ਚੇਨੱਈ ਅਤੇ ਪੁਡੂਚੇਰੀ ਦੀ ਸੈਰ
ਡਾ. ਗੁਰਦੀਪ ਸਿੰਘ ਸੰਧੂ
ਸੈਰ ਸਫ਼ਰ
ਆਮ ਤੌਰ ’ਤੇ ਰਾਹ ਰਾਹੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਣ ਦਾ ਵਸੀਲਾ ਹੀ ਮੰਨੇ ਜਾਂਦੇ ਹਨ, ਪਰ ਕੁਝ ਰਾਹ ਮੰਜ਼ਿਲ ’ਤੇ ਪਹੁੰਚਣ ਉੱਤੇ ਪ੍ਰਾਪਤ ਹੋਣ ਵਾਲੇ ਰੋਮਾਂਚ ਅਤੇ ਆਨੰਦ ਤੋਂ ਵੀ ਵਧੇਰੇ ਆਨੰਦਮਈ ਹੁੰਦੇ ਹਨ। ਪਿਛਲੇ ਦਿਨੀਂ ਦੱਖਣੀ ਭਾਰਤ ਦੇ ਤਾਮਿਲਨਾਡੂ ਅਤੇ ਪੁਡੂਚੇਰੀ ਜਾਣ ਦਾ ਸਬੱਬ ਬਣਿਆ। ਚੰਡੀਗੜ੍ਹ ਤੋਂ ਚੇਨੱਈ ਤਕ ਦਾ ਸਫ਼ਰ ਹਵਾਈ ਜਹਾਜ਼ ਰਾਹੀਂ ਕੀਤਾ ਸੋ ਰਸਤੇ ਵਿੱਚ ਆਉਣ ਵਾਲੇ ਵੱਖ ਵੱਖ ਰਾਜਾਂ ਦੇ ਪ੍ਰਮੁੱਖ ਸ਼ਹਿਰਾਂ ਨੂੰ ਦੇਖਣ ਤੋਂ ਵਿਰਵਾ ਰਹਿਣਾ ਪਿਆ। ਹਵਾਈ ਸਫ਼ਰ ਦੀਆਂ ਜਿੱਥੇ ਆਪਣੀਆਂ ਸਹੂਲਤਾਂ ਤੇ ਰੋਮਾਂਚ ਹੈ ਉੱਥੇ ਇਸ ਦੀਆਂ ਸੀਮਾਵਾਂ ਵੀ ਹਨ। ਇਹ ਸਮਾਂ ਬਚਾਉਂਦਾ ਹੈ ਪਰ ਰਾਹ ਵਿੱਚ ਪ੍ਰਾਪਤ ਹੋਣ ਵਾਲੇ ਅਨੁਭਵਾਂ ਤੋਂ ਰਾਹੀ ਨੂੰ ਵਿਰਵਾ ਵੀ ਕਰ ਦਿੰਦਾ ਹੈ। ਚੇਨੱਈ ਨੇੜੇ ਪਹੁੰਚ ਜਿਉਂ ਹੀ ਜਹਾਜ਼ ਆਪਣੀ ਨਿਸ਼ਚਿਤ ਉਚਾਈ ਤੀਹ ਹਜ਼ਾਰ ਫੁੱਟ ਤੋਂ ਨੀਵਾਂ ਹੋਣਾ ਸ਼ੁਰੂ ਹੋਇਆ ਥੱਲੇ ਵਿਸ਼ਾਲ ਸਮੁੰਦਰ ਅਤੇ ਅਨੇਕਾਂ ਝੀਲਾਂ ਵਿੱਚ ਘਿਰਿਆ ਚੇਨੱਈ ਸ਼ਹਿਰ ਅਦਭੁੱਤ ਨਜ਼ਾਰਾ ਬਣ ਕੇ ਉੱਭਰਿਆ। ਮਰੀਨਾ ਬੀਚ ਕਿੰਨਾ ਲੰਮਾ ਅਤੇ ਨੱਕ ਦੀ ਸੇਧ ਸਿੱਧਾ ਹੈ, ਇਸ ਦ੍ਰਿਸ਼ ਦਾ ਅਹਿਸਾਸ ਅਤੇ ਆਨੰਦ ਹਵਾਈ ਜਹਾਜ਼ ਵਿੱਚੋਂ ਵੇਖਿਆਂ ਹੀ ਬਣਦਾ ਹੈ। ਪੂਰਾ ਸ਼ਹਿਰ ਪੂਰਨਮਾਸ਼ੀ ਅਤੇ ਮੱਸਿਆ ਦੇ ਵਿਚਕਾਰਲੇ ਸਮੇਂ ਦੇ ਚੰਨ ਦੀ ਅੱਧੀ ਟਿੱਕੀ ਵਾਂਗ ਨਜ਼ਰ ਆ ਰਿਹਾ ਸੀ। ਮਰੀਨਾ ਬੀਚ ਦੱਖਣੀ ਭਾਰਤ ਦੇ ਪ੍ਰਮੁੱਖ ਪ੍ਰਾਂਤ ਤਾਮਿਲਨਾਡੂ ਦੇ ਮਹਾਨਗਰ ਚੇਨੱਈ ਦਾ ਪ੍ਰਮੁੱਖ ਸਮੁੰਦਰੀ ਕਿਨਾਰਾ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਅਤੇ ਦੁਨੀਆਂ ਦਾ ਦੂਸਰਾ ਸਭ ਤੋਂ ਲੰਮਾ ਬੀਚ ਹੈ। ਬੰਗਾਲ ਦੀ ਖਾੜੀ ਦੇ ਕੰਢੇ ਵੱਸਿਆ ਚੇਨੱਈ ਸ਼ਹਿਰ ਮਰੀਨਾ ਬੀਚ ਦੀ ਖ਼ੂਬਸੂਰਤੀ ਅਤੇ ਵਿਸ਼ਾਲਤਾ ਲਈ ਵਿਸ਼ਵ ਪ੍ਰਸਿੱਧ ਹੈ। ਤੇਰਾਂ ਕਿਲੋਮੀਟਰ ਲੰਬਾਈ ਵਿੱਚ ਫੈਲੇ ਨੱਕ ਦੀ ਸੇਧ ਸਿੱਧੇ ਇਸ ਬੀਚ ਦਾ ਹਵਾਈ ਦ੍ਰਿਸ਼ ਬੇਹੱਦ ਖ਼ੂਬਸੂਰਤ ਹੈ। ਇਹ ਬੀਚ ਨਵੰਬਰ ਤੋਂ ਫਰਵਰੀ ਤੱਕ ਦੇ ਸਮੇਂ ਦਰਮਿਆਨ ਸੁਹਾਵਣੇ ਮੌਸਮ ਕਾਰਨ ਹੋਰ ਵੀ ਵਧੇਰੇ ਮਾਣਨਯੋਗ ਹੋ ਜਾਂਦਾ ਹੈ। ਇਸ ਬੀਚ ’ਤੇ ਸੈਲਾਨੀਆਂ ਦੀ ਵਧ ਰਹੀ ਆਮਦ ਇਸ ਦੀ ਪ੍ਰਕਿਰਤਕ ਖ਼ੂਬਸੂਰਤੀ ਨੂੰ ਉਨ੍ਹਾਂ ਦੁਆਰਾ ਪਾਏ ਜਾ ਰਹੇ ਗੰਦ ਅਤੇ ਫੈਲਾਏ ਜਾ ਰਹੇ ਕੂੜੇ ਨਾਲ ਨਸ਼ਟ ਕਰ ਰਹੀ ਹੈ। ਇਸ ਦਿਸ਼ਾ ਵਿੱਚ ਸੁਧਾਰ ਲਈ ਵਿਅਕਤੀਗਤ, ਸਮਾਜਿਕ ਅਤੇ ਪ੍ਰਸ਼ਾਸਨਿਕ ਯਤਨਾਂ ਦੀ ਵੱਡੀ ਲੋੜ ਹੈ।
ਚੇਨੱਈ ਤੋਂ ਪੁਡੂਚੇਰੀ ਤੱਕ ਦਾ ਸਫ਼ਰ ਕੇਵਲ ਤੇ ਕੇਵਲ ਸੜਕ ਰਸਤੇ ਹੀ ਤੈਅ ਕੀਤਾ ਜਾਣਾ ਚਾਹੀਦਾ ਹੈ ਭਾਵੇਂ ਬਾਕੀ ਬਦਲ ਵੀ ਮੌਜੂਦ ਹਨ। ਡੇਢ ਸੌ ਕਿਲੋਮੀਟਰ ਦਾ ਇਹ ਰਸਤਾ ਸੈਰ ਸਫ਼ਰ ਦੇ ਸ਼ੌਕੀਨ ਰਾਹੀਆਂ ਲਈ ਬੇਹੱਦ ਆਨੰਦਦਾਇਕ ਅਤੇ ਰੋਮਾਂਚ ਭਰਪੂਰ ਹੈ। ਚੇਨੱਈ ਤੋਂ ਬਾਹਰ ਨਿਕਲਦਿਆਂ ਹੀ ਸੜਕ ਵਿਸ਼ਾਲ ਸਮੁੰਦਰ ਦੇ ਕਿਨਾਰੇ ਨੱਕ ਦੀ ਸੇਧ ਹੋ ਤੁਰਦੀ ਹੈ। ਤੁਹਾਡੇ ਖੱਬੇ ਪਾਸੇ ਵਿਸ਼ਾਲ ਸਮੁੰਦਰ ਆਪਣੇ ਹੁਸਨ ਦੇ ਜਲਵੇ ਬਿਖੇਰਦਾ ਤੁਹਾਨੂੰ ਆਪਣੀ ਖ਼ੂਬਸੂਰਤੀ ਦਾ ਆਨੰਦ ਮਾਨਣ ਲਈ ਕਦੀ ਉੱਚੀਆਂ ਤੇ ਕਦੀ ਸਮਤਲ ਲਹਿਰਾਂ ਦੀਆਂ ਆਵਾਜ਼ਾਂ ਰਾਹੀਂ ਸੁਨੇਹਾ ਘੱਲਦਾ ਹੈ। ਕੁਦਰਤ ਦੀ ਸਾਦਗੀ, ਨਿਰਛਲਤਾ, ਅਥਾਹ ਸ਼ਕਤੀ, ਜੋਸ਼, ਤਾਜ਼ਗੀ ਦਾ ਸਬੂਤ ਸਮੁੰਦਰ ਆਪਣੇ ਜਲਵਿਆਂ ਰਾਹੀਂ ਸੜਕ ਤੋਂ ਲੰਘ ਰਹੇ ਸੈਲਾਨੀਆਂ ਨੂੰ ਵਾਰ ਵਾਰ ਰੁਕਣ ਲਈ ਮਜਬੂਰ ਕਰਦਾ ਹੈ। ਰਸਤੇ ਵਿੱਚ ਕਈ ਥਾਵਾਂ ’ਤੇ ਸਮੁੰਦਰ ਅਤੇ ਉਸ ਦੀਆਂ ਸਹਾਇਕ ਝੀਲਾਂ ਸੜਕ ਦੇ ਦੋਵੇਂ ਪਾਸੇ ਮੱਲ ਲੈਂਦੀਆਂ ਹਨ ਅਤੇ ਸੜਕ ਟਾਪੂ ਦਾ ਰੂਪ ਧਾਰ ਲੈਂਦੀ ਹੈ। ਅਜਿਹਾ ਮਨਮੋਹਕ ਦ੍ਰਿਸ਼ ਕੁਦਰਤ ਦੀ ਵਿਸ਼ਾਲਤਾ ਦਾ ਅਹਿਸਾਸ ਕਰਵਾਉਂਦਾ ਹੈ। ਸਮੁੰਦਰ ਦੀ ਗੰਭੀਰਤਾ, ਵਿਸ਼ਾਲਤਾ ਅਤੇ ਜੋਸ਼ੀਲਾ ਵੇਗ ਮਨੁੱਖ ਅੰਦਰੋਂ ਮਨੁੱਖ ਦੀ ਆਪੂੰ ਸਿਰਜੀ ਹਉਮੈ ਨੂੰ ਥਾਂ ਸਿਰ ਲੈ ਆਉਂਦਾ ਹੈ। ਇਸ ਰਸਤੇ ’ਤੇ ਨਮਕ ਪੈਦਾ ਕਰਦੀਆਂ ਝੀਲਾਂ ਅਤੇ ਨਮਕ ਦੇ ਦੁੱਧ ਚਿੱਟੇ ਢੇਰ (ਬੋਹਲ) ਪੰਜਾਬ ਦੀਆਂ ਮੰਡੀਆਂ ਵਿੱਚ ਪਏ ਝੋਨੇ ਅਤੇ ਕਣਕ ਦੇ ਢੇਰਾਂ ਦੀ ਯਾਦ ਦਿਵਾਉਂਦੇ ਹਨ।
ਪੂਰੇ ਰਸਤੇ ਸੜਕ ਦੇ ਦੋਵੇਂ ਪਾਸਿਆਂ ’ਤੇ ਨਾਰੀਅਲ ਅਤੇ ਤਾੜੀ ਦੇ ਦਰੱਖਤਾਂ ਨਾਲ ਲਹਿਲਹਾਉਂਦੇ ਖੇਤ ਆਪਣੀ ਖ਼ੂਬਸੂਰਤੀ ਦੀ ਮਿਸਾਲ ਆਪ ਹਨ। ਰਸਤੇ ਵਿੱਚ ਮਿਲਦਾ ਤਾਜ਼ਾ ਨਾਰੀਅਲ ਪਾਣੀ ਇਸ ਰਾਹ ਦੀ ਪੂਰੀ ਥਕਾਵਟ ਲਾਹ ਦਿੰਦਾ ਹੈ। ਤਾੜੀ (ਇੱਕ ਤਰ੍ਹਾਂ ਦੀ ਦੇਸੀ ਸ਼ਰਾਬ) ਦੇ ਸ਼ੌਕੀਨਾਂ ਲਈ ਰਸਤੇ ਵਿੱਚ ਅਨੇਕਾਂ ਥਾਵਾਂ ’ਤੇ ਸਥਾਨਕ ਲੋਕ ਤਾੜੀ ਫ਼ਲ ਸਜਾ ਕੇ ਬੈਠੇ ਮਿਲਦੇ ਹਨ ਜੋ ਮੁਸਾਫ਼ਿਰਾਂ ਨੂੰ ਤਾਜ਼ੀ ਤਾੜੀ ਪੀਣ ਲਈ ਪੇਸ਼ ਕਰਦੇ ਹਨ।
ਚੇਨੱਈ ਤੋਂ ਪੁਡੂਚੇਰੀ ਦੇ ਰਸਤੇ ਵਿੱਚ ਕੋਵਾਲਮ ਬੀਚ, ਦਕਸ਼ਨਾ ਚਿੱਤਰਾ ਹੈਰੀਟੇਜ ਵਿਲੇਜ ਅਤੇ ਕਰੋਕੋਡਾਈਲ ਪਾਰਕ ਆਦਿ ਵੇਖਣਯੋਗ ਥਾਵਾਂ ਹਨ। ਇਸੇ ਰਸਤੇ ’ਤੇ ਹਿੰਦੂ ਧਰਮ ਅੰਦਰ ਮੰਦਰਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਪ੍ਰਮੁੱਖ ਨਗਰ ਮਹਾਂਬਲੀਪੁਰਮ ਵੀ ਵੇਖਣਯੋਗ ਸਥਾਨ ਹੈ। ਉਂਜ ਤਾਂ ਇਸ ਸ਼ਹਿਰ ਅੰਦਰ ਅਨੇਕਾਂ ਸਥਾਨ ਸੈਲਾਨੀਆਂ ਲਈ ਵੇਖਣਯੋਗ ਹਨ ਪਰ ਪ੍ਰਮੁੱਖ ਰੂਪ ਵਿੱਚ ਕ੍ਰਿਸ਼ਨਾ ਬਟਰ ਬਾਲ, ਪੰਚ ਰੱਥ ਅਤੇ ਸ਼ੋਰ ਮੰਦਰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਵਧੇਰੇ ਬਣਦੇ ਹਨ।
ਸ਼ੋਰ ਮੰਦਰ ਮਹਾਂਬਲੀਪੁਰਮ ਦਾ ਪ੍ਰਮੁੱਖ ਸੈਲਾਨੀ ਕੇਂਦਰ ਹੈ। ਬੰਗਾਲ ਦੀ ਖਾੜੀ ਦੇ ਕੰਢੇ ਬਣਿਆ ਹੋਣ ਕਾਰਨ ਇਸ ਨੂੰ ਸ਼ੋਰ ਟੈਂਪਲ ਜਾਂ ਤਟੀ ਮੰਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਮੰਦਰ ਦਰਾਵੜੀ ਭਵਨ ਨਿਰਮਾਣ ਸ਼ੈਲੀ ਦਾ ਇੱਕ ਉੱਤਮ ਨਮੂਨਾ ਹੈ। ਇਸ ਖ਼ੂਬਸੂਰਤ ਮੰਦਰ ਦਾ ਨਿਰਮਾਣ ਅੱਠਵੀਂ ਸਦੀ ਵਿੱਚ ਪੱਲਵ ਰਾਜ ਘਰਾਣੇ ਦੇ ਰਾਜਾ ਨਰਸਿੰਘ ਵਰਮਨ ਨੇ ਕਰਵਾਇਆ ਸੀ। ਹਿੰਦੂ ਧਰਮ ਅੰਦਰ ਇਸ ਮੰਦਰ ਪ੍ਰਤੀ ਅਥਾਹ ਸ਼ਰਧਾ ਹੈ। ਸਮੁੰਦਰ ਵਿੱਚ ਆਈਆਂ ਅਨੇਕਾਂ ਸੁਨਾਮੀਆਂ ਨੇ ਕਈ ਵਾਰ ਇਸ ਮੰਦਰ ਨੂੰ ਪਾਣੀ ਵਿੱਚ ਡੋਬਿਆ ਪਰ ਇਹ ਮੰਦਰ ਸਦੀਆਂ ਤੋਂ ਆਪਣੀ ਜਗ੍ਹਾ ’ਤੇ ਅਟੱਲ ਖੜ੍ਹਾ ਹੈ। ਇਸ ਮੰਦਰ ਨੂੰ ਮਹਾਂਬਲੀਪੁਰਮ ਮੰਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਕ੍ਰਿਸ਼ਨਾਬਟਰ ਬਾਲ ਜਾਂ ਕ੍ਰਿਸ਼ਨ ਪੱਥਰ ਮਹਾਂਬਲੀਪੁਰਮ ਦਾ ਇੱਕ ਹੋਰ ਪ੍ਰਮੁੱਖ ਸੈਲਾਨੀ ਕੇਂਦਰ ਹੈ। ਇਹ ਵੀਹ ਮੀਟਰ ਉੱਚਾ ਤੇ ਪੰਜ ਮੀਟਰ ਚੌੜਾ ਪਹਾੜੀ ਚਟਾਨਾਂ ਦੇ ਆਕਾਰ ਦਾ ਵਿਸ਼ਾਲ ਪੱਥਰ ਹੈ ਜੋ ਗੋਲਾਈਦਾਰ ਆਕਾਰ ਵਾਲਾ ਹੈ। ਇਹ ਇੱਕ ਚਟਾਨ ਦੀ ਢਲਾਣ ਉੱਪਰ ਟਿਕਿਆ ਹੋਇਆ ਪੱਥਰ ਹੈ ਜਿਸ ਨੂੰ ਕ੍ਰਿਸ਼ਨ ਪੱਥਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੇ ਵੀ ਅਨੇਕਾਂ ਭੂਚਾਲਾਂ ਅਤੇ ਸੁਨਾਮੀਆਂ ਨੂੰ ਸਹਾਰਿਆ ਹੈ। ਸਥਾਨਕ ਲੋਕਾਂ ਦੇ ਦੱਸਣ ਅਨੁਸਾਰ ਸ਼ਹਿਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕਈ ਪੁਰਾਣੇ ਰਾਜਿਆਂ ਅਤੇ ਪ੍ਰਕਾਸ਼ਕਾਂ ਨੇ ਕਈ ਵਾਰ ਇਸ ਪੱਥਰ ਨੂੰ ਇਸ ਦੀ ਮੂਲ ਜਗ੍ਹਾ ਤੋਂ ਹਟਾੳਣ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਵੀ ਕੋਸ਼ਿਸ਼ ਕਾਮਯਾਬ ਨਹੀਂ ਹੋ ਸਕੀ। ਲੋਕ ਮਨਾਂ ਅੰਦਰ ਇਸ ਪੱਥਰ ਪ੍ਰਤੀ ਧਾਰਮਿਕ ਆਸਥਾ ਬਣ ਜਾਣ ਕਾਰਨ ਅਜੋਕੇ ਸਮੇਂ ਇਹ ਪ੍ਰਸਿੱਧ ਤੀਰਥ ਸਥਾਨ ਬਣ ਚੁੱਕਿਆ ਹੈ।
ਮਹਾਂਬਲੀਪੁਰਮ ਸ਼ਹਿਰ ਅੰਦਰ ਪਾਂਚ ਰੱਥ ਇੱਕ ਹੋਰ ਵੇਖਣ ਯੋਗ ਸਥਾਨ ਹੈ। ਇਸ ਸਮਾਰਕ ਬਾਰੇ ਪ੍ਰਾਪਤ ਸੂਚਨਾ ਅਨੁਸਾਰ ਇਨ੍ਹਾਂ ਨੂੰ ਪਲਵ ਰਾਜਵੰਸ਼ ਦੁਆਰਾ ਸੱਤਵੀਂ ਸਦੀ ਵਿੱਚ ਬਣਵਾਇਆ ਗਿਆ ਸੀ। ਇਹ ਪੰਜ ਸਮਾਰਕ ਪੰਜ ਪਾਂਡਵਾਂ ਦੀ ਯਾਦ ਵਿੱਚ ਬਣਵਾਏ ਗਏ ਹਨ। ਇਨ੍ਹਾਂ ਸਮਾਰਕਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਹਰ ਇੱਕ ਸਮਾਰਕ ਇੱਕ ਹੀ ਪੱਥਰ ਵਿੱਚੋਂ ਤਰਾਸ਼ਿਆ ਗਿਆ ਹੈ। ਪਾਂਡਵਾਂ ਦੇ ਨਾਲ ਨਾਲ ਦਰੋਪਤੀ ਦੀ ਯਾਦ ਵਿੱਚ ਵੀ ਇੱਕ ਸਮਾਰਕ ਵਿਸ਼ੇਸ਼ ਰੂਪ ਵਿੱਚ ਬਣਾਇਆ ਗਿਆ ਹੈ। ਇਹ ਸਮਾਰਕ ਦੱਖਣੀ ਭਾਰਤ ਦੀ ਭਵਨ ਨਿਰਮਾਣ ਕਲਾ ਅਤੇ ਸ਼ਿਲਪਕਾਰੀ ਦਾ ਉੱਤਮ ਸੁਮੇਲ ਹਨ।
ਮਹਾਂਬਲੀਪੁਰਮ ਘੁੰਮਣ ਤੋਂ ਬਾਅਦ ਅਸੀਂ ਆਪਣੇ ਅਗਲੇ ਪੜਾਅ ਪੁਡੂਚੇਰੀ ਵੱਲ ਵਧਦੇ ਹਾਂ। ਪੁਡੂਚੇਰੀ ਭਾਰਤ ਦੇ ਦੱਖਣ ਪੂਰਬੀ ਕਿਨਾਰੇ ਵਸਿਆ ਸ਼ਹਿਰ ਹੈ ਜੋ ਪੁਡੂਚੇਰੀ ਯੂਨੀਅਨ ਟੈਰੇਟਰੀ ਦੀ ਰਾਜਧਾਨੀ ਹੈ। ਇਹ ਸ਼ਹਿਰ ਇੱਕ ਪਾਸੇ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ ਅਤੇ ਬਾਕੀ ਦਿਸ਼ਾਵਾਂ ਤੋਂ ਤਾਮਿਲਨਾਡੂ ਪ੍ਰਾਂਤ ਨਾਲ ਜੁੜਦਾ ਹੈ। ਇਹ ਖ਼ੂਬਸੂਰਤ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਸ਼ਹਿਰ ਹੈ। ਪੁਡੂਚੇਰੀ ਖ਼ੂਬਸੂਰਤ ਸਮੁੰਦਰੀ ਬੀਚਾਂ ਦੇ ਸ਼ਹਿਰ ਵਜੋਂ ਜਾਣੇ ਜਾਣ ਦੇ ਨਾਲ ਨਾਲ ਆਪਣੀ ਵਿਸ਼ੇਸ਼ ਇਤਿਹਾਸਕ ਤੇ ਸੱਭਿਆਚਾਰਕ ਵਿਰਾਸਤ ਕਰਕੇ ਵੀ ਜਾਣਿਆ ਜਾਂਦਾ ਹੈ। ਇਹ ਖੇਤਰ ਕੇਂਦਰੀ ਸ਼ਾਸਤ ਪ੍ਰਦੇਸ਼ ਹੋਣ ਦੇ ਬਾਵਜੂਦ ਲਿਟਲ ਫਰਾਂਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ ਜਿਸ ਦਾ ਕਾਰਨ ਇੱਥੇ ਸਥਾਪਤ ਫਰੈਂਚ ਕਲੋਨੀ ਹੈ। ਫਰੈਂਚ ਕਲੋਨੀ ਸ਼ਹਿਰ ਦੇ ਸਮੁੰਦਰੀ ਕਿਨਾਰੇ ’ਤੇ ਬਣੀ ਵਿਰਾਸਤੀ ਮਹੱਤਵ ਵਾਲੀ ਕਲੋਨੀ ਹੈ। ਇਹ ਫਰਾਂਸੀਸੀ ਭਵਨ ਸ਼ੈਲੀ ਅਤੇ ਸੱਭਿਆਚਾਰ ਦੀ ਦਿੱਖ ਨੂੰ ਉਭਾਰਦੀ ਹੈ। ਪੁਡੂਚੇਰੀ ਦੀ ਉਸਾਰੀ ਅਤੇ ਨਿਰਮਾਣ ਵਿੱਚ ਫਰਾਂਸੀਸੀ ਕੌਮ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਹ ਸਥਾਨ ਸ਼ੇਰ ਖ਼ਾਨ ਲੋਧੀ ਵੱਲੋਂ ਫਰਾਂਸੀਸੀਆਂ ਨੂੰ ਦਿੱਤਾ ਗਿਆ ਸੀ। ਸ਼ੇਰ ਖਾਨ ਨੇ ਇਹ ਜਗ੍ਹਾ ਫਰਾਂਸੀਸੀਆਂ ਨੂੰ ਕੱਪੜਾ ਸਨਅਤ ਅਤੇ ਵਪਾਰ ਵਿਕਸਿਤ ਕਰਨ ਲਈ ਦਿੱਤਾ ਸੀ। ਮੁੱਢਲੇ ਤੌਰ ’ਤੇ ਇਹ ਜਗ੍ਹਾ ਚੌਵੀ ਮਹੀਨਿਆਂ ਲਈ ਪਟੇ ’ਤੇ ਦਿੱਤੀ ਗਈ ਸੀ ਜਿਸ ਨੂੰ ਫਰਾਂਸੀਸੀਆਂ ਨੇ ਲੰਮੇ ਸਮੇਂ ਲਈ ਵਧਾਉਂਦਿਆਂ ਇੱਥੇ ਆਪਣੀ ਪੱਕੀ ਕਲੋਨੀ ਵਿਕਸਤ ਕਰ ਲਈ ਜੋ ਉਨੀ ਸੌ ਚਰਵੰਜਾ ਵਿੱਚ ਭਾਰਤ ਸਰਕਾਰ ਵੱਲੋਂ ਮੁਕੰਮਲ ਤੌਰ ’ਤੇ ਆਪਣੇ ਅਧੀਨ ਲੈ ਲਈ ਗਈ ਅਤੇ ਫਰਾਂਸੀਸੀ ਲੋਕਾਂ ਨੂੰ ਇੱਥੋਂ ਆਪਣੇ ਦੇਸ਼ ਵਾਪਸ ਜਾਣ ਲਈ ਕਹਿ ਦਿੱਤਾ ਗਿਆ। ਮੌਜੂਦਾ ਸਮੇਂ ਵੀ ਇਹ ਕਲੋਨੀ ਆਪਣੀ ਨਿਵੇਕਲੀ ਦਿੱਖ ਨਾਲ ਮੌਜੂਦ ਹੈ ਪਰ ਵਰਤਮਾਨ ਸਰਕਾਰ ਦੁਆਰਾ ਕਲੋਨੀ ਨੂੰ ਢਾਹ ਕੇ ਕੁਝ ਨਵਾਂ ਬਣਾਉਣ ਦੀਆਂ ਕਨਸੋਆਂ ਇੱਥੇ ਵਿਚਰਦਿਆਂ ਸਥਾਨਕ ਲੋਕਾਂ ਤੋਂ ਸੁਣਨ ਨੂੰ ਮਿਲੀਆਂ ਜੋ ਚੰਗਾ ਨਹੀਂ ਲੱਗਿਆ। ਪੁਰਾਣੀਆਂ ਇਮਾਰਤਾਂ ਆਪਣੇ ਵਿਰਾਸਤੀ ਰੂਪ ਵਿੱਚ ਕਾਇਮ ਰਹਿਣੀਆਂ ਚਾਹੀਦੀਆਂ ਹਨ। ਇਸ ਕਲੋਨੀ ਨੂੰ ਇਸ ਦੇ ਅਸਲੀ ਵਜੂਦ ਵਿੱਚ ਕਾਇਮ ਰੱਖਿਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਜਾ ਸਕਦਾ ਹੈ ਕਿ ਬਾਹਰੀ ਹਮਲਾਵਰ ਧਾੜਵੀ ਹਾਕਮ ਕੋਈ ਵੀ ਹੋਵੇ ਆਖ਼ਰਕਾਰ ਉਸ ਨੂੰ ਜਾਣਾ ਹੀ ਪੈਂਦਾ ਹੈ ਅਤੇ ਸਥਾਨਕ ਲੋਕਾਂ ਦੀ ਜਿੱਤ ਹੋਣੀ ਹੀ ਹੁੰਦੀ ਹੈ। ਮੇਰੀ ਸਮਝ ਵਿੱਚ ਅਜਿਹੇ ਮਾਮਲਿਆਂ ਵਿੱਚ ਅਜਿਹੀ ਪਹੁੰਚ ਅਪਨਾਉਣੀ ਵਧੇਰੇ ਉਚਿਤ ਹੁੰਦੀ ਹੈ।
ਪੁਡੂਚੇਰੀ ਦੀ ਯਾਤਰਾ ਔਰਬਿੰਦੋ ਆਸ਼ਰਮ ਦੇਖੇ ਬਿਨਾਂ ਸੰਪੂਰਨ ਨਹੀਂ ਮੰਨੀ ਜਾ ਸਕਦੀ। ਇਹ ਆਸ਼ਰਮ ਪੁਡੂਚੇਰੀ ਦਾ ਪ੍ਰਮੁੱਖ ਅਧਿਆਤਮਕ ਕੇਂਦਰ ਹੈ ਜਿਸ ਦੀ ਸਥਾਪਨਾ ਉਨੀ ਸੌ ਛੱਬੀ ਵਿੱਚ ਸ੍ਰੀ ਔਰਬਿੰਦੋ ਨੇ ਕੀਤੀ ਸੀ। ਇਹ ਆਸ਼ਰਮ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਵਰਤਮਾਨ ਸਮੇਂ ਚਾਰ ਸੌ ਤੋਂ ਵੀ ਵੱਧ ਘਰਾਂ ਦਾ ਸਮੂਹ ਬਣ ਚੁੱਕਿਆ ਹੈ। ਇਨ੍ਹਾਂ ਘਰਾਂ ਦੇ ਸਮੂਹ ਵਿਚਾਲੇ ਸਥਿਤ ਮੁੱਖ ਬਲਾਕ ਨੂੰ ਆਸ਼ਰਮ ਦਾ ਮੁੱਖ ਭਵਨ ਕਿਹਾ ਜਾਂਦਾ ਹੈ। ਇਹ ਆਸ਼ਰਮ ਦੁਨੀਆਂ ਭਰ ਦੇ ਅਧਿਆਤਮਕ ਜਗਿਆਸੂਆਂ ਦੇ ਆਕਰਸ਼ਣ ਦਾ ਕੇਂਦਰ ਹੈ। ਹਰ ਸਾਲ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਦੇਸੀ ਵਿਦੇਸ਼ੀ ਸੈਲਾਨੀ ਆਉਂਦੇ ਹਨ। ਇਹ ਆਸ਼ਰਮ ਸਵੇਰੇ 8 ਵਜੇ ਤੋਂ 12 ਵਜੇ ਤੱਕ ਅਤੇ ਸ਼ਾਮ ਨੂੰ 2 ਤੋਂ 6 ਵਜੇ ਤੱਕ ਖੁੱਲ੍ਹਦਾ ਹੈ। ਇਸ ਆਸ਼ਰਮ ਨੂੰ ਸ੍ਰੀ ਅਰਬਿੰਦੋ ਟਰੱਸਟ ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਆਸ਼ਰਮ ਵਿੱਚ ਇੱਕ ਵਿਸ਼ਾਲ ਲਾਇਬਰੇਰੀ, ਆਰਟ ਗੈਲਰੀ, ਖੁੱਲ੍ਹੇ ਹਰੇ ਭਰੇ ਮੈਦਾਨ ਅਤੇ ਸੁੰਦਰ ਬਗੀਚੇ ਮੌਜੂਦ ਹਨ।
ਪੁਡੂਚੇਰੀ ਯਾਤਰਾ ਦੌਰਾਨ ਉਪਰੋਕਤ ਦਰਸਾਏ ਪ੍ਰਮੁੱਖ ਸੈਲਾਨੀ ਕੇਂਦਰਾਂ ਤੋਂ ਬਿਨਾਂ ਪੁਡੂਚੇਰੀ ਮਿਊਜ਼ੀਅਮ, ਰੌਕ ਬੀਚ, ਫਰੈਂਚ ਵਾਰ ਮੈਮੋਰੀਅਲ ਆਦਿ ਸਥਾਨ ਵੀ ਵੇਖਣਯੋਗ ਹਨ। ਇਸ ਸਥਾਨ ’ਤੇ ਵਿਚਰਦਿਆਂ ਫਰਾਂਸੀਸੀ ਅਤੇ ਬ੍ਰਿਟਿਸ਼ ਕਾਲ ਦੀਆਂ ਸੱਭਿਆਚਾਰਕ, ਇਤਿਹਾਸਕ ਅਤੇ ਪ੍ਰਸ਼ਾਸਨਿਕ ਝਲਕਾਂ ਸੈਲਾਨੀ ਦੇ ਚੇਤਿਆਂ ਅੰਦਰ ਉੱਭਰ ਆਉਂਦੀਆਂ ਹਨ। ਅੱਜ ਵੀ ਇਸ ਸ਼ਹਿਰ ਦੇ ਸੱਭਿਆਚਾਰ ਅਤੇ ਰਹਿਣ ਸਹਿਣ ਵਿੱਚੋਂ ਪੁਰਾਣੀਆਂ ਝਲਕਾਂ ਦੇਖਣ ਨੂੰ ਮਿਲਦੀਆਂ ਹਨ। ਦੱਖਣੀ ਭਾਰਤ ਦੀਆਂ ਇੰਨਾ ਕੁਝ ਥਾਵਾਂ ਉੱਪਰ ਵਿਚਰਦਿਆਂ ਸਮੁੰਦਰ ਦੀ ਖ਼ੂਬਸੂਰਤੀ, ਪ੍ਰਕਿਰਤੀ ਦੇ ਖ਼ੂਬਸੂਰਤ ਨਜ਼ਾਰੇ ਅਤੇ ਉੱਤਰੀ ਭਾਰਤ ਨਾਲੋਂ ਅਸਲੋਂ ਵੱਖਰੇ ਸੱਭਿਆਚਾਰ ਨੂੰ ਜਿਊਂਦੇ ਲੋਕਾਂ ਨੂੰ ਨੇੜਿਉਂ ਦੇਖਦਿਆਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਸੰਪਰਕ: 94173-75266