਸ਼ਹਿਰ ਹੈ ਜਿਹੜਾ ਚਾਰ ਜ਼ਿਲ੍ਹਿਆਂ ਅਤੇ ਲੱਦਾਖ ਨਾਲ ਘਿਰਿਆ ਹੋਇਆ ਹੈ। ਸਮੁੰਦਰ ਤਲ ਤੋਂ ਇਸ ਦੀ ਉਚਾਈ 1585 ਮੀਟਰ ਹੈ। ਇਸ ਦੇ ਕਿਨਾਰੇ ਉੱਤੇ ਹੀ ਪ੍ਰਸਿੱਧ ਸ਼ਾਲੀਮਾਰ ਅਤੇ ਨਿਸ਼ਾਤ ਬਾਗ਼ ਸਥਿਤ ਹਨ। ਇਨ੍ਹਾਂ ਦੇ ਇੱਕ ਪਾਸੇ ਪਹਾੜ ਹਨ ਤੇ ਦੂਜੇ ਪਾਸੇ ਡਲ ਝੀਲ। ਇਹ ਇਨ੍ਹਾਂ ਬਾਗ਼ਾਂ ਨੂੰ ਨਿਵੇਕਲੀ ਦਿੱਖ ਪ੍ਰਦਾਨ ਕਰਦੇ ਹਨ। ਝੀਲ ਦੇ ਕਿਨਾਰੇ ਦੀ ਲੰਬਾਈ 15.5 ਕਿਲੋਮੀਟਰ ਹੈ। ਝੀਲ ਵਪਾਰਕ ਕਾਰੋਬਾਰ, ਮੱਛੀ ਫੜਨ ਅਤੇ ਪਾਣੀ ਦੇ ਪੌਦਿਆਂ ਦੀ ਖੇਤੀ ਦਾ ਵੀ ਵੱਡਾ ਸਾਧਨ ਹੈ। ਇਸ ਦਾ ਖੇਤਰਫਲ ਤਕਰੀਬਨ 18 ਵਰਗ ਕਿਲੋਮੀਟਰ ਹੈ। ਹਾਊਸਬੋਟ ਵਿੱਚ ਜਾ ਕੇ ਝੀਲ ਦਾ ਨਜ਼ਾਰਾ ਇਉਂ ਲੱਗਦਾ ਸੀ ਜਿਵੇਂ ਸ਼ਿਕਾਰਿਆਂ ਦਾ ਮੇਲਾ ਲੱਗਿਆ ਹੋਵੇ। ਸ਼ਿਕਾਰੇ ਵਿੱਚ ਕੋਈ ਕਸ਼ਮੀਰੀ ਕਾਹਵਾ ਪਿਲਾ ਰਿਹਾ ਸੀ, ਕੋਈ ਸ਼ਿੰਗਾਰ ਦਾ ਸਾਮਾਨ ਵੇਚ ਰਿਹਾ ਸੀ। ਹਾਊਸਬੋਟ ਮੁਕੰਮਲ ਰੂਪ ਵਿੱਚ ਲੱਕੜ ਦੀ ਬਣੀ ਹੁੰਦੀ ਹੈ ਅਤੇ ਸਾਰੀ ਉੱਤੇ ਕਾਲੀਨ ਵਿਛੇ ਹੁੰਦੇ ਹਨ। ਕਮਰੇ ਵਿੱਚ ਬੈੱਡ ਸਜਾਏ ਹੋਏ ਸਨ। ਕਮਰੇ ਸਹੂਲਤਾਂ ਨਾਲ ਭਰਪੂਰ ਹਨ। ਜਦੋਂ ਕੋਈ ਤੁਰਦਾ ਹੈ ਤਾਂ ਠੱਕ ਠੱਕ ਦੀ ਆਵਾਜ਼ ਆਉਂਦੀ ਹੈ। ਥੋੜ੍ਹਾ ਆਰਾਮ ਕਰਨ ਪਿੱਛੋਂ ਸ਼ਿਕਾਰੇ ਵਾਲਾ ਸੱਦਾ ਦੇ ਰਿਹਾ ਸੀ ਕਿ ਛੇਤੀ ਕਰੋ! ਤੁਹਾਨੂੰ ਝੀਲ ਵਿੱਚ ਘੁਮਾ ਕੇ ਲਿਆਉਣਾ ਹੈ।

ਡੱਲ ਝੀਲ ਵਿੱਚ ਤੈਰਦੇ ਸ਼ਿਕਾਰੇ ਅਤੇ ਇਸ ਵਿੱਚ ਬਣੇ ਹਾਊਸਬੋਟ; ਅਤੇ ਹੇਠਾਂ ਮੰਦਰ ਦੀ ਕੰਧ ’ਚ ਖੁਣੇ ਗ੍ਰਹਿ। ਫੋਟੋ: ਲੇਖਕ

ਜਿਉਂ ਹੀ ਝੀਲ ਵਿੱਚ ਠਿੱਲ ਪਏ ਤਾਂ ਸ਼ਿਕਾਰਿਆਂ ਵਿੱਚ ਬੈਠ ਕੇ ਦੁਕਾਨਦਾਰ ਸੈਲਾਨੀਆਂ ਨੂੰ ਆਪਣਾ ਸਾਮਾਨ ਵੇਚਣ ਲਈ ਭਮੱਕੜਾਂ ਵਾਂਗ ਪੈਂਦੇ ਹਨ। ਝੀਲ ਦੀ ਠੰਢੀ ਹਵਾ ਦੁਨੀਆ ਦੀ ਚਿੰਤਾ ਤੋਂ ਮੁਕਤ ਕਰਦੀ ਲੱਗਦੀ ਸੀ ਪਰ ਜਿਉਂ ਹੀ ਸ਼ਿਕਾਰਾ ਝੀਲ ਦੇ ਅੰਦਰ ਮੀਨਾ ਬਾਜ਼ਾਰ ਜਾਂ ਤੈਰਦੇ ਬਾਜ਼ਾਰ ਵਿੱਚ ਵੜਿਆ ਤਾਂ ਹੈਰਾਨੀ ਦੀ ਹੱਦ ਨਾ ਰਹੀ। ਜਿਸ ਦੁਕਾਨ ਵਿੱਚ ਕੋਈ ਜਾਣਾ ਚਾਹੇ, ਸ਼ਿਕਾਰਾ ਚਾਲਕ ਉਸੇ ਜਗ੍ਹਾ ਉਸ ਨੂੰ ਠੇਲ ਦਿੰਦਾ ਹੈ। ਤੁਸੀਂ ਮੌਜ ਮਸਤੀ ਦੇ ਮੂਡ ਵਿੱਚ ਬਸਤਰ, ਸੁੱਕੇ ਮੇਵੇ, ਲੌਂਗ ਇਲਾਇਚੀਆਂ ਦੀਆਂ ਦੁਕਾਨਾਂ ਵਿੱਚ ਜਾ ਸਕਦੇ ਹੋ। ਖਰੀਦਦਾਰੀ ਕਰਨੀ ਵੀ ਇੱਕ ਨਸ਼ਾ ਹੈ। ਜੇਬ ਭਰੀ ਹੋਵੇ ਤਾਂ ਖਰੀਦਦਾਰੀ ਦਾ ਆਨੰਦ ਮਾਣਿਆ ਜਾ ਸਕਦਾ ਹੈ।
ਦੂਜਾ ਦਿਨ ਕਾਫ਼ੀ ਮੁਸ਼ੱਕਤ ਵਾਲਾ ਸੀ। ਸਭ ਤੋਂ ਪਹਿਲਾਂ ਸ਼ੰਕਰਾਚਾਰੀਆ ਮੰਦਰ ਦੇਖਿਆ। ਇਸ ਦੀਆਂ 272 ਪੌੜੀਆਂ ਵਿੱਚੋਂ ਕੁਝ ਕਾਫ਼ੀ ਉੱਚੀਆਂ ਹਨ। ਬਜ਼ੁਰਗ ਅਤੇ ਗੋਡੇ ਮੋਢਿਆਂ ਤੋਂ ਤੰਗ ਵਿਅਕਤੀ ਹੰਭ ਜਾਂਦੇ ਹਨ। ਭਗਵਾਨ ਸ਼ਿਵ ਜੀ ਦਾ ਇਹ ਮੰਦਰ ਸ੍ਰੀਨਗਰ ਸ਼ਹਿਰ ਦੇ ਫ਼ਰਸ਼ ਤੋਂ 1100 ਫੁੱਟ ਉੱਚਾ ਹੋਣ ਕਾਰਨ ਇੱਥੋਂ ਡੱਲ ਝੀਲ ਸਮੇਤ ਸਾਰਾ ਸ਼ਹਿਰ ਦੇਖਿਆ ਜਾ ਸਕਦਾ ਹੈ। ਮੌਜੂਦਾ ਮੰਦਰ ਦੀ ਇਮਾਰਤ ਨੌਵੀਂ ਸਦੀ ਦਾ ਹੋਣ ਦੀ ਸਾਖੀ ਭਰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇਸ ਵਿੱਚ ਖ਼ੂਬ ਰੌਣਕ ਲੱਗਦੀ ਰਹੀ।
ਇਸ ਮਗਰੋਂ ਅਸੀਂ ਸ੍ਰੀਨਗਰ ਦਾ ਬਸੰਤ ਰੁੱਤ ਦਾ ਗਹਿਣਾ ਟਿਊਲਿਪ ਗਾਰਡਨ ਦੇਖਿਆ। ਸੁਰੱਖਿਆ ਕਰਮੀਆਂ ਦੀ ਹਾਜ਼ਰੀ ਵੀ ਨਜ਼ਰ ਆਈ ਅਤੇ ਲੋਕਾਂ ਦਾ ਹੜ੍ਹ ਵੀ। ਜਿਉਂ ਹੀ ਪਹਾੜ ਦੇ ਪਿਛੋਕੜ ਵਿੱਚ ਇਸ ਬਾਗ਼ ਅੰਦਰ ਦਾਖ਼ਲ ਹੋਏ ਤਾਂ ਕੁਦਰਤ ਦੇ ਰੰਗਾਂ ਦੀ ਠਾਠ ਅਤੇ ਕੁਦਰਤ ਦੀ ਵਿਲੱਖਣ ਸ਼ਕਤੀ ਦਾ ਅਹਿਸਾਸ ਹੋਇਆ। ਲੋਕ ਆਪਣੀ ਇਸ ਸੁਹਜ ਭਰੀ ਯਾਦ ਨੂੰ ਤਾਜ਼ਾਦਮ ਰੱਖਣ ਲਈ ਵਿੰਗ-ਤੜਿੰਗੇ ਹੋ ਕੇ ਆਪਣੇ ਬਿੰਬਾਂ ਨੂੰ ਮੋਬਾਈਲ ਵਿੱਚ ਕੈਦ ਕਰਨ ਲੱਗੇ ਹੋਏ ਸਨ। ਫੁੱਲਾਂ ਦੀਆਂ ਕਿਆਰੀਆਂ ਦੀ ਤਰਤੀਬ ਲੈਅ ਨੂੰ ਜਨਮ ਦੇ ਰਹੀ ਸੀ ਜਿਵੇਂ ਸੰਗੀਤ ਦੇ ਸੁਰ ਹੋਣ। ਇਕਸਾਰਤਾ ਖਿੱਚ ਭਰਪੂਰ ਸੀ ਹਾਲਾਂਕਿ ਰੰਗ ਭਿੰਨ ਭਿੰਨ ਸਨ।


ਹੁਣ ਵਾਰੀ ਸੀ ਕੇਸਰ ਦੀ ਖੇਤੀ ਵਾਲੇ ਇਲਾਕੇ ਨੂੰ ਦੇਖਣ ਦੀ। ਪੁਲਵਾਮਾ ਜ਼ਿਲ੍ਹੇ ਦੀ ਪਮਪੋਰ ਤਹਿਸੀਲ ਵਿੱਚ ਇਸ ਦੀ ਖੇਤੀ ਹੁੰਦੀ ਹੈ ਜੋ ਸ੍ਰੀਨਗਰ ਤੋਂ ਮਹਿਜ਼ 13 ਕਿਲੋਮੀਟਰ ਦੂਰ ਹੈ। ਹੈਰਾਨੀ ਹੋਵੇਗੀ ਕਿ ਇਸ ਦੀ ਖੇਤੀ ਅਕਤੂਬਰ ਦੇ ਮੱਧ ਤੋਂ ਲੈ ਕੇ ਨਵੰਬਰ ਦੇ ਮੱਧ ਤੱਕ ਹੁੰਦੀ ਹੈ। ਅਪਰੈਲ ਮਹੀਨੇ ਇਨ੍ਹਾਂ ਖੇਤਾਂ ਵਿੱਚ ਪੀਲੇ ਰੰਗ ਦੀ ਸਰ੍ਹੋਂ ਦੀ ਭਰਪੂਰ ਫ਼ਸਲ ਖੜ੍ਹੀ ਸੀ। ਕੇਸਰ ਦਾ ਬੀਜ ਰੂਪ ਲਸਣ ਦੀ ਗੱਠੀ ਵਰਗਾ ਹੁੰਦਾ ਹੈ ਜਿਹੜਾ ਦਸ ਸਾਲ ਤੱਕ ਕੇਸਰ ਦੇ ਫੁੱਲਾਂ ਨੂੰ ਖਿੜਾਉਂਦਾ ਰਹਿੰਦਾ ਹੈ। ਇਸ ਦੇ ਫੁੱਲ ਜਾਮਣੀ ਅਤੇ ਖ਼ੁਸ਼ਬੂਦਾਰ ਹੁੰਦੇ ਹਨ। ਇਨ੍ਹਾਂ ਨੂੰ ਹੱਥਾਂ ਨਾਲ ਹੀ ਸਾਵਧਾਨੀ ਨਾਲ ਤੋੜਨਾ ਪੈਂਦਾ ਹੈ। ਇਹ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ ਹੈ। ਹਜ਼ਾਰਾਂ ਫ਼ੁੱਲਾਂ ਵਿੱਚੋਂ ਸਿਰਫ਼ ਕੁਝ ਗਰਾਮ ਕੇਸਰ ਹੀ ਨਿਕਲਦਾ ਹੈ। ਇਸੇ ਕਰ ਕੇ ਇਸ ਦੀ ਖੇਤੀ ਨੂੰ ਸੋਨੇ ਦੀ ਖੇਤੀ ਕਹਿੰਦੇ ਹਨ। ਸਭ ਤੋਂ ਵਧੀਆ ਕੇਸਰ ਗੂੜ੍ਹਾ ਲਾਲ ਅਤੇ ਸ਼ਹਿਦ ਵਰਗੀ ਖ਼ੁਸ਼ਬੂ ਦਿੰਦਾ ਹੈ। ਸੈਲਾਨੀਆਂ ਨੂੰ ਖਰੀਦ ਕਰਨ ਲਈ ਉਤਸ਼ਾਹਿਤ ਕਰਨ ਲਈ ਕੇਸਰ ਤੇ ਸੁੱਕੇ ਮੇਵਿਆਂ ਦੇ ਵਪਾਰੀ ਟੂਰ ਕੰਪਨੀਆਂ ਨਾਲ ਤਾਲਮੇਲ ਰੱਖਦੇ ਹਨ। ਸਾਨੂੰ ਖੇਤ ਦਿਖਾ ਕੇ ਉਹ ਆਧੁਨਿਕ ਸਹੂਲਤਾਂ ਨਾਲ ਭਰਪੂਰ ਦੁਕਾਨ ’ਤੇ ਲੈ ਗਏ ਜਿੱਥੇ ਕੇਸਰ ਦੀ ਖੇਤੀ ਬਾਰੇ ਵਾਹਵਾ ਜਾਣਕਾਰੀ ਸਾਇੰਸ ਦੇ ਪ੍ਰਯੋਗ ਵਾਂਗ ਦਿੱਤੀ ਗਈ। ਗਾਹਕ ਨੂੰ ਆਪਣਾ ਬਣਾਉਣ ਲਈ ਸ਼ਹਿਦ ਤੇ ਬਦਾਮਾਂ ਦੇ ਟੁਕੜਿਆਂ ਨਾਲ ਤਿਆਰ ਕੀਤਾ ਕਾਹਵਾ ਵੀ ਪਿਲਾਉਂਦੇ ਹਨ। ਇਸ ਦਾ ਮਿੱਠਾ ਕਾਫ਼ੀ ਤੇਜ਼ ਹੁੰਦਾ ਹੈ। ਮਾਹੌਲ ਅਨੁਸਾਰ ਸੈਲਾਨੀ ਕੁਝ ਨਾ ਕੁਝ ਖਰੀਦਣ ਲਈ ਮਜਬੂਰ ਹੋ ਹੀ ਜਾਂਦਾ ਹੈ। ਮਹਿਸੂਸ ਵੀ ਹੁੰਦਾ ਹੈ ਕਿ ਧਨ ਕਮਾਉਣ ਲਈ ਪਾਪੜ ਵੇਲਣੇ ਹੀ ਪੈਂਦੇ ਹਨ। ਦੁਕਾਨ ਵਿੱਚ ਕਸ਼ਮੀਰੀ ਕੁੜੀਆਂ ਨੂੰ ਕੰਮ ਕਰਦਿਆਂ ਦੇਖ ਕੇ ਬਹੁਤ ਖ਼ੁਸ਼ੀ ਹੋਈ। ਹੋਟਲ ਵਿੱਚ ਵੀ ਕੁੜੀਆਂ ਕੰਮ ਕਰਦੀਆਂ ਦੇਖੀਆਂ। ਉਸ ਦਿਨ ਦੇਖਣ ਦਾ ਆਖ਼ਰੀ ਟਿਕਾਣਾ ਪੁਲਵਾਮਾ ਜ਼ਿਲ੍ਹੇ ਵਿੱਚ ਅਵੰਤੀਪੁਰਾ ਦਾ ਖੰਡਰ ਬਣ ਚੁੱਕਿਆ ਮੰਦਰ ਸੀ। ਇਸ ਤਰ੍ਹਾਂ ਟੂਰ ਵਿੱਚ ਕੁਦਰਤ ਦੇ ਸਜੀਵ ਰੰਗਾਂ ਦੇ ਨਾਲ ਨਾਲ ਬੀਤੇ ਸਮੇਂ ਵਿੱਚ ਪਈ ਮਾਰ ਵੀ ਦੇਖਣ ਨੂੰ ਮਿਲਦੀ ਹੈ। 1200 ਸਾਲ ਪੁਰਾਣੇ ਮੰਦਰ ਦੀ ਅਹਿਮੀਅਤ ਦਾ ਤਾਂ ਹੀ ਪਤਾ ਲੱਗ ਸਕਦਾ ਹੈ ਜੇ ਕਸ਼ਮੀਰ ਦਾ ਇਤਿਹਾਸ ਪਤਾ ਹੋਵੇ। ਇਸ ਦੇ ਦੋ ਮੰਦਰ ਸ਼ਿਵ ਜੀ ਅਤੇ ਵਿਸ਼ਨੂੰ ਜੀ ਨੂੰ ਸਮਰਪਿਤ ਸਨ। ਇਹ ਅਵੰਤੀਵਰਮਨ ਰਾਜੇ ਨੇ ਨੌਵੀਂ ਸਦੀ ਈਸਵੀ ਵਿੱਚ ਬਣਵਾਏ ਸਨ। ਇਹ ਖੰਡਰ ਹੁਣ ਭਾਰਤੀ ਪੁਰਾਤੱਤਵ ਵਿਭਾਗ ਦੀ ਨਿਗਰਾਨੀ ਹੇਠ ਹਨ। ਇਹ ਦੇਖਣ ਤੋਂ ਬਾਅਦ ਪਹਿਲਗਾਮ ਦੇ ਹੋਟਲ ਵਿੱਚ ਜਾਣਾ ਸੀ ਜਿਸ ਬਾਰੇ ਪ੍ਰੋ. ਮੋਹਨ ਸਿੰਘ ਨੇ ‘ਕਸ਼ਮੀਰ’ ਕਵਿਤਾ ਵਿੱਚ ਕਿਹਾ ਹੈ: ਪਹਿਲਗਾਮ ਦੀ ਸੁੰਦਰ ਵਾਦੀ ਚੀਲਾਂ ਨਾਲ ਸ਼ਿੰਗਾਰੀ, ਦੋ ਨਦੀਆਂ ਰਲ ਵਹਿੰਦੀਆਂ ਜਿੱਥੇ, ਇੱਕ ਸੋਹਣੀ ਇੱਕ ਪਿਆਰੀ।
ਪਹਿਲਗਾਮ ਵਿਖੇ ਤਿੰਨ ਵਾਦੀਆਂ ਚੰਦਨਵਾੜੀ, ਬੇਤਾਬ ਵਾਦੀ ਅਤੇ ਅਰੂ ਵਾਦੀ ਦੇਖਣੀਆਂ ਸਨ। ਪਹਿਲਗਾਮ ਤੋਂ 13 ਕਿਲੋਮੀਟਰ ਦੀ ਦੂਰੀ ਉੱਤੇ ਚੰਦਨਵਾੜੀ ਵਾਦੀ ਸਥਿਤ ਹੈ। ਇਸ ਦੀ ਸਮੁੰਦਰ ਤਲ ਤੋਂ ਉਚਾਈ 2895 ਮੀਟਰ ਹੈ। ਸ੍ਰੀ ਅਮਰਨਾਥ ਯਾਤਰਾ ਲਈ ਇਹ ਮੁੱਖ ਦੁਆਰ ਹੈ। ਜਿਉਂ ਹੀ ਵਾਦੀ ਵਿੱਚ ਪਹੁੰਚੇ ਤਾਂ ਬਰਫ਼ ਦੀ ਚਾਦਰ ਨਾਲ ਢਕੀਆਂ ਪਹਾੜੀਆਂ ਨੇ ਸਾਡੇ ਮਨ ਨੂੰ ਮੋਹ ਲਿਆ। ਪੈਰਾਂ ਨਾਲ ਮਧੋਲੀ ਹੋਈ ਪਿਘਲੀ ਬਰਫ਼ ਉੱਤੇ ਸਾਵਧਾਨੀ ਨਾਲ ਚੱਲਣਾ ਪੈਂਦਾ ਹੈ। ਤਿਲ੍ਹਕਣ ਦਾ ਡਰ ਛਾਇਆ ਰਹਿੰਦਾ ਹੈ। ਕਸ਼ਮੀਰੀ ਮੁੰਡੇ ਆਪਣੇ ਕਬੂਤਰਾਂ ਅਤੇ ਖ਼ਰਗੋਸ਼ ਨੂੰ ਤੁਹਾਡੇ ਮੋਢੇ ਉੱਤੇ ਬਿਠਾ ਕੇ ਫੋਟੋ ਖਿਚਾਉਣ ਲਈ ਧੱਕਾ ਜਿਹਾ ਕਰਦੇ ਲੱਗਦੇ ਹਨ। ਮੌਜ ਮਸਤੀ ਦੇ ਮੂਡ ਵਿੱਚ ਹੋਣ ਕਾਰਨ ਬੰਦਾ ਜਵਾਬ ਨਹੀਂ ਦੇ ਸਕਦਾ। ਕਈ ਪੜਾਅ ਹੇਠਾਂ ਤੱਕ ਚੱਲ ਕੇ ਬਰਫ਼ ਨੂੰ ਮੁੱਠੀਆਂ ਵਿੱਚ ਭਰ ਕੇ ਇੱਕ ਦੂਜੇ ਉੱਤੇ ਮਾਰਨ ਦਾ ਮਜ਼ਾ ਵੀ ਲਿਆ। ਦਰਿਆ ਲਿੱਦਰ ਦੀ ਛਣਕਦੀ ਆਵਾਜ਼ ਤੱਕ ਜਾ ਕੇ ਅਤੇ ਉਸ ਦੀ ਵੀਡੀਓ ਬਣਾਉਣੀ ਅਜੋਕੀ ਤਕਨਾਲੋਜੀ ਦਾ ਸੁਹਜ ਸੁਆਦ ਹੈ। ਨਿਰਸੰਦੇਹ ਥਾਂ ਪੁਰ ਥਾਂ ਝਰਨੇ ਵਹਿੰਦੇ ਹਨ। ਚੰਦਨਵਾੜੀ ਤੋਂ ਪੈਦਲ 3-5 ਦਿਨਾਂ ਵਿੱਚ ਅਮਰਨਾਥ ਗੁਫ਼ਾ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਤੋਂ ਬਾਅਦ ਬੇਤਾਬ ਵਾਦੀ ਦੇਖੀ ਜਿਸ ਦਾ ਨਾਂ ਇੱਥੇ ਹਿੰਦੀ ਫਿਲਮ ਦੇ ਫਿਲਮਾਏ ਜਾਣ ਕਾਰਨ ਪਿਆ, ਪਹਿਲਾਂ ਇਸ ਦਾ ਨਾਂ ਹਜਨ ਵਾਦੀ ਸੀ। ਇੱਥੇ ਲਿੱਦਰ ਦਰਿਆ ਇੰਨਾ ਨੇੜੇ ਵਹਿੰਦਾ ਹੈ ਕਿ ਤੁਸੀਂ ਅਪਰੈਲ ਵਿੱਚ ਇਸ ਦੇ ਪਾਣੀ ਦੀ ਛੋਹ ਮਾਣ ਸਕਦੇ ਹੋ। ਇੱਕ ਜਗ੍ਹਾ ਬੱਕਰੀ ਐਨਕਾਂ ਲਾ ਕੇ ਤੁਹਾਡੇ ਮੋਢਿਆਂ ਉੱਤੇ ਪੈਰ ਰੱਖ ਲੈਂਦੀ ਹੈ। ਤੁਹਾਡੀ ਫੋਟੋ ਵਿੱਚ ਨਿਵੇਕਲਾ ਰੰਗ ਭਰਦੀ ਹੈ। ਰੁਜ਼ਗਾਰ ਲਈ ਮਨੁੱਖ ਕਿਹੜੀਆਂ ਕਾਢਾਂ ਨਹੀਂ ਕੱਢਦਾ? ਫਿਰ ਬੱਕਰੀ ਦਾ ਮਾਲਕ 50 ਰੁਪਏ ਵਸੂਲ ਲੈਂਦਾ ਹੈ। ਅੰਤ ਵਿੱਚ ਦੇਖੀ ਅਰੂ ਵਾਦੀ। ਇੱਥੇ ਭੇਡਾਂ ਬੱਕਰੀਆਂ ਪਾਲਣ ਵਾਲੇ ਆਜੜੀ ਅਕਸਰ ਦੇਖੇ ਜਾਂਦੇ ਹਨ। ਘੋੜਿਆਂ ਦੀ ਭਰਮਾਰ ਹੈ। ਜਿਵੇਂ ਮੈਦਾਨੀ ਇਲਾਕੇ ਹੁਣ ਕਾਰ ਬਿਨਾਂ ਨਹੀਂ ਰਹਿ ਸਕਦੇ, ਘੋੜੇ ਇੱਥੋਂ ਦਾ ਰੁਜ਼ਗਾਰ ਦਾ ਜ਼ਬਰਦਸਤ ਸਾਧਨ ਹਨ। ਗੁੱਜਰ ਤੇ ਬੱਕਰਵਾਲ ਭਾਈਚਾਰੇ ਇਸ ਇਲਾਕੇ ਵਿੱਚ ਰਹਿੰਦੇ ਹਨ। ਘੋੜਿਆਂ ਉੱਤੇ ਚੜ੍ਹ ਕੇ ਤੁਸੀਂ ਬਰਫ਼ਾਨੀ ਚੋਟੀਆਂ ਤੱਕ ਪਹੁੰਚ ਸਕਦੇ ਹੋ ਪਰ ਇਹ ਜੋਖ਼ਮ ਬੁੱਢੀ ਉਮਰੇ ਨਹੀਂ ਹੰਢਾਇਆ ਜਾ ਸਕਦਾ। ਤੀਜੇ ਦਿਨ ਨੇ ਥੋੜ੍ਹੀ ਰਾਹਤ ਦਿੱਤੀ। ਅੱਜ ਅੱਧੇ ਦਿਨ ਤੋਂ ਬਾਅਦ ਆਰਾਮ ਕੀਤਾ। ਦਰਅਸਲ, ਚੌਥੇ ਦਿਨ ਦੀ ਮੁਸ਼ੱਕਤ ਲਈ ਊਰਜਾ ਭਰਪੂਰ ਹੋਣਾ ਲੋੜੀਂਦਾ ਹੈ। ਇਹ ਟੂਰ ਦੀ ਤਰਤੀਬ ਦਾ ਅਹਿਮ ਤੱਤ ਹੈ। ਚੌਥਾ ਦਿਨ ਸੋਨਮਰਗ ਜਾਣ ਦਾ ਸੀ।
ਪਹਿਲਗਾਮ ਤੋਂ ਸੋਨਮਰਗ ਦਾ ਫ਼ਾਸਲਾ 168 ਕਿਲੋਮੀਟਰ ਚਾਰ ਘੰਟਿਆਂ ਵਿੱਚ ਤੈਅ ਹੁੰਦਾ ਹੈ। ਰਸਤੇ ਵਿੱਚ ਮਾਰਤੰਡ ਸੂਰਜ ਮੰਦਰ ਅਤੇ ਸ੍ਰੀਨਗਰ ਪੈਂਦਾ ਹੈ। ਜਾਂਦੇ ਜਾਂਦੇ ਹੀ ਕ੍ਰਿਕਟ ਦੇ ਬੈਟ ਬਣਾਉਣ ਵਾਲੀ ਫੈਕਟਰੀ ਦੇਖੀ। ਬਰਤਾਨੀਆ ਦੇ ਅੰਗਰੇਜ਼ ਇੱਥੋਂ ਦੇ ਬੈਟ ਨੂੰ ਤਰਜੀਹ ਦਿੰਦੇ ਹਨ। ਸੋਨਮਰਗ ਵਿਖੇ ਰਾਤ ਹੋਟਲ ਵਿੱਚ ਕੱਟ ਕੇ ਸਵੇਰੇ ਥਾਜੀਵਾਸ ਗਲੇਸ਼ੀਅਰ ਉੱਤੇ ਬਰਫ਼ ਉੱਤੇ ਚੱਲਣ ਵਾਲੇ ਮੋਟਰ ਸਾਈਕਲ ਉੱਤੇ ਸਵਾਰੀ ਦਾ ਆਨੰਦ ਮਾਣਿਆ। ਸਲੈਜ ਉੱਤੇ ਬੈਠ ਕੇ ਜਿਸ ਨੂੰ ਮਨੁੱਖ ਖਿੱਚਦਾ ਹੈ, ਬਰਫ਼ ਉੱਤੇ ਝੂਟੇ ਲਏ ਅਤੇ ਦੋ ਵਾਰੀ ਡਿੱਗੇ ਵੀ। ਸੱਟ ਬਿਲਕੁਲ ਨਹੀਂ ਲੱਗਦੀ ਕਿਉਂਕਿ ਬਰਫ਼ ਪੋਲੀ ਹੁੰਦੀ ਹੈ ਅਤੇ ਸਲੈਜ ਨੀਵੀਂ। ਉੱਥੇ ਖੜ੍ਹੇ ਯਾਕ ਉੱਤੇ ਚੜ੍ਹ ਕੇ ਫੋਟੋ ਖਿਚਵਾਈ। ਉਹ ਥੋੜ੍ਹਾ ਜਿਹਾ ਗੇੜਾ ਵੀ ਦਿੰਦਾ ਹੈ ਪਰ ਉਸ ਦੇ ਪੈਰ ਤਿੱਖੇ ਹੋਣ ਕਾਰਨ ਜਦ ਇੱਕ ਪੈਰ ਬਰਫ਼ ਵਿੱਚ ਖੁੱਭ ਗਿਆ ਤਾਂ ਸੰਤੁਲਨ ਵਿਗੜਨ ਕਾਰਨ ਅਸੀਂ ਕਈ ਫੁੱਟ ਦੀ ਉਚਾਈ ਤੋਂ ਧੜੰਮ ਡਿੱਗੇ। ਬਰਫ਼ ਨੇ ਸ਼ੌਕਰ ਦਾ ਕੰਮ ਕੀਤਾ ਅਤੇ ਰੱਤੀ ਭਰ ਵੀ ਸੱਟ ਨਹੀਂ ਮਹਿਸੂਸ ਹੋਈ। ਬਰਫ਼ ਉੱਤੇ ਚੱਲਣ ਵਾਲਾ ਮੋਟਰਸਾਈਕਲ ਤਾਂ ਇੰਜੀਨੀਅਰਿੰਗ ਦੀ ਕਮਾਲ ਹੈ। ਝਟਕੇ ਤਾਂ ਲੱਗਦੇ ਹਨ ਪਰ ਤਿਲ੍ਹਕਦਾ ਨਹੀਂ। ਅਪਰੈਲ ਦੇ ਪਹਿਲੇ ਹਫ਼ਤੇ ਸੋਨਮਰਗ ਵਿਖੇ ਬਰਫ਼ ਦੀਆਂ ਬਹੁਤ ਹੀ ਹਲਕੀਆਂ ਕਣੀਆਂ ਮੀਂਹ ਵਾਂਗ ਵਰ੍ਹਦੀਆਂ ਦੇਖੀਆਂ।
ਛੇਵੇਂ ਦਿਨ ਸ੍ਰੀਨਗਰ ਤੋਂ ਸਵੇਰੇ ਗੁਲਮਰਗ ਵੱਲ ਨੂੰ ਬਹੁਤ ਸਾਝਰੇ ਰਵਾਨਾ ਹੋ ਗਏ ਤਾਂ ਜੋ ਗੰਡੋਲਾ (ਰੋਪ ਵੇਅ, ਕੇਬਲ ਕਾਰ) ਰਾਹੀਂ ਬਰਫ਼ਾਨੀ ਚੋਟੀਆਂ ’ਤੇ ਸਹਿਜੇ ਜਾਇਆ ਜਾ ਸਕੇ। ਸ੍ਰੀਨਗਰ ਤੋਂ ਗੁਲਮਰਗ ਦਾ ਰਸਤਾ 51 ਕਿਲੋਮੀਟਰ ਹੈ। 38 ਕਿਲੋਮੀਟਰ ਮੈਦਾਨੀ ਵਰਗਾ ਅਤੇ 13 ਕਿਲੋਮੀਟਰ ਪਹਾੜੀ ਹੈ। ਪਹਾੜੀ ਰਸਤੇ ਉੱਤੇ ਕੁਦਰਤ ਦੇ ਨਜ਼ਾਰੇ ਅਤਿ ਸੁੰਦਰ ਹਨ। ਮੋਬਾਈਲ ਕੈਮਰਾ ਟੈਂਪੂ ਟਰੇਵਲਰ ਦੇ ਸ਼ੀਸ਼ੇ ਰਾਹੀਂ ਹੀ ਆਲੇ-ਦੁਆਲੇ ਨਜ਼ਾਰੇ ਕੈਦ ਕਰ ਲੈਂਦਾ ਹੈ ਤਾਂ ਜੋ ਇਨ੍ਹਾਂ ਨੂੰ ਬਾਅਦ ਵਿੱਚ ਆਸਾਨੀ ਜ਼ਿੰਦਾ ਕਰ ਸਕੇ। ਗੁਲਮਰਗ ਹੁਣ ਤੱਕ ਦੇਖੀਆਂ ਪਹਾੜੀਆਂ ਚੋਟੀਆਂ ਦਾ ਸਿਖਰ ਸੀ। ਬਰਫ਼ ’ਤੇ ਤੁਰਨ ਲਈ ਬੂਟ, ਜਾਕਟ ਲੈਣੇ ਪੈਂਦੇ ਹਨ। ਬੰਦਾ ਫ਼ੌਜੀਆਂ ਵਾਂਗ ਭਾਰਾ ਜਿਹਾ ਹੋ ਜਾਂਦਾ ਹੈ। ਗੰਡੋਲੇ ਤੱਕ ਜਾਣ ਲਈ ਫਿਰ ਲੋਕਲ ਗੱਡੀ ਕਰਨੀ ਪੈਂਦੀ ਹੈ। ਇਹ ਫ਼ਾਸਲਾ ਮਹਿਜ਼ 1.2 ਕਿਲੋਮੀਟਰ ਹੈ। ਅੱਧਾ ਕਿਲੋਮੀਟਰ ਲੰਮੀ ਕਤਾਰ ਦੇਖ ਕੇ ਬੰਦਾ ਸੋਚਦਾ ਹੈ ਯਾਰ ਪਤਾ ਨਹੀਂ ਕਦੋਂ ਵਾਰੀ ਆਵੇਗੀ ਪਰ ਤਾਂ ਵੀ ਇੱਕ ਘੰਟਾ ਘਿਸੜ ਘਿਸੜ ਕੇ ਚੱਲਣ ਵਾਂਗ ਗੰਡੋਲੇ ਵਿੱਚ ਬੈਠਣ ਲਈ ਵਾਰੀ ਆ ਹੀ ਗਈ। ਇੱਥੇ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਲੋੜੀਂਦਾ ਹੈ। ਗੰਡੋਲਾ ਚੱਲਦਾ ਹੈ ਤਾਂ ਬਰਫ਼ ਨਾਲ ਲੱਦੀਆਂ ਚੋਟੀਆਂ ਉੱਚੀਆਂ ਹੋਈ ਜਾਂਦੀਆਂ ਹਨ। ਇਸ ਦੇ ਦੋ ਪੜਾਅ ਹਨ। ਜਿਉਂ ਹੀ ਨਿਗ੍ਹਾ ਆਖਰੀ ਪੜਾਅ ਵੱਲ ਪੈਂਦੀ ਹੈ ਤਾਂ ਡਰ ਜਿਹਾ ਲੱਗਣ ਲੱਗਦਾ ਹੈ। ਮਨੁੱਖ ਨੇ ਇੰਨੀ ਉਚਾਈ ਤੱਕ ਵੀ ਇਹ ਸਹੂਲਤ ਪੈਦਾ ਕਰ ਦਿੱਤੀ ਹੈ। ਦੁਨੀਆ ਦੀ ਇਹ ਦੂਜੀ ਸਭ ਤੋਂ ਉੱਚੀ ਅਤੇ ਦੂਜੀ ਸਭ ਤੋਂ ਲੰਮੀ ਕੇਬਲ ਕਾਰ ਹੈ। ਇੱਕ ਘੰਟੇ ਵਿੱਚ 600 ਬੰਦੇ ਢੋਅ ਦਿੰਦੀ ਹੈ। ਜੰਮੂ ਕਸ਼ਮੀਰ ਸਰਕਾਰ ਅਤੇ ਫਰਾਂਸ ਦੀ ਕੰਪਨੀ ਦਾ ਸਾਂਝਾ ਉੱਦਮ ਹੈ। ਫੇਜ਼-1 ਦਾ ਰੂਟ ਗੁਲਮਰਗ ਤੋਂ ਕੋਂਗਦੂਰੀ ਤੱਕ (9-10 ਮਿੰਟ) ਅਤੇ ਦੂਜਾ ਕੋਂਗਦੂਰੀ ਤੋਂ ਅਫਰਵਾਤ ਚੋਟੀ ਤੱਕ (12-15 ਮਿੰਟ) ਹੈ। ਜੇ ਕਿਤੇ ਮੌਸਮ ਹਵਾ ਅਤੇ ਮੀਂਹ ਵਾਲਾ ਹੋ ਜਾਵੇ ਤਾਂ ਗੰਡੋਲਾ ਰੋਕ ਦਿੱਤਾ ਜਾਂਦਾ ਹੈ। ਉੱਚੀਆਂ ਚੋਟੀਆਂ ਉੱਤੇ ਮੌਸਮ ਦਾ ਪਤਾ ਨਹੀਂ ਲੱਗਦਾ। ਕੀ ਪਤਾ ਕਦ ਹਵਾ ਨਾਲ ਮੀਂਹ ਪੈਣ ਲੱਗ ਜਾਵੇ ਅਤੇ ਬਰਫ਼ ਵੀ ਪੈਣ ਲੱਗ ਜਾਂਦੀ ਹੈ ਜਦੋਂ ਸਰਦੀ ਹੁੰਦੀ ਹੈ।
ਸ੍ਰੀਨਗਰ ਦੇ ਦੋ ਦਿਨ ਸ਼ਾਮ ਦਾ ਵਕਤ ਕੱਢ ਕੇ ਦੋ ਮਸ਼ਹੂਰ ਮੁਗ਼ਲ ਬਾਗ਼ ਨਿਸ਼ਾਤ ਅਤੇ ਸ਼ਾਲੀਮਾਰ ਦੇਖੇ। ਇਨ੍ਹਾਂ ਬਾਰੇ ਇਤਿਹਾਸ ਦੇ ਪਿਛੋਕੜ ਵਿੱਚ ਜਾਣਕਾਰੀ ਲਾਹੇਵੰਦ ਹੋਵੇਗੀ। ਡੱਲ ਝੀਲ ਦੇ ਪੂਰਬੀ ਕੰਢੇ ਉੱਤੇ ਇਹ ਬਾਗ਼ ਇਸ ਕਦਰ ਸਥਿਤ ਹੈ ਕਿ ਇੱਕ ਪਾਸੇ ਜ਼ਬਰਵਨ ਪਹਾੜ, ਵਿਚਾਲੇ ਬਾਗ਼ ਅਤੇ ਦੂਜੇ ਪਾਸੇ ਝੀਲ ਦਾ ਨਜ਼ਾਰਾ ਨਿਵੇਕਲੀ ਦਿੱਖ ਪ੍ਰਦਾਨ ਕਰਦਾ ਹੈ। ਇਸ ਦੀ ਉਸਾਰੀ 1633 ਵਿੱਚ ਕੀਤੀ ਗਈ। ਹੈਰਾਨੀ ਤਾਂ ਇਸ ਦੀ ਕਰਨੀ ਬਣਦੀ ਹੈ ਕਿ ਚਾਰ ਸਦੀਆਂ ਲੰਘਣ ਦੇ ਬਾਵਜੂਦ ਇਸ ਦੀ ਦਿੱਖ ਰੁੱਖੀ ਰੁੱਖੀ ਨਹੀਂ ਲੱਗਦੀ। ਨਿਸ਼ਾਤ ਤੋਂ ਭਾਵ ਹੈ ਖ਼ੁਸ਼ੀ ਦਾ ਬਾਗ਼। ਇਹ ਬਾਰ੍ਹਾਂ ਪੜਾਵੀ ਬਾਗ਼ ਹੈ। ਦੂਜਾ ਹੈ ਸ਼ਾਲੀਮਾਰ ਬਾਗ਼। ਇਹ ਵੀ ਝੀਲ ਦੇ ਕਿਨਾਰੇ ਉੱਤੇ ਹੀ ਸਥਿਤ ਹੈ। ਇਹ ਬਾਗ਼ ਸਭ ਤੋਂ ਵੱਡਾ ਹੈ ਅਤੇ 1619 ਵਿੱਚ ਜਹਾਂਗੀਰ ਨੇ ਆਪਣੀ ਬੇਗ਼ਮ ਨੂਰਜਹਾਂ ਲਈ ਬਣਵਾਇਆ ਸੀ। ਗਰਮੀਆਂ ਵਿੱਚ ਜਹਾਂਗੀਰ ਦਾ ਪ੍ਰਸ਼ਾਸਨ ਤੇ ਰਿਹਾਇਸ਼ ਇੱਥੇ ਬਦਲ ਜਾਂਦੀ ਸੀ। ਇਹ ਤਿੰਨ ਪੜਾਵੀ ਬਾਗ਼ ਹੈ। ਸੈਂਕੜੇ ਫੁਹਾਰੇ ਲੱਗੇ ਹੋਏ ਹਨ। ਹੁਣ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਬਾਗ਼ ਸਾਹਮਣੇ ਕਾਫ਼ੀ ਵੱਡਾ ਬਾਜ਼ਾਰ ਹੈ ਜਿੱਥੇ ਸੈਲਾਨੀ ਯਾਦਗਾਰਾਂ ਖ਼ਰੀਦ ਸਕਦੇ ਹਨ।
ਖ਼ੁਸ਼ਕਿਸਮਤੀ ਇਹ ਰਹੀ ਕਿ ਕਿਤੇ ਵੀ ਮੌਸਮ ਦੇ ਵਿਰੋਧੀ ਮਿਜ਼ਾਜ ਨੇ ਟੂਰ ਦੇ ਮਜ਼ੇ ਵਿੱਚ ਕਾਂਜੀ ਨਹੀਂ ਘੋਲੀ। ਸ੍ਰੀਨਗਰ ਤੋਂ ਸ਼ੁਰੂ ਹੋਇਆ ਟੂਰ ਹੁਣ ਸ੍ਰੀਨਗਰ ਹੀ ਸਮਾਪਤ ਹੋਣ ਉਪਰੰਤ ਘਰ ਨੂੰ ਚਾਲੇ ਪੈ ਗਏ। ਜਹਾਜ਼ ਦੇ ਝੂਟੇ ਮਾਣਦੇ ਅਸੀਂ ਸ੍ਰੀਨਗਰ ਤੋਂ ਲੰਮਾ ਰੂਟ ਬਰਾਸਤਾ ਦਿੱਲੀ ਤੈਅ ਕਰਦਿਆਂ ਚੰਡੀਗੜ੍ਹ ਉੱਤਰੇ। ਜੰਨਤ ਦੀਆਂ ਯਾਦਾਂ ਲੈ ਕੇ ਘਰ ਮੁੜ ਆਏ।
ਸੰਪਰਕ: 94635-86655

Advertisement
Author Image

Advertisement
Advertisement
×