ਕੁੱਲ ਹਿੰਦ ਕਿਸਾਨ ਸਭਾ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 13 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਨੇ ਪਿੰਡ ਝੜੌਦੀ ਵਿੱਚ ਪ੍ਰਧਾਨ ਨਿੱਕਾ ਸਿੰਘ ਖੇੜਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਧਾਨ ਨਿੱਕਾ ਸਿੰਘ ਖੇੜਾ ਨੇ ਦੱਸਿਆ ਕਿ ਕਿਸਾਨਾਂ ਦੀ ਫਸਲ ਅੱਜ ਸੜਕਾਂ ’ਤੇ ਰੁਲ ਰਹੀ ਜਿਸ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਵੱਲੋਂ ਸੂਬੇ ਅੰਦਰ 12 ਤੋਂ 3 ਵਜੇ ਤੱਕ ਸੜਕੀ ਆਵਾਜਾਈ ਬੰਦ ਕਰਕੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਝੋਨੇ ਦੀ ਖਰੀਦ ’ਚ ਨਾਕਾਮਯਾਬ ਸਾਬਿਤ ਹੋ ਰਹੀ ਹੈ ਜਿਸ ਕਾਰਨ ਆੜ੍ਹਤੀਆਂ ਤੇ ਮਜ਼ਦੂਰਾਂ ਵਿੱਚ ਵੀ ਭਾਰੀ ਮਾਯੂਸੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਝੋਨੇ ਦੀ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਪਰ ਮੰਡੀਆਂ ’ਚ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਝੋਨੇ ਦੀ ਲਿਫਟਿੰਗ ਅਤੇ ਅਦਾਇਗੀ ਸਮੇਂ ਸਿਰ ਨਾ ਕੀਤੀ ਗਈ ਤਾਂ ਕੁੱਲ ਹਿੰਦ ਕਿਸਾਨ ਸਭਾ ਵਲੋਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹਰਦੇਵ ਸਿੰਘ ਬਾਗ, ਪ੍ਰਕਾਸ਼ ਸਿੰਘ ਉਧੋਵਾਲ, ਬਲਜੀਤ ਸਿੰਘ ਜੁਲਫ਼ਗੜ੍ਹ, ਸੁੱਚਾ ਸਿੰਘ ਲੱਖੋਵਾਲ, ਭਾਗ ਸਿੰਘ ਜੱਸੋਵਾਲ, ਅਮਨਿੰਦਰ ਸਿੰਘ ਪੰਜੇਟਾ, ਨਿੱਕੂ ਸੈਂਸੋਵਾਲ, ਕੁਲਵਿੰਦਰ ਸਿੰਘ ਰਹੀਮਾਬਾਦ, ਰਣਜੀਤ ਸਿੰਘ ਝੜੌਦੀ, ਛਿੰਦਰਪਾਲ ਸਿੰਘ ਝੜੌਦੀ, ਪਾਲ ਸਿੰਘ, ਅਨਮੋਲ ਸਿੰਘ, ਮੰਗਤ ਸਿੰਘ ਮਾਛੀਵਾੜਾ, ਬਲਕਾਰ ਸਿੰਘ, ਬੇਅੰਤ ਸਿੰਘ, ਹਰਪ੍ਰੀਤ ਸਿੰਘ, ਰਵਿੰਦਰ ਕੁਮਾਰ, ਮਨਿੰਦਰ ਸਿੰਘ, ਚੱਤਰ ਸਿੰਘ, ਪ੍ਰਿੰਸ ਖੇੜਾ ਮੌਜੂਦ ਸਨ।